ਨਗਰ ਕੌਂਸਲ ਭਦੌੜ ਦੇ ਵਿਹੜੇ ’ਚ ਸਫਾਈ ਸੇਵਕ ਵੱਲੋਂ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼

Suicide Attempt Sachkahoon

ਮਾਮਲਾ ਸਫਾਈ ਸੇਵਕਾਂ ਨੂੰ ਲੰਬੇ ਸਮੇਂ ਤੋਂ ਤਨਖਾਹਾਂ ਨਾ ਮਿਲਣ ਦਾ

(ਕਾਲਾ ਸ਼ਰਮਾ) ਭਦੌੜ। ਨਗਰ ਕੌਂਸਲ ਭਦੌੜ ਦੇ ਸਫ਼ਾਈ ਸੇਵਕਾਂ ਨੂੰ ਲੰਬੇ ਸਮੇਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਸਫਾਈ ਸੇਵਕ ਅਤੇ ਉਨ੍ਹਾਂ ਦੇ ਪਰਿਵਾਰ ਬੇਹੱਦ ਪ੍ਰੇਸ਼ਾਨ ਹਨ। ਅਜਿਹੇ ਵਿੱਚ ਸਥਾਨਕ ਕਸਬੇ ਦੇ ਇੱਕ ਸਫ਼ਾਈ ਸੇਵਕ ਨੇ ਨਗਰ ਕੌਂਸਲ ਦੇ ਵਿਹੜੇ ਅੰਦਰ ਹੀ ਖੁਦ ’ਤੇ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਖੁਦਕੁਸ਼ੀ ਦੀ ਕੋਸ਼ਿਸ ਕਰਨ ਵਾਲੇ ਸਫਾਈ ਸੇਵਕ ਰਮੇਸ਼ ਕੁਮਾਰ ਨੂੰ ਬਚਾ ਲਿਆ ਗਿਆ। ਨਗਰ ਕੌਂਸਲ ਦਫ਼ਤਰ ਦੇ ਵਿਹੜੇ ’ਚ ਵਾਪਰੀ ਉਕਤ ਘਟਨਾ ਉਪਰੰਤ ਨਗਰ ਕੌਂਸਲ ਦੇ ਪ੍ਰਸ਼ਾਸਨ ’ਚ ਭਾਜੜ ਮੱਚ ਗਈ। ਨਗਰ ਕੌਂਸਲ ਪ੍ਰਧਾਨ ਅਤੇ ਕਾਰਜਸਾਧਕ ਅਫਸਰ ਨੇ ਤੁਰੰਤ ਸਫਾਈ ਸੇਵਕਾਂ ਨੂੰ ਮੀਟਿੰਗ ਲਈ ਬੁਲਾ ਲਿਆ। ਇਸ ਸਮੇਂ ਸਫਾਈ ਸੇਵਕਾਂ ਨੇ ਨਗਰ ਕੌਂਸਲ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਉਨਾਂ ਦੱਸਿਆ ਕਿ ਉਹ ਪਿਛਲੇ 6 ਦਿਨਾਂ ਤੋਂ ਹੜਤਾਲ ’ਤੇ ਬੈਠੇ ਹਨ ਅਤੇ ਕੰਮਕਾਰ ਬੰਦ ਹੈ ਜਿਸ ਕਾਰਨ ਉਹਨਾਂ ਨਗਰ ਕੌਂਸਲ ਮੂਹਰੇ ਕੂੜੇ ਦੀਆਂ ਭਰੀਆਂ ਟਰਾਲੀਆਂ ਲਗਾਈਆਂ ਹੋਈਆਂ ਹਨ। ਸਫਾਈ ਸੇਵਕਾਂ ਹਰਮੇਸ਼ ਕੁਮਾਰ, ਮੁਕੇਸ਼ ਕੇਸ਼ਾ, ਸ਼ੰਕਰ ਕੁਮਾਰ,ਪੱਪੂ ਸਿੰਘ, ਜਰਨੈਲ ਸਿੰਘ,ਮੋਹਨ ਲਾਲ, ਗੁੱਲੀ ਸਿੰਘ ਆਦਿ ਨੇ ਦੱਸਿਆ ਕਿ ਉਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਲਗਪਗ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ। ਜਿਸ ਕਰਕੇ ਸਾਡਾ ਗੁਜ਼ਾਰਾ ਮੁਸ਼ਕਿਲ ਹੋਇਆ ਪਿਆ ਹੈ ਜਿਸ ਕਾਰਨ ਜ਼ਿਆਦਾਤਰ ਸਮਾਂ ਸਫਾਈ ਸੇਵਕ ਹੜਤਾਲਾਂ ’ਤੇ ਹੀ ਬੈਠੇ ਰਹਿੰਦੇ ਹਨ ਅਤੇ ਨਗਰ ਕੌਂਸਲ ਦੇ ਨੇੜੇ ਦੁਕਾਨ ਅਤੇ ਘਰ ਹੋਣ ਕਾਰਨ ਉਨਾਂ ਨੂੰ ਗੰਦਗੀ ਅਤੇ ਬਦਬੂ ਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਮੋਹਿਤ ਸ਼ਰਮਾ ਨੇ ਮੰਨਿਆ ਕਿ ਸਫਾਈ ਸੇਵਕਾਂ ਦੀਆਂ ਤਨਖਾਹਾਂ ਤਿੰਨ ਮਹੀਨਿਆਂ ਤੋਂ ਰੁਕੀਆਂ ਹੋਈਆਂ ਹਨ। ਨਗਰ ਕੌਂਸਲ ਦੇ ਪ੍ਰਧਾਨ ਨੇ ਸਫਾਈ ਸੇਵਕਾਂ ਨਾਲ ਮੀਟਿੰਗ ਕਰਕੇ ਉਨਾਂ ਨੂੰ ਬੁੱਧਵਾਰ ਤੱਕ ਤਨਖਾਹਾਂ ਦੇਣ ਦਾ ਭਰੋਸਾ ਦਿਵਾਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ