ਹਰੀਸ਼ ਸਿੰਗਲਾ ਨੂੰ ਵੀ ਵੱਖਰੇ ਮਾਮਲੇ ਵਿੱਚ ਕੀਤਾ ਪੇਸ਼, ਚਾਰ ਦਿਨਾਂ ਪੁਲਿਸ ਰਿਮਾਂਡ ਤੇ ਭੇਜਿਆ
- ਪੁਲਿਸ ਵੱਲੋਂ ਅਜੇ ਵੀ ਕਈਆਂ ਦੀ ਗ੍ਰਿਫਤਾਰੀ ਬਾਕੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਵਿਖੇ ਵਾਪਰੀ ਹਿੰਸਕ ਘਟਨਾ ਵਿੱਚ ਮਾਸਟਰ ਮਾਈਡ ਵਜੋਂ ਐਲਾਨੇ ਮੁੱਖ ਮੁਲਜ਼ਮ ਬਰਜਿੰਦਰ ਪਰਵਾਨਾ (Barjinder Parwana) ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਪੁਲਿਸ ਵੱਲੋਂ ਅੱਜ ਅਦਾਲਤ ਵਿੱਚ ਪੇਸ ਕੀਤਾ ਗਿਆ, ਜਿੱਥੇ ਕਿ ਅਦਾਲਤ ਨੇ ਮੁੜ 4 ਦਿਨਾਂ ਰਿਮਾਂਡ ਤੇ ਭੇਜ ਦਿੱਤਾ ਹੈ। ਅਦਾਲਤ ਵਿੱਚ ਪੇਸ਼ ਕਰਨ ਮੌਕੇ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਇੱਧਰ ਹਿੰਦੂ ਆਗੂ ਹਰੀਸ਼ ਸਿੰਗਲਾ ਨੂੰ ਇੱਕ ਵੱਖਰੇ ਕੇਸ ਵਿੱਚ ਜੇਲ੍ਹ ਚੋਂ ਪ੍ਰੋਡੰਕਸ਼ਨ ਵਾਰੰਟ ਤੇ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਕਿ ਅਦਾਲਤ ਨੇ ਉਸ ਨੂੰ ਵੀ ਚਾਰ ਦਿਨਾਂ ਰਿਮਾਂਡ ਤੇ ਭੇਜ ਦਿੱਤਾ ਹੈ।
ਹਿੰਸਕ ਘਟਨਾ ਦਾ ਮਾਸਟਰਮਾਈਡ ਹੈ ਬਰਜਿੰਦਰ ਸਿੰਘ ਪਰਵਾਨਾ
ਦੱਸਣਯੋਗ ਹੈ ਕਿ ਪਟਿਆਲਾ ਵਿਖੇ 29 ਅਪਰੈਲ ਨੂੰ ਹਿੰਸਕ ਘਟਨਾਵਾਂ ਵਾਪਰੀਆਂ ਸਨ, ਜਿਸ ਵਿੱਚ ਪੁਲਿਸ ਵੱਲੋਂ ਮਾਸਟਰਮਾਈਡ ਵਜੋਂ ਬਰਜਿੰਦਰ ਸਿੰਘ ਪਰਵਾਨਾ ਨੂੰ ਗਰਦਾਨਿਆ ਗਿਆ ਸੀ। ਬਰਜਿੰਦਰ ਪਰਵਾਨਾ ਦਾ ਅੱਜ ਚਾਰ ਦਿਨਾਂ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਵੱਲੋਂ ਪਰਵਾਨਾ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਅਦਾਲਤ ਤੋਂ ਪਰਵਾਨਾ ਦਾ ਇਹ ਕਹਿ ਕੇ ਮੁੜ ਰਿਮਾਂਡ ਮੰਗਿਆ ਕਿ ਇਸ ਮਾਮਲੇ ਵਿੱਚ ਸ਼ਾਮਲ ਅਜੇ ਹੋਰ ਮੁਲਜ਼ਮਾਂ ਬਾਰੇ ਪੁੱਛਗਿੱਛ ਬਾਕੀ ਹੈ, ਇਸ ਲਈ ਹੋਰ ਰਿਮਾਂਡ ਦਿੱਤਾ ਜਾਵੇ।
ਪੁਲਿਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆ ਮਾਣਯੋਗ ਅਦਾਲਤ ਨੇ ਪਰਵਾਨਾ ਨੂੰ 9 ਮਈ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਪੁਲਿਸ ਇਸ ਰਿਮਾਂਡ ਦੌਰਾਨ ਇਸ ਕੇਸ ਨਾਲ ਜੁੜੇ ਹੋਰ ਮੁਲਜ਼ਮਾਂ ਤੱਕ ਵੀ ਪਹੁਚ ਸਕਦੀ ਹੈ। ਇਸ ਤੋਂ ਇਲਾਵਾ ਚਾਰ ਹੋਰ ਮੁਲਜ਼ਮਾਂ ਨੂੰ ਅਦਾਲਤ ਨੇ ਰਿਮਾਂਡ ਖਤਮ ਹੋਣ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ। ਇੱਧਰ ਨਿਆਇਕ ਹਿਰਾਸਤ ਵਿੱਚ ਭੇਜੇ ਹਿੰਦੂ ਆਗੂ ਹਰੀਸ਼ ਸਿੰਗਲਾ ਨੂੰ ਵੀ ਪੁਲਿਸ ਵੱਲੋਂ ਜੇਲ੍ਹ ਚੋਂ ਧਾਰਾ 307 ਦੇ ਨਵੇਂ ਕੇਸ ਵਿੱਚ ਪ੍ਰੋਡੰਕਸ਼ਨ ਵਾਰੰਟ ਤੇ ਲਿਆ ਕੇ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਸਿੰਗਲਾ ਦੇ ਰਿਮਾਂਡ ਦੀ ਮੰਗ ਕੀਤੀ ਗਈ , ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਵੀ ਚਾਰ ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ।
ਪੁਲਿਸ ਵੱਲੋਂ ਪਟਿਆਲਾ ਹਿੰਸਕ ਘਟਨਾਵਾਂ ਵਿੱਚ 6 ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਹੁਣ ਤੱਕ 9 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਜਾ ਚੁਕਾ ਹੈ। ਇਸ ਤੋਂ ਇਲਾਵਾ ਇਨ੍ਹਾਂ ਘਟਨਾਵਾਂ ਵਿੱਚ ਅਜੇ ਕਈ ਹੋਰ ਦੀ ਗਿ੍ਰਫ਼ਤਾਰੀ ਹੋਣੀ ਬਾਕੀ ਹੈ। ਇੱਧਰ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਵੀ ਪਛਾਣ ਕਰ ਲਈ ਗਈ ਹੈ, ਪਰ ਅਜੇ ਉਸ ਬਾਰੇ ਡਿਸਕਲੋਜ ਨਹੀਂ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ