ਸਰਕਾਰੀ ਹਸਪਤਾਲ ਦਾ ਕੀਤਾ ਦੌਰਾ
(ਮਨੋਜ) ਮਲੋਟ। ‘ਆਪ’ ਪਾਰਟੀ ਦੀ ਸਰਕਾਰ ਆਉਣ ’ਤੇ ਚੰਗੀਆਂ ਸਿਹਤ ਸੁਵਿਧਾਵਾਂ ਦੇਣ ਦੇ ਜਨਤਾ ਨਾਲ ਕੀਤੇ ਵਾਅਦੇ ਅਨੁਸਾਰ ਮਲੋਟ ਵਿਧਾਨ ਸਭਾ ਸੀਟ ਤੋਂ ਨਵੀਂ ਬਣੀ ਵਿਧਾਇਕ ਡਾ. ਬਲਜੀਤ ਕੌਰ (New MLA) ਨੇ ਅੱਜ ਸਰਕਾਰੀ ਹਸਪਤਾਲ ਮਲੋਟ ਦਾ ਦੌਰਾ ਕਰਕੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਨਿਭਾਉਣ ਦੀ ਸ਼ੁਰੂਆਤ ਕਰਦਿਆਂ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਅਤੇ ਹਰ ਤਰਾਂ ਦੇ ਮਰੀਜਾਂ ਦੇ ਵਾਰਡਾਂ ਵਿੱਚ ਜਾ ਕੇ ਉਹਨਾਂ ਨੂੰ ਕਿਸੇ ਵੀ ਤਰਾਂ ਦੀ ਆ ਰਹੀ ਸਮੱਸਿਆ ਦੇ ਬਾਰੇ ਜਾਣਕਾਰੀ ਲਈ।
ਇਸ ਉਪਰੰਤ ਉਨਾਂ ਨੇ ਅਲੱਗ-ਅਲਗ ਵਾਰਡਾਂ ਦੇ ਡਾਕਟਰਾਂ, ਨਰਸਾਂ, ਆਸ਼ਾ ਵਰਕਰਾਂ, ਕੰਟਰੈਕਟ ਬੇਸ ਤੇ ਲੱਗੇ ਵਰਕਰਾਂ ਆਦਿ ਨਾਲ ਮਿਲਣ ਤੋਂ ਬਾਅਦ ਸੀਨੀਅਰ ਮੈਡੀਕਲ ਅਫ਼ਸਰ ਡਾ. ਰਸ਼ਮੀ ਚਾਵਲਾ ਨਾਲ ਮੀਟਿੰਗ ਕੀਤੀ। ਇਸ ਮੀਟਿਗ ਵਿੱਚ ਉਨਾਂ ਨੇ ਡਾਕਟਰ ਰਸ਼ਮੀ ਚਾਵਲਾ ਨੂੰ ਸਾਰੇ ਸਟਾਫ਼ ਨੂੰ ਸਮੇਂ ਸਿਰ ਹਸਪਤਾਲ ਵਿੱਚ ਆਉਣ ਅਤੇ ਮਰੀਜ਼ਾਂ ਨੂੰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਨਾ ਆਉਣ ਲਈ ਕਿਹਾ। ਉਨਾਂ ਕਿਹਾ ਕਿ ਜੋ ਸਰਕਾਰੀ ਹਸਪਤਾਲ ਵਿੱਚ ਦਵਾਈਆਂ ਆਉਂਦੀਆਂ ਹਨ ਉਹ ਮਰੀਜਾਂ ਨੂੰ ਦਿੱਤੀਆਂ ਜਾਣ ਤਾਂ ਕਿ ਕਿਸੇ ਨੂੰ ਬਾਹਰ ਤੋਂ ਦਵਾਈ ਨਾ ਖਰੀਦਣੀ ਪਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾ. ਬਲਜੀਤ ਕੌਰ ਨੇ ਕਿਹਾ ਕਿ ਪਾਰਟੀ ਦਾ ਸਭ ਤੋਂ ਪਹਿਲਾ ਮੁੱਦਾ ਸਿਹਤ ਸਬੰਧੀ ਸੁਵਿਧਾਵਾਂ ਦੇਣਾ ਅਤੇ ਸਿੱਖਿਆ ਨੂੰ ਪ੍ਰਫੁੱਲਿਤ ਕਰਨਾ ਹੈ ਇਸਦੇ ਤਹਿਤ ਅੱਜ ਸਰਕਾਰੀ ਹਸਪਤਾਲ ਮਲੋਟ ਵਿੱਚ ਸਿਹਤ ਸਬੰਧੀ ਮਿਲ ਰਹੀਆਂ ਸੁਵਿਧਾਵਾਂ ਦੀ ਜਾਣਕਾਰੀ ਹਾਸਲ ਕਰਨ ਲਈ ਹਸਪਤਾਲ ਦਾ ਦੌਰਾ ਕੀਤਾ ਗਿਆ ਹੈ, ਮਰੀਜ਼ਾਂ ਦੀਆਂ ਤਕਲੀਫਾਂ ਵੀ ਸੁਣੀਆਂ ਅਤੇ ਐਸ.ਐਮ.ਓ. ਨਾਲ ਵੀ ਰਾਬਤਾ ਕਾਇਮ ਕੀਤਾ ।
ਪਾਰਟੀ ਦਾ ਸਭ ਤੋਂ ਪਹਿਲਾ ਮੁੱਦਾ ਸਿਹਤ ਸਬੰਧੀ ਸੁਵਿਧਾਵਾਂ ਦੇਣਾ : ਵਿਧਾਇਕ ਡਾ. ਬਲਜੀਤ ਕੌਰ
ਸਰਕਾਰੀ ਡਾਕਟਰਾਂ ਦੇ ਨਿੱਜੀ ਪ੍ਰੈਕਟਿਸ ਕਰਨ ਦੇ ਸੁਆਲ ਦੇ ਜੁਆਬ ਵਿੱਚ ਉਨਾਂ ਕਿਹਾ ਕਿ ਜਿਹੜੇ ਡਾਕਟਰ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰ ਰਹੇ ਹਨ ਉਹ ਬਿਲਕੁਲ ਸਰਕਾਰੀ ਹਸਪਤਾਲ ਨੂੰ ਸਮਰਪਿਤ ਹੋ ਕੇ ਕੰਮ ਕਰਨਗੇ, ਡਾਕਟਰਾਂ ਵੱਲੋਂ ਸਮੇਂ ਸਿਰ ਨਾ ਪੁੱਜਣ ਅਤੇ ਮਰੀਜਾਂ ਦੇ ਇਲਾਜ ਮਾਮਲੇ ਤੇ ਲਾਪ੍ਰਵਾਹੀ ਕਰਨ ਦੇ ਮਾਮਲੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨਾਂ ਨਾਲ ਜਿਲਾ ਪ੍ਰਧਾਨ ਜਗਦੇਵ ਸਿੰਘ ਬਾਮ, ਸਾਹਿਲ ਮੋਂਗਾ, ਰਾਜੀਵ ਉਪਲ, ਕਰਨ ਚਰਾਇਆ, ਚਰਨਜੀਤ ਖੁਰਾਣਾ, ਜੋਨੀ ਗਰਗ, ਕ੍ਰਿਸ਼ਨ ਮਿੱਡਾ, ਅਨਿਲ ਜੁਨੇਜਾ (ਜੋਨੀ), ਗੁਰਮੇਲ ਸਿੰਘ, ਬਲਰਾਜ ਸਿੰਘ, ਅਰਸ਼ ਸਿੰਘ ਅਤੇ ਪੀ.ਏ. ਜਗਮੋਹਣ ਸਿੰਘ ਮੌਜੂਦ ਸਨ।
ਇਸ ਮੌਕੇ.ਐਮ.ਓ. ਡਾ. ਰਸ਼ਮੀ ਚਾਵਲਾ ਨੇ ਵਿਧਾਇਕਾ ਨੂੰ ਦੱਸਿਆ ਕਿ ਐਮਰਜੈਂਸੀ ਸਟਾਫ ਵਿੱਚ 6 ਡਾਕਟਰਾਂ ਦੀ ਕਮੀ, 1 ਛਾਤੀਵਾਲਾ ਡਾਕਟਰ, 1 ਮੈਡੀਕਲ ਵਾਲਾ, 1 ਆਈ ਸਰਜਨ, 1 ਸਕਿੱਨ ਸਪੈਸ਼ਲਿਸਟ ਤੋਂ ਇਲਾਵਾ ਸਟਾਫ਼ ਨਰਸਾਂ ਦੀ ਕਮੀ ਹੈ। ਡਾ. ਚਾਵਲਾ ਨੇ ਦੱਸਿਆ ਕਿ ਬੱਚਿਆਂ ਦਾ ਸਪੈਸ਼ਲਿਸਟ ਡਾਕਟਰ ਉਨਾਂ ਕੋਲ ਐਨ.ਆਰ.ਐਚ.ਐਮ. ਸਕੀਮ ਅਧੀਨ ਹੈ ਜੋਕਿ ਇੱਕ ਬੱਚਿਆਂ ਦਾ ਡਾਕਟਰ ਹੋਰ ਹੋਣਾ ਜ਼ਰੂਰੀ ਹੈ। ਜੱਚਾ ਬੱਚਾ ਵਿਭਾਗ ਵਿੱਚ ਇੱਕ ਹੋਰ ਗਾਇਨੀ ਸਪੈਸ਼ਲਿਸਟ ਡਾਕਟਰ ਦੀ ਵੀ ਲੋੜ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਰਸ਼ਮੀ ਚਾਵਲਾ ਨੇ ਦੱਸਿਆ ਕਿ ਵਿਧਾਇਕ ਨੇ ਉਨਾਂ ਨੂੰ ਜਲਦ ਤੋਂ ਜਲਦ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਦਾ ਭਰੋਸਾ ਦੁਆਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ