ਜਾਖੜ ਤੋਂ ਬਾਅਦ ਹੁਣ ਨਵਜੋਤ ਸਿੱਧੂ ਦੀ ਵਾਰੀ, ਕਾਂਗਰਸ ਕਰੇਗੀ ਅਨੁਸ਼ਾਸਨੀ ਕਾਰਵਾਈ, ਹਾਈ ਕੋਲ ਪੁੱਜੀ ਸ਼ਿਕਾਇਤ
- ਪੰਜਾਬ ਕਾਂਗਰਸ ਪ੍ਰਭਾਰੀ ਹਰੀਸ਼ ਚੌਧਰੀ ਨੇ ਲਿਖਿਆ ਸੋਨੀਆ ਗਾਂਧੀ ਨੂੰ ਸ਼ਿਕਾਇਤ ਪੱਤਰ
(ਅਸ਼ਵਨੀ ਚਾਵਲਾ) ਚੰਡੀਗੜ। ਸੁਨੀਲ ਜਾਖੜ ਤੋਂ ਬਾਅਦ ਹੁਣ ਕਾਂਗਰਸ ਹਾਈ ਕਮਾਨ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਨਵਜੋਤ ਸਿੱਧੂ ਦੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਲਈ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਚੌਧਰੀ ਵਲੋਂ ਸੋਨੀਆ ਗਾਂਧੀ ਨੂੰ ਪੱਤਰ ਲਿਖਦੇ ਹੋਏ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਿਸ ਤੋਂ ਬਾਅਦ ਸੋਨੀਆ ਗਾਂਧੀ ਵਲੋਂ ਇਸ ਪੱਤਰ ’ਤੇ ਕਾਰਵਾਈ ਕਰਨ ਸਬੰਧੀ ਸੰਗਠਨ ਜਰਨਲ ਸਕੱਤਰ ਕੇ.ਸੀ. ਵੇਣੂਗੋਪਾਲ ਨੂੰ ਸੱਦ ਕੇ ਕਹਿ ਦਿੱਤਾ ਹੈ।
ਨਵਜੋਤ ਸਿੱਧੂ ਦੇ ਖ਼ਿਲਾਫ਼ ਪਿਛਲੇ ਕਾਫ਼ੀ ਦਿਨਾਂ ਤੋਂ ਪਾਰਟੀ ਦੇ ਅੰਦਰ ਕਾਰਵਾਈ ਕਰਨ ਦੀ ਮੰਗ ਉੱਠ ਰਹੀ ਸੀ, ਕਿਉਂਕਿ ਪੰਜਾਬ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਵੇਂ ਸੰਗਠਨ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਨਵਜੋਤ ਸਿੱਧੂ ਲਗਾਤਾਰ ਬਾਗੀ ਤੌਰ ’ਤੇ ਗਤੀਵਿਧੀਆਂ ਜਾਰੀ ਰੱਖੇ ਹੋਏ ਸਨ। ਨਵਜੋਤ ਸਿੱਧੂ ਵਲੋਂ ਆਪਣੇ ਪੱਧਰ ’ਤੇ ਹੀ ਪ੍ਰੋਗਰਾਮ ਕਰਨ ਦੇ ਨਾਲ ਹੀ ਕਾਂਗਰਸੀ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੂੰ ਆਪਣੇ ਨਾਲ ਰੱਖਿਆ ਹੋਇਆ ਹੈ। ਜਿਸ ਕਾਰਨ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਅਨੁਸ਼ਾਸਨ ਵੀ ਕਾਫ਼ੀ ਜਿਆਦਾ ਭੰਗ ਹੋ ਰਿਹਾ ਸੀ। ਇਸ ਮਾਮਲੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੀਡੀਆ ਵੀ ਕਾਫ਼ੀ ਜਿਆਦਾ ਸੁਆਲ ਕਰਦਾ ਨਜ਼ਰ ਆ ਰਿਹਾ ਸੀ ਤਾਂ ਕਾਂਗਰਸ ਪ੍ਰਧਾਨ ਕੁਝ ਕਹਿ ਵੀ ਨਹੀਂ ਪਾ ਰਹੇ ਸਨ।
ਇਸ ਤੋਂ ਇਲਾਵਾ ਨਵਜੋਤ ਸਿੱਧੂ ’ਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਕਾਫ਼ੀ ਕੁਝ ਬੋਲਣ ਕਾਰਨ ਵੀ ਕਾਂਗਰਸ ਹਾਈ ਕਮਾਨ ਨਰਾਜ਼ ਚਲਦੀ ਆ ਰਹੀ ਸੀ। ਇਸ ਮਾਮਲੇ ਵਿੱਚ ਪ੍ਰਭਾਰੀ ਹਰੀਸ ਚੌਧਰੀ ਵਲੋਂ ਚਿੱਠੀ ਲਿਖੇ ਜਾਣ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਹੁਣ ਨਵਜੋਤ ਸਿੱਧੂ ਦੇ ਖ਼ਿਲਾਫ਼ ਕਾਂਗਰਸ ਹਾਈ ਕਮਾਨ ਵੀ ਕਾਰਵਾਈ ਚਾਹੁੰਦੀ ਹੈ, ਕਿਉਂਕਿ ਹਰੀਸ ਚੌਧਰੀ ਕਿਸੇ ਵੀ ਹਾਲਤ ਵਿੱਚ ਹਾਈ ਕਮਾਨ ਦੀ ਮਨਜ਼ੂਰੀ ਤੋਂ ਬਿਨਾ ਇਹ ਚਿੱਠੀ ਲਿਖ ਹੀ ਨਹੀਂ ਸਕਦੇ ਹਨ।
ਜਿਹੜਾ ਅਨੁਸ਼ਾਸਨ ਤੋੜੇਗਾ, ਉਹ ਖ਼ਿਲਾਫ਼ ਹੋਏਗੀ ਕਾਰਵਾਈ : ਰਾਜਾ ਵੜਿੰਗ
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਿਹੜਾ ਵੀ ਪਾਰਟੀ ਵਿੱਚ ਰਹਿੰਦੇ ਹੋਏ ਪਾਰਟੀ ਦਾ ਅਨੁਸ਼ਾਸਨ ਤੋੜਨ ਦੀ ਕੋਸ਼ਸ਼ ਕਰੇਗਾ, ਉਸ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਭਾਂਵੇ ਉਹ ਲੀਡਰ ਕੋਈ ਵੀ ਕਿਉਂ ਨਾ ਹੋਵੇ। ਉਨਾਂ ਕਿਹਾ ਕਿ ਸਾਰੀਆਂ ਲਈ ਪਾਰਟੀ ਦਾ ਅਨੁਸ਼ਾਸਨ ਬਣਾਏ ਰੱਖਣਾ ਜਰੂਰੀ ਹੁੰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ