ਭਰਿੰਡ ਰੰਗੀ ਕਮੀਜ
2016-17 ਦੀ ਗੱਲ ਹੈ ਮਾਰਚ ਦੇ ਮਹੀਨੇ ਵਿਭਾਗ ਵੱਲੋਂ ਸਾਡੇ ਕੈਂਪ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਵਿੱਚ ਲਾ ਦਿੱਤੇ ਗਏ। ਸਾਡੀ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਪੇਪਰਾਂ ਦੇ ਦਿਨਾਂ ਵਿੱਚ ਆਪਾਂ ਕੈਂਪਾਂ ਦਾ ਬਾਈਕਾਟ ਕਰਨਾ ਹੈ ਕਿਉਂਕਿ ਇਹ ਇਮਤਿਹਾਨਾਂ ਦੇ ਦਿਨ ਹਨ ਅਤੇ ਨੰਨ੍ਹੇ-ਮੁੰਨੇ ਬੱਚੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਉਡੀਕਦੇ ਪਏ ਹਨ। ਜਥੇਬੰਦੀ ਦੀ ਕਾਲ ’ਤੇ ਅਸੀਂ ਜਿਲ੍ਹਾ ਮਾਨਸਾ ਦੀ ਸੰਸਥਾ ਡਾਇਟ ਅਹਿਮਦਪੁਰ ਵਿਖੇ ਸਵੇਰੇ ਹੀ ਕੈਂਪ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ।
ਜਦੋਂ ਹੀ ਕੈਂਪ ਇੰਚਾਰਜ ਨੇ ਬੋਲਣਾ ਸ਼ੁਰੂ ਕੀਤਾ ਤਾਂ ਮੈਂ ਹੱਥ ਖੜ੍ਹਾ ਕਰਦਿਆਂ ਕਿਹਾ, ਸਰ ਮੈਂ ਕੁਝ ਬੋਲਣਾ ਹੈ! ਤਾਂ ਉਨ੍ਹਾਂ ਮੈਨੂੰ ਸਟੇਜ ’ਤੇ ਬੁਲਾ ਲਿਆ। ਮੈਂ ਸਟੇਜ ਤੋਂ ਬੋਲਦਿਆਂ ਕਿਹਾ ਕਿ ਸਾਰੇ ਸਾਥੀ ਨੋਟ ਕਰੋ ਆਪਣੀ ਜਥੇਬੰਦੀ ਵੱਲੋਂ ਕੈਂਪਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ ਅਤੇ ਆਪਾਂ ਵੀ ਜਥੇਬੰਦੀ ਦੇ ਫੈਸਲੇ ਨੂੰ ਲਾਗੂ ਕਰਨਾ ਹੈ ਕਿਉਂਕਿ ਪੇਪਰਾਂ ਦੇ ਦਿਨ ਹਨ ਇਸ ਸਮੇਂ ਸਾਡੀ ਜ਼ਰੂਰਤ ਕੈਂਪਾਂ ਵਿਚ ਹੋਣ ਦੀ ਬਜਾਏ ਸਕੂਲਾਂ ਵਿਚ ਹੈ। ਜੇਕਰ ਕੈਂਪ ਲਾਉਣੇ ਹਨ ਤਾਂ ਉਹ ਅਪਰੈਲ ਜਾਂ ਮਈ ਦੇ ਮਹੀਨੇ ਲਾਏ ਜਾਣ ਇੰਨਾ ਕਹਿੰਦਿਆਂ ਅਸੀਂ ਸਾਰੇ ਕੈਂਪ ਵਾਲੇ ਕਮਰੇ ਵਿੱਚੋਂ ਬਾਹਰ ਨੂੰ ਤੁਰ ਪਏ। ਇੰਨੇ ਨੂੰ ਸਾਡੀ ਗੱਲ ਦੀ ਭਿਣਕ ਸੰਸਥਾ ਦੀ ਪਿ੍ਰੰਸੀਪਲ ਨੂੰ ਪੈ ਗਈ। ਉਨ੍ਹਾਂ ਸਾਨੂੰ ਕਿਹਾ ਕਿ ਤੁਸੀਂ ਕੈਂਪ ਲਾਓ ਇਹ ਸਾਰੇ ਸਰਕਾਰੀ ਕੰਮ ਹਨ ਪਰੰਤੂ ਅਸੀਂ ਪ੍ਰਵਾਹ ਨਾ ਕਰਦਿਆਂ ਆਪਣੇ ਬੱਚਿਆਂ ਦੇ ਪੱਖ ਵਿੱਚ ਖੜ੍ਹਨ ਦੀ ਗੱਲ ਕੀਤੀ ਤੇ ਕਿਹਾ ਕਿ ਜੇਕਰ ਤੁਸੀਂ ਇਹ ਕੈਂਪ ਲਾਉਣੇ ਹਨ ਤਾਂ ਇਹ ਅਪਰੈਲ ਜਾਂ ਮਈ ਮਹੀਨੇ ਵਿੱਚ ਲਾਓ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋ ਸਕੇ ਤੇ ਅਸੀਂ ਆਪਣੇ ਧਰਨੇ ਦੇ ਪ੍ਰੋਗਰਾਮ ’ਤੇ ਡਟੇ ਰਹੇ।
ਸੰਸਥਾ ਦੇ ਥੱਲੇ ਉੱਤਰਦਿਆਂ-ਉੱਤਰਦਿਆਂ ਡਾ. ਬੂਟਾ ਸਿੰਘ ਸੇਖੋਂ ਕੋਲ ਡਾਇਰੈਕਟਰ ਐਸਸੀਈਆਰਟੀ ਦਾ ਫੋਨ ਆ ਗਿਆ ਕਿ ਮੇਰੀ ਪ੍ਰਧਾਨ ਜੀਆਂ ਨਾਲ ਗੱਲ ਕਰਾਓ ਮੈਂ ਉਨ੍ਹਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਰ ਇਹ ਸਮਾਂ ਕੈਂਪਾਂ ਦਾ ਸਮਾਂ ਨਹੀਂ ਹੈ, ਇਹ ਸਮਾਂ ਬੱਚਿਆਂ ਦੇ ਇਮਤਿਹਾਨਾਂ ਦਾ ਹੈ , ਸਾਰੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਭੇਜਿਆ ਜਾਵੇ ਤਾਂ ਜੋ ਸਾਡੇ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕੇ ਕਹਿ ਕੇ ਮੈਂ ਗੱਲ ਸਮਾਪਤ ਕਰ ਦਿੱਤੀ।
ਅਸੀਂ ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਦੇ ਗੇਟ ਅੱਗੇ ਧਰਨਾ ਮਾਰ ਦਿੱਤਾ। ਪੁਲਿਸ ਨੂੰ ਖ਼ਬਰ ਹੋ ਗਈ ਗੱਡੀਆਂ ਭਰ ਕੇ ਪੁਲਿਸ ਦੀਆਂ ਆ ਗਈਆਂ ਅਸੀਂ ਆਪਣਾ ਪ੍ਰੋਗਰਾਮ ਜਾਰੀ ਰੱਖਿਆ ਤੇ ਸਾਡੇ ਬੁਲਾਰੇ ਬੋਲਦੇ ਰਹੇ। ਇੰਨੇ ਨੂੰ ਥਾਣੇਦਾਰ ਸਾਹਿਬ ਪਹੁੰਚੇ ਤਾਂ ਪਤਾ ਨਹੀਂ ਕਿਸ ਨੇ ਬੋਲਦਿਆਂ ਕਿਹਾ ਕਿ ਉਹ ਭਰਿੰਡ ਰੰਗੀ ਕਮੀਜ ਵਾਲਾ ਲਵਾ ਰਿਹਾ ਧਰਨਾ। ਉਨ੍ਹਾਂ ਮੈਨੂੰ ਆਪਣੇ ਕੋਲ ਬੁਲਾਇਆ ਤੇ ਪੂਰੀ ਗੱਲ ਸੁਣੀ ਅਸੀਂ ਤਰਕਵਾਦੀ ਗੱਲ ਕਰਦਿਆਂ ਆਪਣੀ ਗੱਲ ਮਨਾਉਣ ਵਿੱਚ ਕਾਮਯਾਬ ਰਹੇ ਸ਼ਾਮ ਤੱਕ ਪੂਰੇ ਪੰਜਾਬ ਵਿੱਚ ਇਨ੍ਹਾਂ ਕੈਂਪਾਂ ਨੂੰ ਅੱਗੇ ਕੀਤਾ ਗਿਆ ਤੇ ਸਾਡੀ ਜਿੱਤ ਹੋਈ। ਅੱਜ ਪਤਾ ਨਹੀਂ ਫਿਰ ਕਿਵੇਂ ਉਹੀ ਭਰਿੰਡ ਰੰਗੀ ਕਮੀਜ ਮੈਨੂੰ ਦੁਬਾਰਾ ਮਿਲ ਗਈ ਮੈਂ ਪਾਣੀ ਮਾਰ ਕੇ ਦੁਬਾਰਾ ਉਸ ਨੂੰ ਪ੍ਰੈਸ ਕਰਦਾ ਪੁਰਾਣੇ ਸਮੇਂ ਦੀਆਂ ਯਾਦਾਂ ਤਰੋਤਾਜਾ ਕਰ ਮਨ ਹੀ ਮਨ ਸਮੇਂ ਦੇ ਇੰਨੀ ਤੇਜੀ ਨਾਲ ਲੰਘਣ ਨੂੰ ਲੈ ਕੇ ਚਿੰਤਤ ਸੀ।
ਅਮਨਦੀਪ ਸ਼ਰਮਾ
ਗੁਰਨੇ ਕਲਾਂ, ਮਾਨਸਾ
ਮੋ. 98760-74055
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ