ਦੂਜੇ ਦਿਨ ਵੀ ਹੱਲ ਨਾ ਨਿਕਲਣ ’ਤੇ ਧਰਨਾਕਾਰੀ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਰਿਹਾਇਸ ਅੱਗੇ ਧਰਨਾ ਜਾਰੀ ਰੱਖਣ ਦੀ ਦਿੱਤੀ ਚੇਤਾਵਨੀ
(ਜਸਵੀਰ ਸਿੰਘ ਗਹਿਲ) ਬਰਨਾਲਾ। ਰੈਗੂਲਰ ਈਟੀਟੀ ਅਧਿਆਪਕਾਂ (ETT Teachers) ਵੱਲੋਂ ਡੈਪੂਟੇਸ਼ਨ ਰੱਦ ਦੀ ਮੰਗ ਨੂੰ ਲੈ ਕੇ ਇੱਥੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ ਅੱਗੇ ਦਿੱਤਾ ਜਾ ਰਿਹਾ ਦਿਨ-ਰਾਤ ਦਾ ਧਰਨਾ ਅੱਜ ਲਗਾਤਾਰ ਦੂਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਅਧਿਆਪਕਾਂ ਨੇ ਪੁਲਿਸ ਪ੍ਰਸ਼ਾਸਨ ’ਤੇ ਤੰਗ-ਪੇ੍ਰਸ਼ਾਨ ਕਰਨ ਤੇ ਧਰਨੇ ’ਤੋਂ ਉੱਠਣ ਲਈ ਡਰਾਉਣ/ ਧਮਕਾਉਣ ਦੇ ਦੋਸ਼ ਵੀ ਲਗਾਏ। ਹਮਾਇਤ ’ਤੇ ਪੁੱਜੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਜਲਦ ਹੱਲ ਨਾ ਲਿਕਲਣ ਦੀ ਸ਼ੂਰਤ ਵਿੱਚ ਅਧਿਆਪਕਾਂ ਦੀ ਜਗ੍ਹਾ ’ਤੇ ਧਰਨੇ ’ਤੇ ਬੈਠਣ ਦੀ ਚੇਤਾਵਨੀ ਦਿੱਤੀ।
ਧਰਨੇ ਦੌਰਾਨ ਗੱਲਬਾਤ ਕਰਦਿਆਂ ਸਰੋਜ਼ ਰਾਣੀ ਮੁਕਤਸਰ, ਰਮਨਦੀਪ ਕੌਰ, ਮੁਨੀਸ ਕੁਮਾਰ ਫਾਜ਼ਿਲਕਾ ਤੇ ਰਮਨ ਆਦਿ ਈਟੀਟੀ ਅਧਿਆਪਕਾਂ ਨੇ ਦੱਸਿਆ ਕਿ ਉਹ ਇੱਥੇ ਆਪਣੀ ਡੈਪੂਟੇਸ਼ਨ ਰੱਦ ਦੀ ਮੰਗ ਨੂੰ ਲੈ ਕੇ ਪਹੁੰਚੇ ਸਨ, ਜਿੱਥੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਉਨ੍ਹਾਂ ਦੀ ਗੱਲ ਤਾਂ ਸੁਣੀ ਗਈ ਪਰ ਹੱਲ ਦੀ ਬਜਾਇ ਉਨ੍ਹਾਂ ਨੂੰ ਚੰਡੀਗੜ੍ਵ ਆ ਕੇ ਮੀਟਿੰਗ ਕਰਨ ਲਈ ਕਿਹਾ ਗਿਆ ਹੈ। ਜਦਕਿ ਇਸ ਤੋਂ ਪਹਿਲਾਂ ਉਹ ਅਨੇਕਾਂ ਵਾਰ ਪੈਨਲ ਮੀਟਿੰਗਾਂ ਕਰ ਚੁੱਕੇ ਹਨ। ਜਿਨ੍ਹਾਂ ’ਚ ਹਾਲੇ ਤੱਕ ਵੀ ਉਨ੍ਹਾਂ ਦੀ ਮੁਸ਼ਕਿਲ ਦਾ ਕੋਈ ਹੱਲ ਨਹੀਂ ਨਿਕਲਿਆ। ਸਗੋਂ ਵੱਖ-ਵੱਖ ਥਾਵਾਂ ’ਤੇ ਮੀਟਿੰਗਾਂ ਕਰਨ ਤੇ ਧਰਨੇ ਦੇਣ ਕਾਰਨ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਤੇ ਆਰਥਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਨਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਦੀਆਂ ਬਦਲੀਆਂ ਵਿਭਾਗੀ ਸ਼ਰਤਾਂ ਮੁਤਾਬਕ ਹੋਈਆਂ ਹਨ ਪਰ ਉਨ੍ਹਾਂ ਨੂੰ ਰੋਜ਼ਾਨਾਂ 200 ਤੋਂ 300 ਕਿਲੋਮੀਟਰ ਦੀ ਦੂਰੀ ’ਤੇ ਡਿਊਟੀ ਕਰਨ ਜਾਣ-ਆਉਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਧਿਆਪਕ ਮੰਗਲ ਸਿੰਘ ਨੇ ਪੁਲਿਸ ਪ੍ਰਸ਼ਾਸਨ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੁਆਰਾ ਢੁਕਵੇਂ ਪ੍ਰਬੰਧ ਕੀਤੇ ਜਾਣ ਦੇ ਉਲਟ ਉਨ੍ਹਾਂ ਨੂੰ ਧਰਨੇ ਤੋਂ ਉੱਠਣ ਲਈ ਤੰਗ – ਪ੍ਰੇਸ਼ਾਨ ਕੀਤਾ ਗਿਆ ਤੇ ਡਰਾਇਆ- ਧਮਕਾਇਆ ਵੀ ਗਿਆ ਹੈ। ਇੱਥੋਂ ਤੱਕ ਕਿ ਲੰਘੀ ਰਾਤ ਉਨ੍ਹਾਂ ਨੂੰ ਧਰਨੇ ’ਚ ਚਾਦਰ ਤੱਕ ਵੀ ਨਹੀਂ ਲੈ ਕੇ ਜਾਣ ਦਿੱਤੀ ਗਈ। ਧਰਨਾਕਾਰੀਆਂ ਦੀ ਹਮਾਇਤ ’ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਈਟੀਟੀ ਅਧਿਆਪਕਾਂ ਦੀਆਂ ਮੰਗਾਂ ਜਾਇਜ਼ ਹਨ ਜੋ ਸਰਕਾਰ ਨੂੰ ਪਹਿਲ ਦੇ ਅਧਾਰ ’ਤੇ ਮੰਨ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ‘ਆਪ’ ਸਰਕਾਰ ’ਤੇ ਤੰਜ਼ ਕਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ’ਚ ਆਉਣ ਤੋਂ ਬਾਅਦ ‘ਖਾਸ’ ਬਣ ਚੁੱਕੀ ਹੈ। ਜਿਸ ਨੂੰ ਹੁਣ ਲੋਕ ਮੁਸ਼ਕਿਲਾਂ ਨਜ਼ਰ ਆਉਣੋਂ ਹਟ ਗਈਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਈਟੀਟੀ ਅਧਿਆਪਕ ਧਰਨੇ ’ਤੇ ਬੈਠੇ ਹਨ, ਪਿੱਛੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਜੇਕਰ ਵਿਭਾਗ ਨੇ ਇੰਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਤਾਂ ਈਟੀਟੀ ਅਧਿਆਪਕ ਆਪਣੇ ਸਕੂਲਾਂ ’ਚ ਡਿਊਟੀਆਂ ਕਰਨਗੇ ਤੇ ਉਨ੍ਹਾਂ ਦੀ ਜਗ੍ਹਾ ’ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਸਿੱਖਿਆ ਮੰਤਰੀ ਦੀ ਰਿਹਾਇਸ ਅੱਗੇ ਧਰਨੇ ’ਤੇ ਬੈਠੇਗੀ। ਇਸ ਮੌਕੇ ਉਨ੍ਹਾਂ ਨਾਲ ਅਸੋਕ ਕੁਮਾਰ, ਅਮਨ ਫਾਜ਼ਿਲਿਕਾ, ਸੁਖਦੇਵ ਸਿੰਘ, ਕੁਲਵਿੰਦਰ ਕੌਰ ਆਦਿ ਅਧਿਆਪਕਾਂ ਤੋਂ ਇਲਾਵਾ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ ਆਦਿ ਕਿਸਾਨ ਆਗੂ ਵੀ ਹਾਜ਼ਰ ਸਨ।
ਅਧਿਆਪਕਾਂ ਦੀ ਹਮਾਇਤ ’ਤੇ ਆਈ ਭਾਕਿਯੂ ਡਕੌਂਦਾ
ਧਰਨੇ ’ਤੇ ਬੈਠੇ ਈਟੀਟੀ ਅਧਿਆਪਕਾਂ ਦੀ ਹਮਾਇਤ ’ਚ ਬੇਸ਼ੱਕ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਚਾਹ- ਪਾਣੀ ਤੇ ਲੰਗਰ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨੂੰ ਧਰਨੇ ’ਚ ਰਾਤ ਸਮੇਂ ਇੱਕ ਚਾਦਰ ਤੱਕ ਵੀ ਨਹੀਂ ਲੈ ਕੇ ਜਾਣ ਦਿੱਤੀ ਗਈ। ਜਿਸ ਕਾਰਨ ਬੱਚਿਆਂ ਨਾਲ ਧਰਨੇ ’ਚ ਪੁੱਜੀਆਂ ਅਧਿਆਪਕਾਵਾਂ ਨੂੰ ਰਾਤ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਤੜਕਸਾਰ ਵੀ ਸਿੱਖਿਆ ਮੰਤਰੀ ਦੀ ਰਿਹਾਇਸ ਵੱਲ ਨੂੰ ਜਾਂਦੇ ਰਸਤੇ ਨੂੰ ਪੁਲਿਸ ਨੇ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ। ਜਿਸ ਨੂੰ ਭਾਕਿਯੂ ਡਕੌਂਦਾ ਨੇ ਖੁਲ੍ਹਵਾਇਆ ਤੇ ਬਾਹਰ ਬੈਠੇ/ਖੜ੍ਹੇ ਅਧਿਆਪਕ ਧਰਨੇ ’ਚ ਪੁੱਜੇ।
ਭਰੋਸੇ ਤੋਂ ਬਾਅਦ ਸਮਾਪਤ ਕੀਤਾ ਧਰਨਾ
ਦੇਰ ਸ਼ਾਮ ਤੱਕ ਵਿਭਾਗ ਦੇ ਭਰੋਸੇ ’ਤੇ ਈਟੀਟੀ ਅਧਿਆਪਕਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਅਧਿਆਪਕਾਂ ਆਗੂਆਂ ਮੁਤਾਬਕ ਸਥਾਨਕ ਡੀਈਓ (ਅ) ਸਰਬਜੀਤ ਸਿੰਘ ਤੂਰ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਭਾਗੀ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਕਰਵਾਈ ਜਾਵੇਗੀ ਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਆਗੂਆਂ ਦੱਸਿਆ ਕਿ ਜੇਕਰ ਬੁੁੱਧਵਾਰ ਦੀ ਪੈਨਲ ਮੀਟਿੰਗ ਵਿੱਚ ਵੀ ਕੋਈ ਹੱਲ ਨਹੀਂ ਨਿਕਲਦਾ ਤਾਂ ਮੁੜ ਵੀਰਵਾਰ ਨੂੰ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਡੀਐਸਪੀ ਰਾਜੇਸ ਸਨੇਹੀ ਵੀ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ