ਡਿਪਟੀ ਕਮਿਸ਼ਨਰ ਵੱਲੋਂ ਪੀ.ਐਸ.ਪੀ.ਸੀ.ਐਲ ਦੇ ਸਾਹਮਣੇ ਬਣਾਏ ਜਾ ਰਹੇ ਪਾਰਕ ’ਚ ਪੌਦੇ ਲਗਾਉਣ ਦੀ ਸ਼ੁਰੂਆਤ (Fazilka Planting Trees)
(ਰਜਨੀਸ਼ ਰਵੀ) ਫਾਜ਼ਿਲਕਾ। ਪ੍ਰਦੂਸ਼ਣ ਮੁਕਤ ਵਾਤਾਵਰਣ ਨੂੰ ਸਿਰਜਣ ਅਤੇ ਆਲਾ-ਦੁਆਲਾ ਹਰਿਆ-ਭਰਿਆ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਤੇ ਵੱਖ-ਵੱਖ ਐਨ.ਜੀ.ਓ ਦੇ ਸਹਿਯੋਗ ਨਾਲ ਸਾਰਥਕ ਹੰਭਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਪੀ.ਐਸ.ਪੀ.ਸੀ.ਐਲ ਦੇ ਸਾਹਮਣੇ ਪਾਰਕ ਬਣਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ। ਪਾਰਕ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ ਜਿਸ ਵਿਚ ਡੇਰਾ ਸੱਚਾ ਸੌਦਾ ਸਰਸਾ ਦੀ ਸਾਧ-ਸੰਗਤ ਬਲਾਕ ਫਾਜ਼ਿਲਕਾ ਨੂੰ ਇਕ ਭਾਗ ਦਿੱਤਾ ਗਿਆ ਹੈ। ਅੱਜ ਇੱਥੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਵੱਲੋਂ ਡੇਰਾ ਸੱਚਾ ਸੌਦਾ ਬਲਾਕ ਫਾਜ਼ਿਲਕਾ ਵੱਲੋਂ ਤਿਆਰ ਕੀਤੇ ਆਪਣੇ ਭਾਗ ਵਿਚ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਰਾ ਸੱਚਾ ਸੌਦਾ ਸਰਸਾ ਬਲਾਕ ਫਾਜ਼ਿਲਕਾ ਦੇ ਸੇਵਾਦਾਰਾ ਵੱਲੋਂ ਵਿਸ਼ੇਸ਼ ਪਹਿਲਕਦਮੀਆਂ ਕਰਦਿਆਂ ਜਮੀਨ ਨੂੰ ਪੌਦੇ ਲਗਾਉਣ ਲਈ ਤਿਆਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਭਾਗ ਵਿਚ ਕਾਫੀ ਵੱਡੀ ਗਿਣਤੀ ਵਿਚ ਪੌਦੇ ਲਗਾਏ ਜਾਣੇ ਹਨ ਜਿਸ ਦੀ ਸ਼ੁਰੂਆਤ ਅੱਜ ਹੋਈ ਹੈ। ਉਨ੍ਹਾਂ ਕਿਹਾ ਕਿ ਪੌਦੇ ਲੱਗਣ ਨਾਲ ਜਿੱਥੇ ਇਹ ਜਗ੍ਹਾ ਜੰਗਲ ਦਾ ਰੂਪ ਧਾਰ ਲਵੇਗੀ ਉਥੇ ਪ੍ਰਦੂਸ਼ਣ ਮੁਕਤ ਵਾਤਾਵਰਣ ਦੀ ਸਿਰਜਣਾ ਹੋਵੇਗੀ ਅਤੇ ਆਲੇ-ਦੁਆਲੇ ਸ਼ੁੱਧ ਹਵਾ ਵੀ ਮਿਲੇਗੀ। (Fazilka Planting Trees)
ਪ੍ਰਦੂਸ਼ਣ ਮੁਕਤ ਵਾਤਾਵਰਣ ਦੀ ਸਿਰਜਣਾ ਹੋਵੇਗੀ
ਉਨ੍ਹਾਂ ਡੇਰ ਸੱਚਾ ਸੌਦਾ ਦੇ ਗ੍ਰੀਨ ਐਸ ਵੇਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਦੀ ਦੀ ਸ਼ਲਾਘਾ ਕੀਤੀ ਜਿਨ੍ਹਾਂ ਵੱਲੋਂ ਇਸ ਥਾਂ ’ਤੇ ਪੌਦੇ ਲਗਾਉਣ ਵਿਚ ਆਪਣਾ ਕਾਫੀ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਨੂੰ ਇਕ-ਇਕ ਪੌਦਾ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੌਦਾ ਲਗਾਉਣ ਨਾਲ ਸਾਡਾ ਫਰਜ ਪੂਰਾ ਨਹੀਂ ਹੁੰਦਾ, ਪੌਦੇ ਦੀ ਸਾਂਭ-ਸੰਭਾਲ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਨਾਲ ਆਕਸੀਜਨ ਦੀ ਮਾਤਰਾ ਭਰਪੂਰ ਹੋਵੇਗੀ ਅਤੇ ਅਸੀਂ ਤੰਦਰੁਸਤ ਰਹਾਂਗੇ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿਚ ਹਰੇਕ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਆਲਾ ਦੁਆਲਾ ਸਾਫ-ਸੁਥਰਾ ਰੱਖਣ ਵਿਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਗਭਗ 9 ਏਕੜ ਵਿੱਚ ਬਣਨ ਵਾਲੇ ਇਸ ਪਾਰਕ ਨੂੰ ਮੀਆਂਵਾਕੀ ਤਕਨੀਕ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਕ ਨੂੰ ਮੰਡੀ ਬੋਰਡ, ਨਗਰ ਕੌਂਸਲ ਫਾਜ਼ਿਲਕਾ, ਖੇਤੀਬਾੜੀ ਵਿਭਾਗ ਅਤੇ ਵੱਖ-ਵੱਖ ਐਨੀਜੀ.ਓ ਦੇ ਸਹਿਯੋਗ ਨਾਲ ਬਣਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸ੍ਰੀ ਵਿਕਰਮ ਅਹੂਜਾ ਦੀ ਐਨਜੀਓ ਵੱਲੋਂ ਪਲਾਨਿੰਗ ਅਤੇ ਪਾਰਕ ਬਣਾਉਣ ਦੇ ਕੰਮ ਵਿਚ ਹੋਰ ਮਾਰਗਦਰਸ਼ਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿਚ ਜਿਥੇ ਵੱਖ-ਵੱਖ ਤਰ੍ਹਾਂ ਦੇ ਪੌਦੇ ਹੋਣਗੇ ਉਥੇ ਇਸ ਪਾਰਕ ਵਿਚ ਲੋਕ ਸੈਰ ਵੀ ਕਰ ਸਕਣਗੇ।
ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਡੇਰਾ ਸੱਚਾ ਸੌਦਾ ਸਿਰਸਾ ਬਲਾਕ ਫਾਜ਼ਿਲਕਾ ਸੁਭਾਸ਼ ਛਾਬੜਾ 25 ਮੈਂਬਰ, ਪ੍ਰੇਮ ਚੰਦ ਬਲਾਕ ਭੰਗੀਦਾਸ, ਅਸ਼ੋਕ ਕੁਮਾਰ 15 ਮੈਂਬਰ, ਸਾਈ ਦਾਸ ਠਕਰਾਲ 15 ਮੈਂਬਰ, ਬੰਟੀ ਇੰਸਾਂ ਸ਼ਹਿਰੀ ਭੰਗੀ ਦਾਸ, ਹਰਨਾਮ ਚੰਦ 15 ਮੈਂਬਰ, ਦਰਸ਼ਨ ਸਿੰਘ 15 ਮੈਂਬਰ, ਵਿਪਨ ਕੁਮਾਰ, ਸੁਜਾਨ ਭੈਣਾਂ ਅਤੇ ਹੋਰ ਸਾਧ-ਸੰਗਤ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ