ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਅਮਰ ਗਰਗ ਕਲਮਦਾਨ ਅਤੇ ਪ੍ਰਿੰਸੀਪਲ ਪ੍ਰੇਮਲਤਾ ਦੀਆਂ ਪੁਸਤਕਾਂ ਉਪਰ ਗੋਸ਼ਟੀ

Punjabi Sahitya Sabha sachkahoon

ਸਾਹਿਤ ਸਮਾਜ ਵਿਚ ਜਾਗ੍ਰਤੀ ਦੀ ਲਹਿਰ ਪੈਦਾ ਕਰਦਾ ਹੈ -ਡਾ. ਦਰਸ਼ਨ ਸਿੰਘ ‘ਆਸ਼ਟ’

(ਨਰਿੰਦਰ ਸਿੰਘ ਬਠੋਈ) ਪਟਿਆਲਾ। ਅੱਜ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਉਘੇ ਨਾਵਲਕਾਰ ਪਰਗਟ ਸਿੰਘ ਸਿੱਧੂ ਅਤੇ ਪ੍ਰਸਿੱਧ ਚਿੰਤਕ ਸਰਕਾਰੀ ਕਾਲਜ ਤਲਵਾੜਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਪ੍ਰੋ. ਸੁਰਿੰਦਰਪਾਲ ਸਿੰਘ ਮੰਡ ਅਤੇ ਕਹਾਣੀਕਾਰ ਬਾਬੂ ਸਿੰਘ ਰੈਹਲ ਸ਼ਾਮਿਲ ਹੋਏ। ਇਸ ਸਮਾਗਮ ਵਿਚ ਅਮਰ ਗਰਗ ਕਲਮਦਾਨ (ਧੂਰੀ) ਦੀਆਂ ਦੋ ਪੁਸਤਕਾਂ ਸੀਤੋ ਫੌਜਣ (ਕਹਾਣੀ ਸੰਗ੍ਰਹਿ),ਸੀਤੋ ਫੌਜਣ (ਨਾਵਲ) ਅਤੇ ਪ੍ਰਿੰਸੀਪਲ ਪ੍ਰੇਮਲਤਾ ਦੀ ਪੁਸਤਕ ਸਰਘੀ ਵੇਲਾ’ ਉਪਰ ਭਰਵੀਂ ਗੋਸ਼ਟੀ ਕਰਵਾਈ ਗਈ।

ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ਆਸ਼ਟ ਨੇ ਵੱਡੀ ਗਿਣਤੀ ਵਿਚ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਸਾਹਿਤ ਦੇ ਪ੍ਰਚਾਰ ਪ੍ਰਸਾਰ ਰਾਹੀਂ ਸਮਾਜਕ ਚੇਤਨਾ ਦਾ ਪ੍ਰਸਾਰ ਕਰਕੇ ਨਵੀਂ ਪੀੜ੍ਹੀ ਦੇ ਮਨ ਵਿਚ ਮਾਤ ਭਾਸ਼ਾ ਪ੍ਰਤੀ ਸਨੇਹ ਜਗਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਭਾ ਆਉਣ ਵਾਲੇ ਸਮੇਂ ਵਿਚ ਕੁਝ ਵਿਸ਼ੇਸ਼ ਸਮਾਗਮ ਕਰਵਾ ਰਹੀ ਹੈ ਜਿਸ ਵਿਚ ਪੰਜਾਬ ਭਰ ਦੇ ਸਾਹਿਤਕਾਰਾਂ ਨੂੰ ਸੱਦਾ ਦਿੱਤਾ ਜਾਵੇਗਾ।

ਅਮਰ ਗਰਗ ਕਲਮਦਾਨ ਦੀ ਪੁਸਤਕ ਸੀਤੋ ਫੌਜਣ’ ਪੁਸਤਕ ਉਪਰ ਮੁੱਖ ਪੇਪਰ ਪੇਸ਼ ਕਰਦਿਆਂ ਡਾ. ਸੁਰਿੰਦਰਪਾਲ ਸਿੰਘ ਮੰਡ ਨੇ ਕਿਹਾ ਕਿ ਗਰਗ ਦੇ ਜੀਵਨ ਨੂੰ ਉਸ ਨੇ ਨੇੜਿਉਂ ਤੱਕਿਆ ਹੈ ਅਤੇ ਉਸਦੀ ਲੇਖਣੀ ਦਿਲ ਦੇ ਵਧੇਰੇ ਕਰੀਬ ਹੈ। ਪਰਗਟ ਸਿੰਘ ਸਿੱਧੂ ਨੇ ਸ੍ਰੀ ਗਰਗ ਅਤੇ ਪਿ੍ਰੰਸੀਪਲ ਪ੍ਰੇਮਲਤਾ ਦੀਆਂ ਪੁਸਤਕਾਂ ਬਾਰੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਅਨੁਭਵ ਵਿਚੋਂ ਨਿਕਲੀ ਰਚਨਾ ਲੰਮਾ ਸਮਾਂ ਜਿਉਂਦੀ ਰਹਿਣ ਦੀ ਸਮਰੱਥਾ ਰੱਖਦੀ ਹੈ। ਇਨ੍ਹਾਂ ਪੁਸਤਕਾਂ ਦੇ ਵੱਖ ਵੱਖ ਪੱਖਾਂ ਉਪਰ ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰੋਫੈਸਰ ਡਾ. ਹਰਵਿੰਦਰ ਕੌਰ,ਕੁਲਦੀਪ ਕੌਰ ਭੁੱਲਰ, ਡਾ. ਪੂਨਮ ਗੁਪਤ, ਡਾ. ਰਾਕੇਸ਼ ਸ਼ਰਮਾ,ਡਾ.ਯੋਗੇਸ਼ ਸ਼ਰਮਾ ਅਤੇ ਜਸਵੰਤ ਸਿੰਘ ਪੂਨੀਆ ਨੇ ਵਿਸ਼ੇਸ਼ ਚਰਚਾ ਕੀਤੀ।

ਇਸ ਸਮਾਗਮ ਵਿਚ ਦਵਿੰਦਰ ਪਟਿਆਲਵੀ,ਗਾਇਕ ਰਾਜੇਸ਼ ਪੰਚੋਲੀ, ਅਸ਼ਰਫ਼ ਮਹਿਮੂਦ ਨੰਦਨ,ਖ਼ੁਸ਼ਪ੍ਰੀਤ ਸਿੰਘ,ਦੇਸ ਰਾਜ ਵਰਮਾ,ਡਾ. ਹਰਪ੍ਰੀਤ ਸਿੰਘ ਰਾਣਾ,ਸਜਨੀ ਬੱਤਾ, ਹਰਮਿੰਦਰ ਸਿੰਘ,ਦਰਸ਼ਨ ਸਿੰਘ ਗੋਪਾਲਪੁਰੀ,ਗੁਰਭੇਜ਼ ਸਿੰਘ ਬੜੈਚ,ਸੁਰਵਿੰਦਰ ਸਿੰਘ ਛਾਬੜਾ,ਜ਼ੋਗਾ ਸਿੰਘ,ਗੁਰਿੰਦਰ ਸਿੰਘ ਪੰਜਾਬੀ,ਜ਼ਸਵਿੰਦਰ ਕੁਮਾਰ,ਅਵਤਾਰ ਸਿੰਘ ਬਾਬਾ ਅਤੇ ਅਮਰਜੀਤ ਕੌਰ ਆਸ਼ਟਾ,ਜਸਵਿੰਦਰ ਸਿੰਘ, ਬਾਬੂ ਸਿੰਘ ਅਤੇ ਹਰਜਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ। ਮੰਚ ਸੰਚਾਲਨ ਜਨਰਲ ਸਕੱਤਰ ਵਿਜੇਤਾ ਭਾਰਦਵਾਜ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ। ਅੰਤ ਵਿਚ ਕੁਝ ਸਾਹਿਤਕਾਰਾਂ ਦਾ ਲੋਈਆਂ ਅਤੇ ਫੁਲਕਾਰੀਆਂ ਨਾਲ ਸਨਮਾਨ ਵੀ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ