ਸੰਦੀਪ ਨੰਗਲ ਅੰਬੀਆਂ ਦਾ ਕਤਲ ਤੇ ਪੰਜਾਬ ’ਚ ਵਧ ਰਿਹਾ ਗੈਂਗਸਟਰ ਕਲਚਰ
ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਗੈਂਗਸਟਰ ਬਹੁਤ ਵਧ ਗਏ ਹਨ। ਇਸ ਵੇਲੇ ਛੋਟੇ-ਵੱਡੇ ਮਿਲਾ ਕੇ ਬਦਮਾਸ਼ਾਂ ਦੇ 15-20 ਗੈਂਗ ਸਰਗਰਮ ਹਨ। ਇਨ੍ਹਾਂ ਦਾ ਮੁੱਖ ਧੰਦਾ ਕਤਲ, ਕੁੱਟਮਾਰ, ਫਿਰੌਤੀ, ਅਗਵਾ ਤੇ ਵਿਰੋਧੀ ਧੜੇ ਦੇ ਬਦਮਾਸ਼ਾਂ ਤੇ ਮੁਖਬਰਾਂ ਨੂੰ ਖ਼ਤਮ ਕਰਨਾ ਹੈ। ਵੱਡੇ ਗੈਂਗਸਟਰਾਂ ਵਿੱਚ ਵਿੱਕੀ ਗੌਂਡਰ, ਪ੍ਰੇਮਾ ਲਹੌਰੀਆ, ਸੁੱਖਾ ਕਾਹਲਵਾਂ, ਗੁਰਪ੍ਰੀਤ ਸਿੰਘ ਸੇਖੋਂ, ਤੀਰਥ ਸਿੰਘ ਢਿੱਲਵਾਂ, ਦਿਲਪ੍ਰੀਤ ਸਿੰਘ ਢਾਹਾਂ, ਕੁਲਪ੍ਰੀਤ ਸਿੰਘ ਨੀਟਾ ਦਿਉਲ, ਰਵੀਚਰਨ ਸਿੰਘ ਉਰਫ ਰਵੀ ਦਿਉਲ, ਗੁਰਬਖਸ਼ ਸੇਵੇਵਾਲਾ, ਦਵਿੰਦਰ ਬੰਬੀਹਾ, ਸ਼ੇਰਾ ਖੁੱਬਣ, ਜੈਪਾਲ ਭੁੱਲਰ, ਮੰਨਪ੍ਰੀਤ ਮੰਨਾ, ਪ੍ਰਭਦੀਪ ਸਿੰਘ, ਕਮਲਜੀਤ ਸਿੰਘ ਉਰਫ ਬੰਟੀ ਢਿੱਲੋਂ, ਜਸਪ੍ਰੀਤ ਸਿੰਘ ਉਰਫ ਜੰਪੀ ਡੌਨ, ਸਾਰਜ ਸਿੰਘ ਮਿੰਟੂ, ਜਸਵਿੰਦਰ ਰੌਕੀ, ਜਸਪ੍ਰੀਤ ਸਿੰਘ ਘਣਸ਼ਾਮਪੁਰਾ, ਹੈਰੀ ਚੱਠਾ, ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਆਦਿ ਦੇ ਨਾਂਅ ਆਉਂਦੇ ਹਨ।
ਇਨ੍ਹਾਂ ਵਿੱਚੋਂ ਕਈ ਮੁਕਾਬਲਿਆਂ ਤੇ ਆਪਸੀ ਕਤਲੋ-ਗਾਰਤ ਵਿੱਚ ਮਾਰੇ ਜਾ ਚੁੱਕੇ ਹਨ, ਕੁਝ ਜੇਲ੍ਹਾਂ ਵਿੱਚ ਬੰਦ ਹਨ, ਕੁਝ ਭਗੌੜੇ ਹਨ ਤੇ ਕਈ ਰਿੰਕੂ ਬੀਹਲਾ ਤੇ ਲਖਬੀਰ ਸਿੰਘ ਲੰਡੇ ਵਰਗੇ ਵਿਦੇਸ਼ਾਂ ਤੋਂ ਆਪਣੇ ਗੈਂਗ ਚਲਾ ਰਹੇ ਹਨ। ਕਈ ਵੱਡੇ ਗੈਂਗਸਟਰਾਂ ਦੇ ਗੈਂਗ ਉਨ੍ਹਾਂ ਦੇ ਮਰਨ ਜਾਂ ਫੜ੍ਹੇ ਜਾਣ ਤੋਂ ਬਾਅਦ ਵੀ ਸਰਗਰਮ ਹਨ। ਮਹੀਨੇ ਦਸਾਂ ਦਿਨਾਂ ਬਾਅਦ ਲਾਰੈਂਸ ਬਿਸ਼ਨੋਈ, ਦਵਿੰਦਰ ਬੰਬੀਹਾ ਤੇ ਜੱਗੂ ਭਗਵਾਨਪੁਰੀਏ ਆਦਿ ਗੈਂਗਾਂ ਦੀ ਸ਼ਮੂਲੀਅਤ ਕਿਸੇ ਨਾ ਕਿਸੇ ਅਪਰਾਧ ਵਿੱਚ ਸਾਹਮਣੇ ਆ ਹੀ ਜਾਂਦੀ ਹੈ। ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਵੱਖ-ਵੱਖ ਤਰੀਕਿਆਂ ਰਾਹੀਂ ਆਪਣੇ ਗੁਰਗਿਆਂ ਨੂੰ ਵਾਰਦਾਤ ਕਰਨ ਲਈ ਹੁਕਮ ਭੇਜਦੇ ਰਹਿੰਦੇ ਹਨ। ਸੰਦੀਪ ਦਾ ਕਤਲ ਵੀ ਬਰੈਂਪਟਨ (ਕੈਨੇਡਾ) ਵਾਸੀ ਪੱਤਰਕਾਰ ਤੇ ਕਬੱਡੀ ਪ੍ਰਮੋਟਰ ਸਨੋਵਰ ਢਿੱਲੋਂ ਦੇ ਕਹਿਣ ’ਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਫਤਿਹ ਸਿੰਘ, ਕੌਸ਼ਲ ਚੌਧਰੀ, ਅਮਿਤ ਡਾਗਰ ਤੇ ਸਿਮਰਨਜੀਤ ਸਿੰਘ ਆਦਿ ਨੇ ਆਪਣੇ ਗੁਰਗਿਆਂ ਤੋਂ ਕਰਵਾਇਆ ਹੈ।
ਸਨੋਵਰ ਸਿੰਘ ਨੇ ਇੱਕ ਕਬੱਡੀ ਕਲੱਬ ਬਣਾਇਆ ਹੋਇਆ ਹੈ ਤੇ ਉਹ ਦਬਾਅ ਪਾਉਂਦਾ ਸੀ ਕਿ ਸੰਦੀਪ ਨਾਲ ਸਬੰਧਿਤ ਪ੍ਰਸਿੱਧ ਖਿਡਾਰੀ ਉਸ ਦੇ ਕਲੱਬ ਵਾਸਤੇ ਖੇਡਣ। ਫਿਰੌਤੀ ਉਗਰਾਹੁਣ ਲਈ ਗੈਂਗਸਟਰ ਸ਼ਿਕਾਰ ਨੂੰ ਪਹਿਲਾਂ ਵਿਦੇਸ਼ੀ ਨੰਬਰ ਵਾਲੇ ਮੋਬਾਇਲ ਤੋਂ ਧਮਕਾਉਂਦੇ ਹਨ ਤੇ ਫਿਰੌਤੀ ਨਾ ਮਿਲਣ ’ਤੇ ਉਸ ਦੇ ਘਰ ਜਾਂ ਵਪਾਰਕ ਅਦਾਰੇ ’ਤੇ ਫਾਇਰਿੰਗ ਕਰਵਾ ਦੇਂਦੇ ਹਨ। ਪੰਜਾਬ ਦੇ ਇੱਕ ਸਿੰਗਰ, ਐਕਟਰ ਨਾਲ ਵੀ ਅਜਿਹਾ ਹੀ ਵਾਪਰਿਆ ਸੀ। ਪਹਿਲਾਂ ਉਸ ਨੂੰ ਪੈਸੇ ਦੇਣ ਲਈ ਧਮਕੀ ਭਰੇ ਫੋਨ ਕੀਤੇ ਗਏ ਤੇ ਬਾਅਦ ਵਿੱਚ ਉਸ ਦੀ ਕਾਰ ’ਤੇ ਗੋਲੀਆਂ ਚਲਾ ਕੇ ਜ਼ਖਮੀ ਕੀਤਾ ਗਿਆ। ਕੁਝ ਦਿਨ ਪਹਿਲਾਂ ਮੋਹਾਲੀ ਦੇ ਇੱਕ ਬੀਅਰ ਬਾਰ ਤੇ ਹੁਸ਼ਿਆਰਪੁਰ ਦੇ ਇੱਕ ਕਬੱਡੀ ਖਿਡਾਰੀ ਦੇ ਘਰ ’ਤੇ ਵੀ ਗੋਲੀਆਂ ਚਲਾਈਆਂ ਗਈਆਂ ਹਨ। ਫਿਰੌਤੀ ਦੀ ਮੰਗ ਪੂਰੀ ਨਾ ਹੋਣ ’ਤੇ ਕਈ ਵਿਅਕਤੀਆਂ ਨੂੰ ਕਤਲ ਤੱਕ ਵੀ ਕੀਤਾ ਜਾ ਚੁੱਕਾ ਹੈ।
ਗੈਂਗਸਟਰਾਂ ਦੁਆਰਾ ਪੰਜਾਬ ਵਿੱਚ ਕੀਤੀ ਗਈ ਸਭ ਤੋਂ ਵੱਡੀ ਵਾਰਦਾਤ ਸ਼ੌਰੀਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦਾ ਕਤਲ ਹੈ। ਅੱਤਵਾਦ ਦੌਰਾਨ ਕਈ ਸਾਲਾਂ ਤੱਕ ਖਾੜਕੂ ਜਥੇਬੰਦੀਆਂ ਦਾ ਡਟ ਕੇ ਮੁਕਾਬਲਾ ਕਰਨ ਕਾਰਨ ਬਲਵਿੰਦਰ ਸਿੰਘ, ਉਸ ਦੀ ਪਤਨੀ, ਭਰਾ ਅਤੇ ਭਰਜਾਈ ਨੂੰ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਕੱਠੇ ਚਾਰ ਸ਼ੌਰਿਆ ਚੱਕਰ ਪ੍ਰਦਾਨ ਕੀਤੇ ਗਏ ਸਨ। ਜਿਹੜਾ ਕੰਮ ਪੰਜਾਬ ਦੀਆਂ ਸਾਰੀਆਂ ਖਾੜਕੂ ਜਥੇਬੰਦੀਆਂ ਮਿਲ ਕੇ ਨਹੀਂ ਸੀ ਕਰ ਸਕੀਆਂ, ਉਹ ਅਣਜਾਣ ਜਿਹੇ ਗੈਂਗਸਟਰਾਂ ਨੇ ਕਰ ਦਿੱਤਾ। ਗੈਂਗਸਟਰਾਂ ਨੂੰ ਸ਼ਾਇਦ ਇਹ ਪਤਾ ਹੀ ਨਹੀਂ ਸੀ ਕਿ ਉਹ ਕਿਸ ਹਸਤੀ ਨੂੰ ਕਤਲ ਕਰਨ ਜਾ ਰਹੇ ਹਨ। ਇਸ ਕਤਲ ਦੇ ਤਾਰ ਵੀ ਵਿਦੇਸ਼ਾਂ ਨਾਲ ਜੁੜੇ ਦੱਸੇ ਜਾਂਦੇੇ ਹਨ। ਗੈਂਗਸਟਰਾਂ ਦਾ ਨੈੱਟਵਰਕ ਬਹੁਤ ਵੱਡਾ ਹੈ ਤੇ ਇਨ੍ਹਾਂ ਦੇ ਗੁਰਗੇ ਥਾਂ-ਥਾਂ ’ਤੇ ਬੈਠੇ ਹੋਏ ਹਨ।
ਕਾਫੀ ਸਾਲ ਪਹਿਲਾਂ ਦੀ ਗੱਲ ਹੈ ਕਿ ਲੁਧਿਆਣਾ ਜਿਲ੍ਹੇ ਦੇ ਇੱਕ ਠੱਗ ਟਰੈਵਲ ਏਜੰਟ ਨੇ ਕਿਸੇ ਵਿਅਕਤੀ ਤੋਂ ਵਿਦੇਸ਼ ਭੇਜਣ ਲਈ ਪੈਸੇ ਲੈ ਲਏ। ਉਹ ਗ੍ਰਾਹਕ ਨੂੰ ਬਾਹਰ ਨਾ ਭੇਜ ਸਕਿਆ ਪਰ ਪੈਸੇ ਮੋੜਨ ਤੋਂ ਸਾਫ ਜਵਾਬ ਦੇ ਦਿੱਤਾ। ਪੈਸੇ ਲੈਣ ਵਾਲਾ ਬੰਦਾ ਕਿਸੇ ਗੈਂਗਸਟਰ ਦਾ ਵਾਕਫ ਸੀ ਤੇ ਉਸ ਨੇ ਗੈਂਗਸਟਰ ਦੀ ਏਜੰਟ ਨਾਲ ਫੋਨ ’ਤੇ ਗੱਲ ਕਰਵਾ ਦਿੱਤੀ। ਗੈਂਗਸਟਰ ਵੱਲੋਂ ਧਮਕੀਆਂ ਦੇਣ ’ਤੇ ਏਜੰਟ ਨੇ ਉਸਨੂੰ ਵੀ ਗਾਲ੍ਹਾਂ ਕੱਢ ਦਿੱਤੀਆਂ। ਫੋਨ ਕਾਲ ਤੋਂ ਸਿਰਫ 20-25 ਮਿੰਟ ਬਾਅਦ ਹੀ ਗੈਂਗਸਟਰ ਦੇ ਮੁਸ਼ਟੰਡੇ ਏਜੰਟ ਦੇ ਦਫਤਰ ਪਹੁੰਚ ਗਏ। ਦਫਤਰ ਦੀ ਭੰਨ੍ਹ-ਤੋੜ ਕਰਨ ਤੋਂ ਇਲਾਵਾ ਏਜੰਟ ਦਾ ਵੀ ਰੱਜ ਕੇ ਕੁਟਾਪਾ ਕੀਤਾ ਤੇ ਦੁਬਾਰਾ ਉਸ ਦੀ ਗੈਂਗਸਟਰ ਨਾਲ ਗੱਲ ਕਰਵਾਈ ਗਈ। ਗੈਂਗਸਟਰ ਦੀ ਕਮਿਸ਼ਨ ਸਮੇਤ ਦੁੱਗਣਾ ਪੈਸੇ ਦੇ ਕੇ ਏਜੰਟ ਨੇ ਮਸਾਂ ਆਪਣੀ ਜਾਨ ਛੁਡਾਈ। ਸੰਦੀਪ ਵਰਗੇ ਹੋਣਹਾਰ ਕਬੱਡੀ ਖਿਡਾਰੀ ਦਾ ਕਤਲ ਉਸ ਦੇ ਘਰ ਵਾਲਿਆਂ ਵਾਸਤੇ ਕਿਸੇ ਕਹਿਰ ਤੋਂ ਘੱਟ ਨਹੀਂ ਹੈ। ਆਮ ਘਰ ਤੋਂ ਉੱਠ ਕੇ ਐਨੀ ਵੱਡੀ ਪ੍ਰਸਿੱਧੀ ਹਾਸਲ ਕਰਨੀ ਕਿਸੇ ਹਾਰੀ-ਸਾਰੀ ਦੇ ਵੱਸ ਦੀ ਗੱਲ ਨਹੀਂ ਹੈ।
ਕਬੱਡੀ ਦੇ ਪ੍ਰਸਿੱਧ ਖਿਡਾਰੀਆਂ ਨੂੰ ਵਿਦੇਸ਼ੀ ਕਲੱਬਾਂ ਵੱਲੋਂ ਮਿਲਦੇ ਵਧੀਆ ਪੈਸੇ ਕਾਰਨ ਗੈਂਗਸਟਰ ਹੁਣ ਕਬੱਡੀ ਵਿੱਚ ਵੀ ਦਖਲਅੰਦਾਜ਼ੀ ਕਰਨ ਲੱਗ ਪਏ ਹਨ। ਮਾਲਵੇ ਵਿੱਚ ਅਜਿਹੇ ਕੁਝ ਕੇਸ ਸਾਹਮਣੇ ਆਏ ਹਨ ਕਿ ਗੈਂਗਸਟਰ ਵਿਦੇਸ਼ਾਂ ਦੇ ਟੂਰ ਲਾਉਣ ਵਾਲੇ ਕਈ ਖਿਡਾਰੀਆਂ ਤੋਂ ਲੱਤਾਂ ਤੋੜ ਕੇ ਕਰੀਅਰ ਖਰਾਬ ਕਰਨ ਦੀਆਂ ਧਮਕੀਆਂ ਦੇ ਕੇ ਪੈਸੇ ਬਟੋਰ ਚੁੱਕੇ ਹਨ। ਗੈਂਗਸਟਰਾਂ ਦੀ ਹਿੰਮਤ ਇਸ ਕਾਰਨ ਜ਼ਿਆਦਾ ਵਧ ਗਈ ਹੈ ਕਿਉਂਕਿ ਡਰਦੇ ਮਾਰੇ ਲੋਕ ਇਨ੍ਹਾਂ ਖਿਲਾਫ ਪੁਲਿਸ ਕੋਲ ਸ਼ਿਕਾਇਤ ਕਰਨ ਤੋਂ ਕਤਰਾਉਂਦੇ ਹਨ। ਅਦਾਲਤਾਂ ਵਿੱਚ ਵੀ ਪੀੜਤਾਂ ਵੱਲੋਂ ਗੈਂਗਸਟਰਾਂ ਦੇ ਖਿਲਾਫ ਗਵਾਹੀ ਨਾ ਦੇਣ ਕਾਰਨ ਇਹ ਜ਼ਿਆਦਾਤਰ ਮੁਕੱਦਮਿਆਂ ਵਿੱਚੋਂ ਬਰੀ ਹੋ ਜਾਂਦੇ ਹਨ। ਧਨੌਲੇ ਦੇ ਰਹਿਣ ਵਾਲੇ ਗੈਂਗਸਟਰ ਕਾਲੇ ਦੇ ਖਿਲਾਫ 40-45 ਦੇ ਕਰੀਬ ਫੌਜਦਾਰੀ ਮੁਕੱਦਮੇ ਦਰਜ਼ ਹਨ। ਪਰ ਗਵਾਹਾਂ ਨੂੰ ਡਰਾਉਣ-ਧਮਕਾਉਣ ਕਾਰਨ ਉਹ ਤਕਰੀਬਨ ਸਾਰੇ ਮੁਕੱਦਮਿਆਂ ਵਿੱਚੋਂ ਬਰੀ ਹੋ ਚੁੱਕਾ ਹੈ। ਸਿਰਫ ਇੱਕ-ਦੋ ਕੇਸਾਂ ਵਿੱਚ ਹੀ ਅੰਦਰ ਹੈ। ਗੈਂਗਸਟਰਾਂ ਦੀ ਜ਼ਿੰਦਗੀ ਵੇਖਣ ਨੂੰ ਬਹੁਤ ਰੁਮਾਂਟਿਕ ਤੇ ਵਧੀਆ ਲੱਗਦੀ ਹੈ ਪਰ ਅਸਲ ਵਿੱਚ ਬਹੁਤ ਹੀ ਬੁਰੀ ਹੁੰਦੀ ਹੈ।
ਹਰ ਵੇਲੇ ਪੁਲਿਸ ਦੀ ਗੋਲੀ ਦਾ ਡਰ ਸਤਾਉਂਦਾ ਰਹਿੰਦਾ ਹੈ। ਪੁਲਿਸ ਮੁਕਾਬਲੇ ਵਿੱਚ ਵਿੱਕੀ ਗੌਂਡਰ ਦੀ ਮੌਤ ਹੋਣ ਤੋਂ ਬਾਅਦ ਘੈਂਟ ਅਖਵਾਉਣ ਵਾਲੇ ਕਈ ਗੈਂਗਸਟਰਾਂ ਨੇ ਡਰਦੇ ਮਾਰੇ ਆਤਮ-ਸਮੱਰਪਣ ਕਰ ਦਿੱਤਾ ਸੀ। ਜਵਾਨੀ ਵਿੱਚ ਵੈਸੇ ਵੀ ਆਦਮੀ ਨੂੰ ਲੜਨ-ਖਹਿਣ ਦਾ ਬਹੁਤ ਚਾਅ ਹੁੰਦਾ ਹੈ। ਸਿਆਲ ਦੀਆਂ ਰਾਤਾਂ ਨੂੰ ਧੂਣੀਆਂ ’ਤੇ ਬੈਠ ਕੇ ਲੜਾਈ ਦੀਆਂ ਗੱਲਾਂ ਸੁਣਨੀਆਂ ਬਹੁਤ ਚੰਗੀਆਂ ਲੱਗਦੀਆਂ ਹਨ। ਅੰਗਰੇਜ਼ੀ ਦੀ ਇੱਕ ਕਹਾਵਤ ਹੈ ਜਿਸ ਦਾ ਪੰਜਾਬੀ ਤਰਜ਼ਮਾ ਹੈ ਕਿ ਜਿਸ ਨੇ ਕਦੇ ਜੰਗ ਵਿੱਚ ਭਾਗ ਨਹੀਂ ਲਿਆ, ਉਸ ਨੂੰ ਜੰਗ ਬਹੁਤ ਚੰਗੀ ਲੱਗਦੀ ਹੈ। ਨਵੇਂ ਰੰਗਰੂਟਾਂ ਨੂੰ ਫਸਾਉਣ ਲਈ ਗੈਂਗਸਟਰ ਹੁਣ ਸੋਸ਼ਲ ਮੀਡੀਆ ਦੀ ਵਰਤੋਂ ਵੀ ਕਰਨ ਲੱਗ ਪਏ ਹਨ। ਕਈ ਇਨਾਮੀ ਗੈਂਗਸਟਰਾਂ ਦੇ ਮਰਨ ਤੋਂ ਬਾਅਦ ਵੀ ਉਨ੍ਹਾਂ ਦੇ ਫੇਸਬੁੱਕ ਪੇਜ਼ ਚੱਲ ਰਹੇ ਹਨ ਜਿਨ੍ਹਾਂ ’ਚ ਉਨ੍ਹਾਂ ਦੀ ਉਸਤਤ ਦੀਆਂ ਪੋਸਟਾਂ ਪਾਈਆਂ ਜਾਂਦੀਆਂ ਹਨ। ਪਰ ਪੰਜਾਬ ਦੇ ਜਵਾਨਾਂ ਨੂੰ ਚਾਹੀਦਾ ਹੈ ਕਿ ਇੱਜਤ ਵਾਲੀ ਜ਼ਿੰਦਗੀ ਬਤੀਤ ਕਰਨ ਲਈ ਇਨ੍ਹਾਂ ਬਦਮਾਸ਼ਾਂ ਤੋਂ ਦੂਰ ਹੀ ਰਹਿਣ। ਦੋ-ਚਾਰ ਗੈਂਗਸਟਰਾਂ ਨੂੰ ਛੱਡ ਕੇ ਬਾਕੀਆਂ ਦੇ ਪਰਿਵਾਰਾਂ ਦੀ ਸਥਿਤੀ ਬਹੁਤ ਹੀ ਬੁਰੀ ਹੈ। ਜੇ ਕਿਸੇ ਨੂੰ ਮੇਰੀ ਗੱਲ ’ਤੇ ਸ਼ੱਕ ਹੋਵੇ ਤਾਂ ਜਾ ਕੇ ਵਿੱਕੀ ਗੌਂਡਰ ਦੇ ਘਰ ਦੀ ਹਾਲਤ ਵੇਖ ਲਵੇ। ਉਹ ਦਿਨ ਦੂਰ ਨਹੀਂ ਜਦੋਂ ਅੱਤਵਾਦ ਵਾਂਗ ਪੰਜਾਬ ਵਿੱਚੋਂ ਗੈਂਗਸਟਰ ਕਲਚਰ ਵੀ ਖਤਮ ਹੋ ਜਾਵੇਗਾ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿਧਵਾਂ
ਮੋ. 950110-00062
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ