ਕਾਬੂ ਵਿਅਕਤੀਆਂ ਵਿਰੁੱਧ ਪਹਿਲਾਂ ਵੀ ਦਰਜ ਨੇ ਕਈ ਮਾਮਲੇ
(ਜਸਵੀਰ ਸਿੰਘ ਗਹਿਲ/ ਮਨੋਜ) ਧਨੌਲਾ / ਬਰਨਾਲਾ। ਬਰਨਾਲਾ ਪੁਲਿਸ (Barnala Police) ਨੇ ਨਸ਼ਾ ਵਿਰੋਧੀ ਵਿੱਢੀ ਮੁਹਿੰਮ ਤਹਿਤ ਪਿੰਡ ਜਵੰਦਾ ਪਿੰਡੀ ਦੇ ਸਾਬਕਾ ਸਰਪੰਚ ਤੇ ਇੱਕ ਪੰਚ ਨੂੰ ਦੋ ਕਿਲੋ ਅਫੀਮ ਸਣੇ ਗ੍ਰਿਫਤਾਰ ਕਰਨ ‘ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐੱਸਪੀਡੀ ਬਰਨਾਲਾ ਅਨਿਲ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਆਈਪੀਐਸ ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਪ ਕਪਤਾਨ ਪੁਲਿਸ ਰਵਿੰਦਰ ਸਿੰਘ ਦੀ ਯੋਗ ਅਗਵਾਈ ‘ਚ ਸੀਆਈਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ ਮਿਲੀ ਇਤਲਾਹ ਤਹਿਤ ਸਾਬਕਾ ਸਰਪੰਚ ਮਨਦੀਪ ਸਿੰਘ ਉਰਫ ਸੋਨੂੰ ਵਾਸੀ ਜਵੰਦਾ ਪਿੰਡੀ ਧਨੌਲਾ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਕੋਲੋਂ ਇੱਕ ਕਿੱਲੋ ਵੀਹ ਗ੍ਰਾਮ ਅਫੀਮ ਬਰਾਮਦ ਕੀਤੀ ਸੀ।
ਇਸ ਪਿੱਛੋ ਤਫਤੀਸ਼ ਦੌਰਾਨ ਬਰਨਾਲਾ ਪੁਲਿਸ (Barnala Police) ਨੇ ਉਸ ਦੀ ਨਿਸ਼ਾਨਦੇਹੀ ਤੇ ਇਕ ਕਿਲੋ ਅਫੀਮ ਹੋਰ ਬਰਾਮਦ ਕੀਤੀ ਹੈ। ਜਿਕਰਯੋਗ ਹੈ ਕਿ ਮਨਦੀਪ ਸਿੰਘ ਸਾਬਕਾ ਸਰਪੰਚ ਤੇ ਉਸ ਦੀ ਮਾਤਾ ਮੌਜੂਦਾ ਸਮੇਂ ’ਚ ਪਿੰਡ ਦੀ ਸਰਪੰਚ ਹੈ। ਉਸਦੇ ਸਾਥੀ ਪੰਚ ਪਰਮਜੀਤ ਸਿੰਘ ਸਣੇ ਧਨੌਲਾ ਦੀ ਅਨਾਜ ਮੰਡੀ ਤੋਂ ਬਰਨਾਲਾ ਪੁਲਿਸ ਨੇ ਕਾਬੂ ਕੀਤਾ ਸੀ।
ਉਹਨਾਂ ਦੱਸਿਆ ਕਿ ਇਹ ਅਫ਼ੀਮ ਸੁਖਪਾਲ ਰਾਮ ਉਰਫ ਸੋਨੀ ਵਾਸੀ ਕਾਲੇਕੇ ਨੇ ਵੇਚਣ ਲਈ ਉਕਤ ਦੋਵਾਂ ਨੂੰ ਦਿੱਤੀ ਸੀ, ਜਿਸ ਦੇ ਖ਼ਿਲਾਫ਼ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਪੁਲਿਸ ਵੱਲੋਂ ਸੁਖਪਾਲ ਸਿੰਘ ਦੀ ਵੀ ਭਾਲ ਆਰੰਭ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਕਾਬੂ ਕਿਤੇ ਗਏ ਸਾਬਕਾ ਸਰਪੰਚ ਮਨਦੀਪ ਸਿੰਘ ਤੇ ਪੰਚ ਪਰਮਜੀਤ ਸਿੰਘ ਖ਼ਿਲਾਫ਼ ਥਾਣਾ ਧਨੌਲਾ ਅਤੇ ਲੌਂਗੋਵਾਲ ਵਿਖੇ ਆਰਮਜ਼ ਐਕਟ ਤਹਿਤ ਲੜਾਈ ਝਗੜੇ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਕਾਬੂ ਦੋਵਾਂ ਵਿਅਕਤੀਆਂ ਨੂੰ ਅਦਾਲਤ ਚ ਪੇਸ਼ ਕਰਕੇ ਬਰਨਾਲਾ ਪੁਲਿਸ ਵੱਲ ਦੋ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁੱਛਗਿੱਛ ਜਾਰੀ ਹੈ, ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ