ਬੋਤਲ ’ਚ ਤੇਲ ਪਾਉਣ ਤੋਂ ਇਨਕਾਰ ਕਰਨ ’ਤੇ ਲਈ ਜਾਨ , ਪੁਲਿਸ ਜਾਂਚ ’ਚ ਜੁਟੀ
(ਗੁਰਮੇਲ ਗੋਗੀ ) ਨਿਹਾਲ ਸਿੰਘ ਵਾਲਾ। ਮੋਗਾ ਬਰਨਾਲਾ ਨੈਸ਼ਨਲ ਹਾਈਵੇ ’ਤੇ ਪਿੰਡ ਬੌਡੇ ਨਜ਼ਦੀਕ ਇੱਕ ਪੈਟਰੋਲ ਪੰਪ ਦੇ ਕਰਿੰਦੇ ਦਾ ਲੰਘੀ ਰਾਤ ਬੜੇ ਦਰਦਨਾਕ ਤਰੀਕੇ ਨਾਲ ਕਤਲ (Murder) ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਬੌਡੇ ਪੈਟਰੋਲ ਪੰਪ ’ਤੇ ਕੰਮ ਕਰਦਾ ਸੀ ਜਿਸ ਦਾ ਬੀਤੀ ਰਾਤ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਸਥਾਨ ’ਤੇ ਪਹੁੰਚੀ ਥਾਣਾ ਬੱਧਨੀ ਕਲਾਂ ਦੀ ਪੁਲਿਸ ਜਾਂਚ ’ਚ ਜੁਟ ਗਈ ਹੈ, ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਘਟਨਾ ਲੁੱਟ ਦੀ ਵੀ ਹੋ ਸਕਦੀ ਹੈ। ਕਤਲ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ। Murder
ਘਟਨਾ ਸਥਾਨ ਦਾ ਜਾਇਜ਼ਾ ਲੈਣ ਪਹੁੰਚੇ ਨਿਹਾਲ ਸਿੰਘ ਵਾਲਾ ਦੇ ਡੀਐੱਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ 11 ਵਜੇ ਦੇ ਕਰੀਬ ਦੀ ਹੈ। ਉਨ੍ਹਾਂ ਕਿਹਾ ਕਿ ਦੋ ਅਣਪਛਾਤੇ ਵਿਆਕਤੀ ਪੈਟਰੋਲ ਪੰਪ ’ਤੇ ਬੋਤਲ ਵਿੱਚ ਤੇਲ ਪਵਾਉਣ ਲਈ ਆਏ ਸਨ ਪਰ ਪੰਪ ਦੇ ਕਰਿੰਦਿਆਂ ਵੱਲੋਂ ਬੋਤਲ ਵਿੱਚ ਤੇਲ ਪਾਉਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ ਦੋ ਵਿਆਕਤੀ ਪੰਪ ’ਤੇ ਆਏ ਜਿਨ੍ਹਾਂ ਪੈਟਰੋਲ ਪੰਪ ’ਤੇ ਬਣੇ ਰਿਹਾਇਸ਼ੀ ਕਮਰੇ ਦਾ ਦਰਵਾਜ਼ਾ ਖੋਲ੍ਹਣ ਲਈ ਆਖਿਆ ਤੇ ਮੁਲਾਜ਼ਮਾਂ ਨਾਲ ਲੜਾਈ ਕਰਨ ਲੱਗ ਪਏ ਤੇ ਕਰਿੰਦੇ ਦਾ ਕਤਲ ਕਰ ਦਿੱਤਾ। ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮ ਆਈ 20 ਕਾਰ ’ਤੇ ਸਵਾਰ ਹੋਕੇ ਆਏ ਸਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਡੀਐੱਸਪੀ ਸਰਫਰਾਜ ਆਲਮ ਨੇ ਦੱਸਿਆ ਕਿ ਮ੍ਰਿਤਕ ਦੇ ਚਚੇਰੇ ਭਾਈ ਗੁਰਮੀਤ ਸਿੰਘ ਪੁੱਤਰ ਨਿਰਮਲ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਿ੍ਰਤਕ ਜੋਗਿੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਉਨਾਂ ਕਿਹਾ ਛੇਤੀ ਹੀ ਕਾਤਲ ਪੁਲਿਸ ਦੀ ਪਕੜ ’ਚ ਹੋਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ