20 ਦਿਨ ਪਹਿਲਾਂ ਛੱਡਿਆ ਨਸ਼ਾ, ਇਲਾਜ ਕਰਵਾਉਣ ’ਚ ਅਸਮਰੱਥ ਹਾਂ : ਵਿਧਵਾ ਮਾਂ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਪੰਜਾਬ ਦੀ ਜਵਾਨੀ ਨਸ਼ਿਆਂ (Drugs) ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ ਨਸ਼ਿਆਂ ਦੀ ਭਰਮਾਰ ਇਸ ਤਰ੍ਹਾਂ ਹੈ ਕਿ ਆਏ ਦਿਨ ਕਿਸੇ ਨਾ ਕਿਸੇ ਨੌਜਵਾਨ ਦੇ ਨਸ਼ਿਆਂ ਦੀ ਭੇਂਟ ਚੜ੍ਹਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਸਥਾਨਕ ਸ਼ਹਿਰ ਦਾ ਵੀ ਸਾਹਮਣੇ ਆਇਆ ਹੈ ਸਥਾਨਕ ਇੰਦਰਾ ਬਸਤੀ ਵਾਰਡ ਨੰਬਰ 19 ਦੇ ਇੱਕ ਗਰੀਬ ਪਰਿਵਾਰ ਦਾ ਲੜਕਾ, ਜੋ ਨਸ਼ਾ ਛੱਡ ਚੁੱਕਾ ਹੈ ਪਰ ਦਿਮਾਗੀ ਸੰਤੁਲਨ ਵਿਗੜਨ ਕਾਰਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਅਤਿ ਗਰੀਬ ਹੋਣ ਕਾਰਨ ਪਰਿਵਾਰ ਲੜਕੇ ਦਾ ਇਲਾਜ ਕਰਵਾਉਣ ਵਿੱਚ ਵੀ ਅਸਮਰੱਥ ਹੈ। Drugs
ਲੜਕੇ ਦੀ ਮਾਂ ਬਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਦੀ 8 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸਦਾ 21 ਸਾਲਾਂ ਦਾ ਬੇਟਾ ਅਮਨਦੀਪ ਸਿੰਘ ਨਾਭਾ ਵਿਖੇ ਪੇਂਟਿੰਗ ਦਾ ਕੰਮ ਕਰਦਾ ਸੀ ਉਨ੍ਹਾਂ ਦੱਸਿਆ ਕਿ ਉਹ ਘਰ ਤੋਂ ਦੂਰ ਰਹਿਣ ਕਾਰਨ ਮੈਡੀਕਲ ਨਸ਼ੇ ਦੀ ਦਲਦਲ ਵਿੱਚ ਫਸ ਗਿਆ। ਉਹਨਾਂ ਦੱਸਿਆ ਕਿ 20 ਦਿਨ ਪਹਿਲਾਂ ਅਮਨਦੀਪ ਨੇ ਅਚਾਨਕ ਨਸ਼ਾ ਛੱਡ ਦਿੱਤਾ ਜਿਸ ਕਾਰਨ ਉਸ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਹੈ। ਉਸ ਦੇ ਇਲਾਜ ਲਈ ਜਿੰਨੇ ਪੈਸੇ ਉਸ ਕੋਲ ਸਨ ਉਹ ਖਰਚ ਕਰ ਚੁੱਕੀ ਹੈ ਅਤੇ ਇਸਦਾ ਇਲਾਜ ਵੀ ਬਹੁਤ ਮਹਿੰਗਾ ਹੈ ਅਤੇ ਉਹ ਇਸ ਨੂੰ ਅੱਗੇ ਕਰਵਾਉਣ ਵਿੱਚ ਅਸਮਰੱਥ ਹੈ। ਉਸ ਦੀ ਮਾਂ ਨੇ ਦੱਸਿਆ ਕਿ ਇਹ ਹੁਣ ਉਨ੍ਹਾਂ ਨੂੰ ਗਾਲੀ ਗਲੋਚ ਕਰਦਾ ਹੈ ਅਤੇ ਤੋੜ ਭੰਨ ਦੇ ਨਾਲ ਉਨ੍ਹਾਂ ਦੀ ਕੁੱਟ-ਮਾਰ ਵੀ ਕਰਦਾ ਹੈ ਜਿਸ ਕਰਕੇ ਉਨ੍ਹਾਂ ਨੇ ਇਸ ਨੂੰ ਹੁਣ ਮਜ਼ਬੂਰੀ ਵੱਸ ਮੰਜੇ ’ਤੇ ਸੰਗਲਾਂ ਨਾਲ ਬੰਨ੍ਹ ਰੱਖਿਆ ਹੈ ਬਿੰਦਰ ਕੌਰ ਨੇ ਪ੍ਰਸ਼ਾਸਨ ਅਤੇ ਹੋਰ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਮਦਦ ਕਰਨ ਲਈ ਅੱਗੇ ਆਉਣ ਤਾਂ ਜੋ ਉਸ ਦੇ ਬੇਟੇ ਦੀ ਜ਼ਿੰਦਗੀ ਬਚ ਸਕੇ।
ਨਸ਼ਾ ਛੱਡਣ ਕਾਰਨ ਹੱਥ ਪੈਰ ਆਕੜੇ, ਮੂੰਹ ਟੇਢਾ ਹੋ ਗਿਆ : ਨਾਨੀ
ਅਮਨਦੀਪ ਦੀ ਨਾਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ ਬੇਟੀ ਬਿੰਦਰ ਕੌਰ ਅਤੇ ਉਸਦੇ ਤਿੰਨ ਬੱਚੇ ਉਨ੍ਹਾਂ ਕੋਲ ਸੁਨਾਮ ਹੀ ਰਹਿੰਦੇ ਹਨ ਅਤੇ ਉਸਦੇ ਜਵਾਈ ਦੀ ਮੌਤ ਹੋ ਚੁੱਕੀ ਹੈ ਉਸ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਕਮਾਈ ਦਾ ਸਾਧਨ ਵੀ ਨਹੀਂ ਹੈ ਅਤੇ ਉਹ ਆਪਣੀ ਪੈਨਸ਼ਨ ਨਾਲ ਹੀ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰਦੀ ਆ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਸ ਦੇ ਦੋਹਤੇ ਅਮਨਦੀਪ ਦਾ ਨਸ਼ਾ ਛੱਡਣ ਕਾਰਨ ਮੂੰਹ ਟੇਢਾ ਹੋ ਗਿਆ ਸੀ ਅਤੇ ਹੱਥ ਪੈਰ ਆਕੜ ਗਏ ਸਨ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਜਿਸ ਕਾਰਨ ਉਹ ਉਸ ਦਾ ਇਲਾਜ ਹੋਰ ਨਹੀਂ ਕਰਵਾ ਸਕਦੇ। ਉਹਨਾਂ ਕਿਹਾ ਕਿ ਜੇਕਰ ਕੋਈ ਸਮਾਜ ਸੇਵੀ ਸੰਸਥਾ ਉਨ੍ਹਾਂ ਦੇ ਬੇਟੇ ਦਾ ਇਲਾਜ ਕਰਵਾ ਸਕੇ ਤਾਂ ਉਨ੍ਹਾਂ ਦਾ ਬੇਟਾ ਪੂਰੀ ਤਰ੍ਹਾਂ ਤੰਦਰੁਸਤ ਹੋ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ