ਡੇਰਾ ਸੱਚਾ ਸੌਦਾ ਦਾ 74ਵਾਂ ਰੂਹਾਨੀ ਸਥਾਪਨਾ ਦਿਵਸ: ਕਣਕ ਦੀ ਵਾਢੀ ਦੇ ਬਾਵਜੂਦ ਸਲਾਬਤਪੁਰਾ ‘ਚ ਲੱਖਾਂ ਦੀ ਗਿਣਤੀ ਵਿੱਚ ਪੁੱਜੀ ਸੰਗਤ
2029 ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਮਨੁੱਖਤਾ ਦੇ ਭਲੇ ਲਈ ਕੰਮ ਕਰਨ ਦਾ ਲਿਆ ਸੰਕਲਪ
ਸੁਖਜੀਤ ਮਾਨ ਸਲਾਬਤਪੁਰਾ/ਬਠਿੰਡਾ। ਡੇਰਾ ਸੱਚਾ ਸੌਦਾ ਦੇ 74ਵੇਂ ਪਵਿੱਤਰ ‘ ਰੂਹਾਨੀ ਸਥਾਪਨਾ ਦਿਵਸ’ ਮੌਕੇ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਧਾਮ ਵਿਖੇ ਭੰਡਾਰੇ ਦੇ ਰੂਪ ‘ਚ ਨਾਮ ਚਰਚਾ ਦਾ ਆਯੋਜਨ ਕੀਤਾ ਗਿਆ। ਹਾੜੀ ਦੀ ਮੁੱਖ ਫਸਲ ਕਣਕ ਦੀ ਵਾਢੀ ਦੇ ਬਾਵਜ਼ੂਦ ਪੰਜਾਬ ਭਰ ‘ਚੋਂ ਲੱਖਾਂ ਦੀ ਗਿਣਤੀ ‘ਚ ਅਤੇ ਵਿਦੇਸ਼ਾਂ ਤੋਂ ਵੀ ਸੰਗਤਾਂ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ। ਸੰਗਤ ਦੀ ਵੱਧ ਆਮਦ ਕਾਰਨ ਭਾਰੀ ਇਕੱਠ ਦੇ ਸਾਹਮਣੇ ਸਾਰੇ ਪ੍ਰਬੰਧ ਫਿੱਕੇ ਪੈ ਗਏ।ਇਸ ਮੌਕੇ 2029 ਪਰਿਵਾਰਾਂ ਨੂੰ ਡੇਰਾ ਸੱਚਾ ਸੌਦਾ ਦੀ ਤਰਫੋਂ ਰਾਸ਼ਨ ਵੰਡਿਆ ਗਿਆ। ਰਾਸ਼ਨ ਵੰਡਣ ਲਈ 29 ਦਾ ਅੰਕ ਵਿਸ਼ੇਸ਼ ਤੌਰ ਤੇ ਰਖਿਆ ਗਿਆ ਕਿਉਂਕਿ 29 ਅਪ੍ਰੈਲ ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਗਈ ਸੀ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਬਚਨਾਂ ਅਤੇ ਉਨ੍ਹਾਂ ਵੱਲੋਂ ਦਰਸਾਏ ਮਾਨਵਤਾ ਦੇ ਮਾਰਗ ‘ਤੇ ਚੱਲਦਿਆਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪੰਛੀਆਂ ਲਈ ਦਾਣੇ-ਪਾਣੀ ਦਾ ਪ੍ਰਬੰਧ ਕਰਨ ਵਾਸਤੇ ਕਟੋਰੇ ਰੱਖਣ ਲਈ ਵੀ ਪ੍ਰੇਰਿਤ ਕੀਤਾ, ਜਿਸਦੀ ਸ਼ੁਰੂਆਤ ਸਲਾਬਤਪੁਰਾ ਤੋਂ ਕੀਤੀ ਗਈ। ਇਸ ਮੌਕੇ ਹੋਰ ਵੀ ਕਈ ਮਾਨਵਤਾ ਭਲਾਈ ਦੇ ਕਾਰਜ ਕੀਤੇ ਗਏ। ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਪ੍ਰਣ ਲਿਆ ਗਿਆ ਕਿ ਉਹ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਪਹਿਲਾਂ ਨਾਲੋਂ ਵੱਧ ਤੋਂ ਵੱਧ ਮਨੁੱਖਤਾ ਦੇ ਕੰਮ ਕਰਨਗੇ ਅਤੇ ਹਰ ਲੋੜਵੰਦ ਦੀ ਸੇਵਾ ਕਰਨਗੇ।
ਵਰਨਣਯੋਗ ਹੈ ਕਿ 74 ਸਾਲ ਪਹਿਲਾਂ 29 ਅਪ੍ਰੈਲ 1948 ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਰਵਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ। ਜਿਸ ਨੂੰ ਦੇਸ਼-ਵਿਦੇਸ਼ ਵਿੱਚ ਮੌਜੂਦ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਹਰ ਸਾਲ ਮਨੁੱਖਤਾ ਦੇ ਭਲੇ ਦੇ ਕੰਮ ਕਰਕੇ ਇਹ ਖੁਸ਼ੀਆਂ ਭਰਿਆ ਦਿਹਾੜਾ ਮਨਾਉਂਦੀ ਹੈ। ਡੇਰੇ ਦੇ ਚੈਅਰਮੈਨ ਡਾ.ਪੀ.ਆਰ. ਨੈਨ ਨੇ ਦੱਸਿਆ ਕਿ ਹਰ ਸਾਲ ਇਹ ਮਹੀਨਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਪੂਰਾ ਮਹੀਨਾ ਸੰਗਤ-ਸੰਗਤ ਭਲਾਈ ਕਾਰਜ ਕਰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ