ਤੂੜੀ ਦੇ ਰੇਟ ਛੂਹ ਰਹੇ ਅਸਮਾਨ, ਕੋਈ ਖੁਸ਼ ਕੋਈ ਨਾਖੁਸ਼

Straw Rate Sachkahoon

ਕਣਕ ਦਾ ਝਾੜ ਘੱਟ ਨਿਕਲਿਆ, ਸ਼ਾਇਦ ਤੂੜੀ ਖਰਚਾ ਪੂਰਾ ਕਰ ਦੇਵੇ : ਕਿਸਾਨ

(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਇੱਕ ਪਾਸੇ ਜਿੱਥੇ ਕਿਸਾਨ ਕਣਕ ਦਾ ਦਾਣਾ ਸੁੰਗੜਨ ਕਰਕੇ ਝਾੜ ਘਟਣ ਕਾਰਨ ਚਿੰਤਾ ’ਚ ਹਨ ਉੱਥੇ ਦੂਜੇ ਪਾਸੇ ਤੂੜੀ ਦੇ ਵਧੇ ਰੇਟਾਂ ਕਾਰਨ ਉਹਨਾਂ ਦੀ ਇਹ ਚਿੰਤਾ ਦੂਰ ਹੰੁਦੀ ਨਜ਼ਰ ਆ ਰਹੀ ਹੈ ਪਿਛਲੇ ਸਾਲ ਨਾਲੋਂ ਇਸ ਸਾਲ ਤੂੜੀ ਦੇ ਰੇਟ ਦੁੱਗਣੇ ਵਧ ਗਏ ਹਨ। ਇਸ ਸਾਲ ਤੂੜੀ ਦੀ ਇੰਨੀ ਥੁੜ ਰਹੀ ਹੈ ਕਿ ਹਾੜ੍ਹੀ ਤੋਂ ਪਹਿਲਾਂ ਤਾਂ ਤੂੜੀ 900 ਤੋਂ 1100 ਰੁਪਏ ਪ੍ਰਤੀ ਕੁਇੰਟਲ ਤੱਕ ਵਿੱਕ ਚੁੱਕੀ ਹੈ। ਤੂੜੀ ਦੇ ਵਧੇ ਰੇਟਾਂ ਕਾਰਨ ਡੇਅਰੀ ਫਾਰਮ ਅਤੇ ਹੋਰ ਪਸ਼ੂ ਪਾਲਕਾਂ ਲਈ ਤਾਂ ਇਹ ਗਲੇ ਦੀ ਹੱਡੀ ਸਾਬਤ ਹੋ ਰਹੀ ਹੈ ਪ੍ਰੰਤੂ ਜੋ ਕਿਸਾਨ ਤੂੜੀ ਵੇਚਦੇ ਹਨ ਉਹ ਇਸ ਸਾਲ ਖੁਸ਼ ਦਿਖਾਈ ਦੇ ਰਹੇ ਹਨ। ਇਸ ਸਮੇਂ 400 ਤੋਂ 500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਤੂੜੀ ਵਿਕ ਰਹੀ ਹੈ ਤੂੜੀ ਵਾਲੀ ਟਰਾਲੀ ਵਿੱਚ 7 ਤੋਂ 8 ਕੁਇੰਟਲ ਤੂੜੀ ਪੈਂਦੀ ਹੈ ਜੋ 3 ਤੋਂ 4 ਹਜ਼ਾਰ ਰੁਪਏ ਰੇਟ ਦੇ ਹਿਸਾਬ ਨਾਲ ਵਿਕ ਰਹੀ ਹੈ ਜੋ ਪਿਛਲੇ ਸਾਲ ਹਾੜ੍ਹੀ ਦੇ ਸਮੇਂ ’ਚ 200 ਤੋਂ 250 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਸੀ ਅਤੇ ਤੂੜੀ ਦੀ ਪ੍ਰਤੀ ਟਰਾਲੀ ਦਾ ਰੇਟ 1800 ਤੋਂ 2000 ਰੁਪਏ ਤੱਕ ਦਾ ਰਿਹਾ ਸੀ।

ਇਸ ਲਈ ਇਸ ਵਾਰ ਤੂੜੀ ਦੇ ਰੇਟ ਪਿਛਲੇ ਸਾਲ ਨਾਲੋਂ ਦੁੱਗਣੇ ਹੋ ਗਏ ਹਨ ਇਸ ਸੰਬੰਧੀ ਤੂੜੀ ਵੇਚਣ ਵਾਲੇ ਕਿਸਾਨ ਗੁਰਪ੍ਰੀਤ ਸਿੰਘ ਗੁਰੀ, ਰੂਪ ਸਿੰਘ, ਸੇਵਕ ਸਿੰਘ, ਬਲਵੰਤ ਸਿੰਘ ਨਿੱਕਾ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਦੇ ਨਾਲ ਹੋਰ ਜ਼ਮੀਨ ਠੇਕੇ ’ਤੇ ਲੈ ਕੇ ਵਾਹ ਵਹਾਈ ਕਰਦੇ ਹਨ ਉਨ੍ਹਾਂ ਕੋਲ ਤੂੜੀ ਵਾਧੂ ਹੋਣ ਕਾਰਨ ਉਹ ਹਰ ਸਾਲ ਤੂੜੀ ਵੇਚਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਕਣਕ ਦਾ ਝਾੜ ਬਹੁਤ ਘੱਟ ਹੋਣ ਕਾਰਨ ਉਨ੍ਹਾਂ ਨੂੰ ਤੂੜੀ ਦੇ ਵਧੇ ਰੇਟਾਂ ਕਾਰਨ ਕੁਝ ਰਾਹਤ ਮਹਿਸੂਸ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ 65 ਤੋਂ 70 ਹਜ਼ਾਰ ਪ੍ਰਤੀ ਏਕੜ ਜ਼ਮੀਨ ਠੇਕੇ ’ਤੇ ਲੈਂਦੇ ਹਨ ਪਹਿਲਾਂ ਝੋਨੇ ਦਾ ਝਾੜ ਘੱਟ ਨਿਕਲਿਆ ਅਤੇ ਹੁਣ ਕਣਕ ਦਾ ਝਾੜ ਘੱਟ ਨਿਕਲਿਆ ਹੈ ਤੂੜੀ ਵੀ ਪਿਛਲੇ ਸਾਲ ਨਾਲੋਂ ਘੱਟ ਬਣ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਬਚਣ ਬਚਾਉਣ ਨੂੰ ਕੱਖ ਵੀ ਨਹੀਂ ਹੈ ਪ੍ਰੰਤੂ ਤੂੜੀ ਦੇ ਵਧੇ ਰੇਟਾਂ ਕਾਰਨ ਉਨ੍ਹਾਂ ਨੂੰ ਕੁਝ ਨਾ ਕੁਝ ਰਾਹਤ ਜ਼ਰੂਰ ਮਹਿਸੂਸ ਹੋ ਰਹੀ ਹੈ।

ਫੀਡ ਤੇ ਹੋਰ ਖਰਚਿਆਂ ਨਾਲ ਤੂੜੀ ਵੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ : ਡੇਅਰੀ ਫਾਰਮ ਮਾਲਕ

ਡੇਅਰੀ ਫਾਰਮ ਮਾਲਕ ਅਮਰੀਕ ਸਿੰਘ ਸੁਨਾਮ ਅਤੇ ਕੁਲਵੀਰ ਸਿੰਘ ਸੁਨਾਮ ਨੇ ਗੱਲਬਾਤ ਕਰਦਿਆਂ ਕਿਹਾ ਕਿ ਫੀਡ ਦੇ ਰੇਟ ਵੀ ਪਹਿਲਾਂ ਨਾਲੋਂ ਡੂਢੇ ਹੋ ਗਏ ਹਨ ਦੁੱਧ ਦਾ ਰੇਟ ਵੀ ਇੰਨਾਂ ਨਹੀਂ ਹੈ, ਪਹਿਲਾਂ ਹੀ ਖਰਚਾ ਬਹੁਤ ਜਿਆਦਾ ਹੋ ਰਿਹਾ ਹੈ ਦੂਸਰੇ ਪਾਸੇ ਪਿਛਲੇ ਸਾਲ ਨਾਲੋਂ ਇਸ ਵਾਰ ਤੂੜੀ ਦੇ ਰੇਟ ਦੁੱਗਣੇ ਹੋ ਗਏ ਹਨ ਉਨ੍ਹਾਂ ਕਿਹਾ ਕਿ ਤੂੜੀ ਦੇ ਏਨੇ ਰੇਟ ਵਧਣ ਦਾ ਕਾਰਨ ਭੂੰਗ ਵਾਲੇ ਭੂੰਗ ਭਰ ਕੇ ਬਾਹਰ ਫੈਕਟਰੀਆਂ ਨੂੰ ਤੂੜੀ ਨੂੰ ਜਲਾਉਣ ਲਈ ਵੇਚ ਕੇ ਆਉਂਦੇ ਹਨ ਜਿਸ ਕਾਰਨ ਤੂੜੀ ਦੇ ਰੇਟ ਅਸਮਾਨੀਂ ਛੂਹ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਖਰਚੇ ਇਸੇ ਤਰ੍ਹਾਂ ਹੀ ਵਧਦੇ ਗਏ ਤਾਂ ਪਸ਼ੂ ਪਾਲਕ ਆਪਣੇ ਪਸ਼ੂ ਰੱਖਣੇ ਬੰਦ ਕਰ ਦੇਣਗੇ ਜਿਸ ਨਾਲ ਸੂਬੇ ਅੰਦਰ ਪਹਿਲਾਂ ਤੋਂ ਹੀ ਦੁੱਧ ਦੀ ਆ ਰਹੀ ਕਿੱਲਤ ਅੱਗੇ ਹੋਰ ਜਿਆਦਾ ਵਧ ਸਕਦੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਦੁੱਧ ਦੇ ਰੇਟਾਂ ਵਿੱਚ ਵਾਧਾ ਕਰੇ ਤਾਂ ਜੋ ਪਸ਼ੂ ਪਾਲਕ ਇਨ੍ਹਾਂ ਖ਼ਰਚਿਆਂ ਨੂੰ ਝੱਲਦੇ ਹੋਏ ਆਪਣੇ ਡੇਅਰੀ ਫਾਰਮ ਸੁਖਾਲੇ ਚਲਾ ਸਕਣ, ਨਹੀਂ ਤਾਂ ਇੰਨੇ ਖਰਚੇ ਨਾ ਝੱਲਦੇ ਹੋਏ ਉਹ ਆਉਣ ਵਾਲੇ ਸਮੇਂ ਵਿੱਚ ਆਪਣੇ ਪਸ਼ੂ ਵੇਚਣ ਨੂੰ ਮਜ਼ਬੂਰ ਹੋਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ