ਆਯੂਰਵੈਦਿਕ ਡੀ ਫਾਰਮੇਸੀ (D Pharmacy) ਉਪਵੇਦ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਨੂੰ ਦਿੱਤਾ ਮੰਗ ਪੱਤਰ
(ਰਜਨੀਸ਼ ਰਵੀ) ਫਾਜ਼ਿਲਕਾ। ਆਯੂਰਵੈਦਿਕ ਡੀ ਫਾਰਮੇਸੀ (D Pharmacy) ਉਪਵੈਦ ਯੂਨੀਅਨ ਪੰਜਾਬ (ਰਜਿ) ਜ਼ਿਲ੍ਵਾ ਇਕਾਈ ਫਾਜ਼ਿਲਕਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਪ੍ਰਧਾਨ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਫਾਜਿਲਕਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦੇਣ ਪੁੱਜੇ ਪਰ ਡਿਪਟੀ ਕਮਿਸ਼ਨਰ ਹੋਰ ਮੀਟਿੰਗਾਂ ਵਿੱਚ ਰੁੱਝੇ ਹੋਣ ਕਾਰਨ ਦਫ਼ਤਰ ਦੇ ਡਿਪਟੀ ਸੁਪਰਡੈਂਟ ਸੰਦੀਪ ਸਿੰਘ ਨੂੰ ਉਪ ਵੈਦਾਂ ਵੱਲੋਂ ਮੰਗ-ਪੱਤਰ ਸੌਂਪਿਆ ਗਿਆ ।
ਇਸ ਸੰਬਧੀ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਨੇ 2016 ਵਿੱਚ ਉਪਵੇਦ ਦੀਆਂ 285 ਅਸਾਮੀਆਂ ਭਰਨ ਦੀ ਮਨਜ਼ੂਰੀ ਦਿੱਤੀ ਸੀ, ਜਿਸ ਤੋਂ ਬਾਅਦ ਆਯੁਰਵੈਦਿਕ ਵਿਭਾਗ ਵੱਲੋਂ 117 ਉਪਵੈਦ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਕੇਸ ਬਣਾ ਕੇ ਭੇਜਿਆ ਗਿਆ ਸੀ । ਪਰ ਛੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਉਪਵੈਦ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਨਹੀਂ ਹੋ ਸਕਿਆ। ਜਿਸ ਕਾਰਨ ਵਿੱਚ ਵੱਡੀ ਗਿਣਤੀ ਵਿੱਚ ਉਪਵੈਦਾ ਦੀ ਉਮਰ ਹੱਦ ਟੱਪ ਗਈ ਹੈ ਅਤੇ ਉਹਨਾਂ ਦਾ ਭਵਿੱਖ ਖਰਾਬ ਹੋ ਗਿਆ ਹੈ।
ਉਪਵੇਦ ਦੀਆਂ 285 ਅਸਾਮੀਆਂ ਭਰਨ ਦੀ ਮੰਗ
ਉਨ੍ਹਾਂ ਮੰਗ ਕੀਤੀ ਕਿ ਉਪਵੈਦ ਦੀਆਂ ਅਸਾਮੀਆਂ ਦੀ ਭਰਤੀ ਜਲਦੀ ਕੀਤੀ ਜਾਵੇ ਅਤੇ ਉਮਰ ਹੱਦ 2016 ਤੋਂ ਮੰਨੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ 2015 ਵਿੱਚ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 81 ਉਪਵੈਦ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਉਸ ਤਹਿਤ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ ਦੇ ਨੋਟੀਫਿਕੇਸ਼ਨ ਤਹਿਤ ਉਪਵੈਦ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੁੰਦਿਆਂ ਹੋਇਆ ਵੀ ਬੀ.ਏ.ਐਮ.ਐਸ ਡਾਕਟਰਾਂ ਨੂੰ ਭਰਤੀ ਕਰ ਲਿਆ ਗਿਆ ਸੀ। ਉਸ ਦੀ ਤੁਰੰਤ ਜਾਂਚ ਕਰਵਾ ਕੇ ਉਪਵੈਦ ਦੇ ਅਹੁਦਿਆਂ ’ਤੇ ਭਰਤੀ ਕੀਤੇ ਗਏ ਬੀ.ਏ.ਐਮ.ਐਸ ਡਾਕਟਰਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸੂਬੇ ਅੰਦਰ ਕਾਨੂੰਨ ਬਣਾ ਕੇ ਆਯੁਰਵੈਦਿਕ ਦਵਾਈਆਂ ਵੇਚਣ ਲਈ ਉਪਵੇਦ ਦੀ ਨਿਯੁਕਤੀ ਲਾਜ਼ਮੀ ਬਣਾਈ ਜਾਵੇ। ਉਹਨਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਅੰਦਰ ਮੁਹੱਲਾ ਕਲੀਨਿਕ ਖੋਲ੍ਹਦੀ ਹੈ ਤਾਂ ਇਸ ਸਕੀਮ ਤਹਿਤ ਘੱਟੋ-ਘੱਟ 50 ਫੀਸਦੀ ਆਯੂਰਵੈਦਿਕ ਕਲੀਨਿਕ ਖੋਲ੍ਹੇ ਜਾਣ ।ਇਸ ਮੌਕੇ ਸੂਬਾ ਖਜ਼ਾਨਚੀ ਹੰਸ ਰਾਜ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ, ਜ਼ਿਲ੍ਹਾ ਸਕੱਤਰ ਬੇਗ ਚੰਦ, ਜ਼ਿਲ੍ਹਾ ਖਜ਼ਾਨਚੀ ਜੋਗਿੰਦਰ ਸਿੰਘ, ਜਿਲ੍ਹਾ ਜੁਆਇੰਟ ਸਕੱਤਰ ਦਵਿੰਦਰ ਕੁਮਾਰ, ਜਿਲ੍ਹਾ ਸਲਾਹਕਾਰ ਹਰਸ਼ਰਨ ਸਿੰਘ, ਬਲਾਕ ਪ੍ਰਧਾਨ ਫਾਜਿਲਕਾ ਸੰਦੀਪ ਸਿੰਘ ਅਤੇ ਆਤਮਾ ਸਿੰਘ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ