ਕੌਮਾਂਤਰੀ ਮਹਿਲਾ ਦਿਵਸ ’ਤੇ ਵਿਸ਼ੇਸ : ਸਦੀਆਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀ ਔਰਤ!

woman

ਸਦੀਆਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀ ਔਰਤ! (International Women’s Day)

ਸੰਸਾਰ ਅੰਦਰ ਸੂਰਬੀਰ, ਯੋਧਿਆਂ, ਰਾਜੇ-ਮਹਾਰਾਜਿਆਂ ਅਤੇ ਭਗਤਾਂ ਨੂੰ ਆਪਣੀ ਕੁੱਖ ’ਚੋਂ ਜਨਮ ਦੇਣ ਵਾਲੀ ਔਰਤ ਨੂੰ ਮਨੁੱਖ ਦੀ ਜਨਮਦਾਤੀ ਆਖਿਆ ਜਾਂਦਾ, ਪਰੰਤੂ ਸਦੀਆਂ ਤੋਂ ਦੇਖਣ ਵਿਚ ਆ ਰਿਹਾ ਹੈ ਕਿ ਪੁਰਸ਼ ਵੱਲੋਂ ਹਮੇਸ਼ਾ ਹੀ ਔਰਤ ਨਾਲ ਬਦਕਲਾਮੀ, ਧੱਕੇਸ਼ਾਹੀ ਕੀਤੀ ਜਾਂਦੀ, ਜਿਸ ਦਾ ਇਨਸਾਫ ਉਸ ਨੂੰ ਬਹਤ ਹੀ ਘੱਟ ਮਿਲਦੈ। ਸਾਰੇ ਵਿਸ਼ਵ ਵਿਚ ਔਰਤਾਂ ਦੇ ਬਣਦੇ ਜਾਇਜ਼ ਹੱਕਾਂ ਦੀ ਰਾਖੀ ਲਈ ਕੌਮਾਂਤਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ, ਦੇ ਬਾਵਜੂਦ ਵੀ ਸਮਾਜ ਦੇ ਬਹੁਤ ਸਾਰੇ ਹਿੱਸਿਆਂ ਅੰਦਰ ਅੱਜ ਵੀ ਔਰਤ ਨੂੰ ਉਹ ਮਾਣ-ਸਨਮਾਨ ਮਿਲਦਾ ਨਜ਼ਰ ਨਹੀਂ ਆਉਂਦਾ, ਜਿਸ ਦੀ ਉਹ ਅਸਲ ਵਿਚ ਹੱਕਦਾਰ ਹੈ। ਹਾਲੇ ਵੀ ਸਮਾਜ ਵਿਚ ਔਰਤ ਦੇ ਅੱਗੇ ਆਉਣ ਨੂੰ ਖੁੱਲ੍ਹੇ ਰੂਪ ਵਿਚ ਬਰਦਾਸ਼ਤ ਨਹੀਂ ਕੀਤਾ ਜਾਂਦਾ। ਅੰਦਰੂਨੀ ਤੌਰ ’ਤੇ ਭਾਵੇਂ ਉਹ ਆਪਣੀ ਸੂਝ-ਬੂਝ, ਘਰੇਲੂ ਕੰਮਾਂ ਵਿਚ ਮੁਹਾਰਤ, ਪ੍ਰਭਾਵ-ਪਾਉੂ ਬੋਲ-ਬਾਣੀ ਤੇ ਹੋਰ ਹਾਂ-ਵਾਚੀ ਜੁਗਤਾਂ ਸਦਕਾ ਘਰ ਤੇ ਸਮਾਜ ਵਿਚ ਆਪਣਾ ਵਿਸ਼ੇਸ਼ ਮਹੱਤਵ ਬਣਾ ਵੀ ਲੈਂਦੀ ਹੈ। ((International Women’s Day))

ਅੱਜ ਔਰਤ ਜਦੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਦੀ ਸਪੀਕਰ, ਮੁੱਖ ਮੰਤਰੀ, ਗਵਰਨਰ, ਸੁਪਰੀਮ ਕੋਰਟ ਦੇ ਜੱਜ ਤੱਕ ਦੇ ਮਾਣਮੱਤੇ ਅਹੁਦਿਆਂ ’ਤੇ ਰਹਿ ਕੇ ਕੰਮ ਕਰ ਸਕਦੀ ਹੈ, ਤਾਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਾਡੀ ਸੋਚ ਵਿਚ ਲੋੜੀਂਦਾ ਬਦਲਾਅ ਲਿਆਂਦਾ ਜਾਵੇ। ਔਰਤ ਦੇ ਮਾਣ-ਸਤਿਕਾਰ ਨੂੰ ਖੁਸ਼ਹਾਲੀ ਦੀ ਪਹਿਲੀ ਸ਼ਰਤ ਮੰਨਿਆ ਜਾਵੇ। ਆਮ ਤੌਰ ’ਤੇ ਸਰਕਾਰੀ ਕਾਗਜ਼ਾਂ ਵਿਚ ਮਰਦ ਨੂੰ ਆਪਣਾ ਨਾਂਅ ਲਿਖਣ ਪਿੱਛੋਂ ਪਿਤਾ ਦਾ ਨਾਂਅ ਅਤੇ ਔਰਤ ਨੂੰ ਆਪਣੇ ਪਤੀ ਦਾ ਨਾਂਅ ਲਿਖਣ ਲਈ ਕਿਹਾ ਜਾਂਦਾ, ਪਰੰਤੂ ਹੁਣ ਹੋਰ ਖੇਤਰਾਂ ਵਾਂਗ ਇਸ ਵਿਚ ਵੀ ਕੁਝ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਹੁਣ ਦਸਵੀਂ ਤੇ ਬਾਰ੍ਹਵੀਂ ਦੇ ਸਰਟੀਫਿਕੇਟ ’ਤੇ ਪਿਤਾ ਦੇ ਨਾਂਅ ਦੇ ਨਾਲ ਮਾਤਾ ਦਾ ਨਾਂਅ ਵੀ ਲਿਖਿਆ ਜਾਣ ਲੱਗਾ ਹੈ।

 ਸਦੀਆਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀ ਔਰਤ!

ਦੇਸ਼ ਤੇ ਦੁਨੀਆਂ ਭਰ ਵਿਚ ਹਰ ਸਾਲ 8 ਮਾਰਚ ਨੂੰ ਔਰਤਾਂ ਦੇ ਹੱਕਾਂ ਦੀ ਰਾਖੀ ਨੂੰ ਦਰਸ਼ਾਉਂਦਾ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਂਦਾ। ਪਰ ਕੌਮਾਂਤਰੀ ਮਹਿਲਾ ਦਿਵਸ ਸਬੰਧੀ ਭਾਰਤ ਦੇ ਇਤਿਹਾਸ ਵਿਚ ਕੋਈ ਵਿਸ਼ੇਸ਼ ਘਟਨਾ ਦੇਖਣ ਨੂੰ ਨਹੀਂ ਮਿਲਦੀ। ਭਾਰਤ ਵਿਚ ਇਹ ਕੌਮੀ ਮਹਿਲਾ ਦਿਵਸ ਸੁਤੰਤਰਤਾ ਸੈਨਾਨੀ ਤੇ ਭਾਰਤ ਕੋਕਿਲਾ ਕਹੀ ਜਾਣ ਵਾਲੀ ਸਰੋਜਨੀ ਨਾਇਡੂ ਦੇ ਜਨਮ ਦਿਨ ’ਤੇ ਹਰ ਸਾਲ 13 ਫਰਵਰੀ ਨੂੰ ਮਨਾਇਆ ਜਾਂਦਾ। ਭਾਰਤ ਦੀ ਕੋਕਿਲਾ ਦਾ ਖਿਤਾਬ ਉਨ੍ਹਾਂ ਨੂੰ ਮਹਾਤਮਾ ਗਾਂਧੀ ਨੇ ਦਿੱਤਾ ਸੀ। ਕਿਉਂਕਿ ਅਜ਼ਾਦੀ ਦੀ ਲੜਾਈ ਦੌਰਾਨ ਉਨ੍ਹਾਂ ਮਰਦ ਸੁਤੰਤਰਤਾ ਸੈਨਾਨੀਆਂ ਦਾ ਪੂਰਾ ਸਾਥ ਦਿੱਤਾ, ਤੇ ਉਹ ਅਜ਼ਾਦੀ ਅੰਦੋਲਨ ਦੌਰਾਨ ਔਰਤਾਂ ਨੂੰ ਅੱਗੇ ਆਉਣ ਲਈ ਪ੍ਰੇਰਤ ਕਰਦੇ ਰਹੇ। ਉਹ ਅਜ਼ਾਦ ਭਾਰਤ ਦੀ ਪਹਿਲੀ ਔਰਤ ਰਾਜਪਾਲ ਵੀ ਰਹਿ ਚੁੱਕੇ ਹਨ। ਜਿਸ ਕਰਕੇ ਭਾਰਤ ਅੰਦਰ ਕੌਮਾਂਤਰੀ ਮਹਿਲਾ ਦਿਵਸ 8 ਮਾਰਚ ਨੂੰ ਮਨਾਉਣ ਤੋਂ ਇਲਾਵਾ ਫਰਵਰੀ ਮਹੀਨੇ ਵਿਚ ਰਾਸ਼ਟਰੀ ਮਹਿਲਾ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ।

ਉੱਧਰ ਔਰਤਾਂ ਦੇ ਹੱਕਾਂ ਦੀ ਰਾਖੀ ਦੀ ਗੱਲ ਉਦੋਂ ਸ਼ੁਰੂ ਹੋਈ ਜਦੋਂ ਸੰਨ 1908 ਵਿਚ ਅਮਰੀਕਾ ਦੇ ਸ਼ਹਿਰ ਨਿਊਯਾਰਕ ਸਿਟੀ ਵਿਚ 15000 ਔਰਤਾਂ ਨੇ ਇਕੱਠੇ ਹੋ ਕੇ ਆਪਣੀ ਵੋਟ ਦੇ ਅਧਿਕਾਰ ਦੀ ਮੰਗ, ਕੰਮ ਦੇ ਘੰਟਿਆਂ ’ਚ ਕਟੌਤੀ ਅਤੇ ਤਨਖਾਹ ਵਿਚ ਵਾਧਾ ਕਰਨ ਲਈ ਇੱਕ ਮਾਰਚ ਕੀਤਾ ਗਿਆ ਸੀ। ਇਸ ਤੋਂ ਇੱਕ ਸਾਲ ਬਾਅਦ ਅਮਰੀਕਾ ਦੀ ਸੋਸਲਿਸਟ ਪਾਰਟੀ ਵੱਲੋਂ ਕੀਤੇ ਗਏ ਐਲਾਨ ਦੇ ਮੁਤਾਬਿਕ ਯੂਨਾਈਟਿਡ ਸਟੇਟਸ ਵਿਚ ਪਹਿਲਾ ਮਹਿਲਾ ਦਿਵਸ 28 ਫਰਵਰੀ 1909 ਵਿਚ ਮਨਾਇਆ ਗਿਆ। ਇਸ ਦੇ ਨਾਲ ਸੰਨ 1910 ਵਿਚ ਜਰਮਨੀ ਦੀ ਸੋਸ਼ਲ ਡੈਮੋਕ੍ਰੇਟਿਵ ਪਾਰਟੀ ਦੀ ਮਹਿਲਾ ਆਫਿਸ ਦੀ ਲੀਡਰ ਮਹਿਲਾ ਨੇ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦਾ ਵਿਚਾਰ ਰੱਖਿਆ। ਉਸ ਦਾ ਵਿਚਾਰ ਸੀ ਕਿ ਔਰਤਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਅੱਗੇ ਵਧਣ ਵਾਸਤੇ ਹਰ ਦੇਸ਼ ਵਿਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਣਾ ਚਾਹੀਦਾ। ਇਸ ਸਬੰਧੀ ਹੋਈ ਇੱਕ ਕਾਨਫਰੰਸ ਵਿਚ 17 ਦੇਸ਼ਾਂ ਦੀਆਂ 100 ਤੋਂ ਜ਼ਿਆਦਾ ਇਕੱਠੀਆਂ ਹੋਈਆਂ ਮਹਿਲਾਵਾਂ ਨੇ ਉਕਤ ਸੁਝਾਅ ’ਤੇ ਸਹਿਮਤੀ ਦੀ ਮੋਹਰ ਲਾਈ, ਤੇ ਕੌਮਾਂਤਰੀ ਮਹਿਲਾ ਦਿਵਸ ਦੀ ਸਥਾਪਨਾ ਹੋਈ। ਇਸ ਦਾ ਮੁੱਖ ਉਦੇਸ਼ ਖਾਸਕਰ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿਵਾਉਣਾ ਸੀ।

ਇਸ ਤੋਂ ਬਾਅਦ 19 ਮਾਰਚ 1911 ਨੂੰ ਪਹਿਲੀ ਵਾਰ ਵੱਖ-ਵੱਖ ਦੇਸ਼ਾਂ ਆਸਟਰੀਆ, ਡੈਨਮਾਰਕ, ਜਰਮਨੀ ਤੇ ਸਵਿਟਜ਼ਰਲੈਂਡ ਵਿਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਸੰਨ 1913 ਵਿਚ ਇਸ ਦੀ ਤਰੀਕ 19 ਮਾਰਚ ਤੋਂ ਬਦਲ ਕੇ 8 ਮਾਰਚ ਕੀਤੀ ਗਈ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਹਰ ਸਾਲ ਕੌਮਾਂਤਰੀ ਮਹਿਲਾ ਦਿਵਸ ਸਾਰੇ ਸੰਸਾਰ ਅੰਦਰ 8 ਮਾਰਚ ਨੂੰ ਮਨਾਇਆ ਜਾ ਰਿਹਾ ਹੈ।

ਪਹਿਲੇ ਵਿਸ਼ਵ ਯੁੱਧ 1917 ਵਿਚ ਮਹਿਲਾ ਦਿਵਸ ਦੇ ਮੌਕੇ ਰੂਸ ਦੇਸ਼ ਦੀਆਂ ਮਹਿਲਾਵਾਂ ਨੇ ਆਪਣੇ ਹੱਕਾਂ ਤੇ ਅਧਿਕਾਰਾਂ ਦੀ ਰੱਖਿਆ ਲਈ ਰੋਟੀ ਅਤੇ ਕੱਪੜੇ ਦੀ ਮੰਗ ਕਰਦਿਆਂ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ। ਪੂਰੀ ਦੁਨੀਆਂ ਦੇ ਇਤਿਹਾਸ ਵਿਚ ਇਹ ਕਿਸੇ ਦੇਸ਼ ਦੀਆਂ ਮਹਿਲਾਵਾਂ ਦੁਆਰਾ ਐਨਾ ਹੌਂਸਲੇ ਭਰਿਆ ਫੈਸਲਾ ਸੀ, ਜਿਸ ਨੇ ਰੂਸ ਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ, ਜਿਸ ਕਰਕੇ ਸੱਤਾ ਦਾ ਆਨੰਦ ਮਾਣ ਰਹੇ ਉੱਥੋਂ ਦੇ ਰਾਜਨੇਤਾਵਾਂ ਤੋਂ ਰਾਜ ਗੱਦੀ ਹੀ ਖੱੁਸ ਗਈ। ਇਸ ਤੋਂ ਬਾਅਦ ਰੂਸੀ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਹਾਸਲ ਹੋਇਆ। ਇਹ ਇਤਿਹਾਸਕ ਘਟਨਾ ਵੀ 8 ਮਾਰਚ ਨੂੰ ਹੀ ਵਾਪਰੀ, ਇਸ ਤੋਂ ਬਾਅਦ ਰੂਸ ਵਿਚ ਵੀ ਕੌਮਾਂਤਰੀ ਮਹਿਲਾ ਦਿਵਸ ਅਜ਼ਾਦੀ ਨਾਲ ਮਨਾਇਆ ਜਾਣ ਲੱਗਾ। ਇਸ ਤੋਂ ਬਾਅਦ ਔਰਤਾਂ ਦੇ ਜਾਇਜ ਹੱਕਾਂ ਦੀ ਮੰਗ ਪੂਰੀ ਦੁਨੀਆਂ ਵਿਚ ਵੀ ਉੱਠਣ ਲੱਗੀ। ਜਿਸ ਕਰਕੇ ਦੁਨੀਆਂ ਦੇ ਸਾਰੇ ਮੁਲਕਾਂ ਨੂੰ ਆਪਣੇ ਸਮਾਜ ਅੰਦਰ ਔਰਤਾਂ ਦੇ ਮਾਣ ਤੇ ਸਨਮਾਨ ਦੀ ਭਾਗੀਦਾਰੀ ਵਿਚ ਮੌਲਿਕ ਅਧਿਕਾਰਾਂ ਨੂੰ ਲਾਗੂ ਕੀਤਾ ਜਾਣ ਲੱਗਾ।

ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਤੋਂ ਬਾਅਦ ਬਕਾਇਦਾ ਰੂਪ ਵਿਚ ਔਰਤਾਂ ਦੇ ਅਧਿਕਾਰਾਂ ਤੇ ਹੱਕਾਂ ਲਈ ਅਨੇਕ ਤਰ੍ਹਾਂ ਦੀਆਂ ਨੀਤੀਆਂ ਤੇ ਪ੍ਰੋਗਰਾਮ ਬਣਾਏ ਗਏ। ਬੀਤੇ ਸਮੇਂ ਦੌਰਾਨ ਜਿਨ੍ਹਾਂ ਸਨਮਾਨਯੋਗ ਔਰਤਾਂ ਨੇ ਸਮਾਜ ਤੇ ਦੇਸ਼ ਵਿਚ ਆਪਣਾ ਨਾਂਅ ਰੌਸ਼ਨ ਕੀਤਾ ਉਨ੍ਹਾਂ ਵਿਚ ਸਾਡੇ ਦੇਸ਼ ਦੇ ਸਭ ਤੋਂ ਉੱਚੇ ਰਾਸ਼ਟਰਪਤੀ ਦੇ ਆਹੁਦੇ ’ਤੇ ਰਹਿ ਚੁੱਕੇ ਸ੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ, ਦੇਸ਼ ਦੀ ਪ੍ਰਧਾਨ ਮੰਤਰੀ ਰਹਿ ਚੁੱਕੇ ਸ੍ਰੀਮਤੀ ਇੰਦਰਾ ਗਾਂਧੀ, ਲੋਕ ਸਭਾ ਸਪੀਕਰ ਰਹਿ ਚੁੱਕੀ ਮੀਰਾ ਕੁਮਾਰ, ਸਾਡੇ ਦੇਸ਼ ਦੀ ਵਿਗਿਆਨੀ ਕਲਪਨਾ ਚਾਵਲਾ, ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੀ ਬੀਬੀ ਰਾਜਿੰਦਰ ਕੌਰ ਭੱਠਲ, ਕਿਰਨ ਬੇਦੀ ਸਾਬਕਾ ਉੱਚ ਅਧਿਕਾਰੀ ਦਿੱਲੀ ਪੁਲਿਸ, ਖਿਡਾਰਨ ਸਾਨੀਆ ਮਿਰਜਾ ਤੋਂ ਇਲਾਵਾ ਸਨਮਾਨਯੋਗ ਔਰਤਾਂ ਵਿਚ ਸਾਕਸ਼ੀ ਮਲਿਕ, ਦੀਪਾ ਕਰਮਾਕਰ, ਮੈਰੀਕੌਮ, ਇਰੋਨ ਚਾਨੂੰ ਸ਼ਰਮੀਲਾ, ਮਦਰ ਟਰੇਸਾ, ਸਰੋਜਨੀ ਨਾਇਡੂ, ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ ਵਰਗੇ ਅਨੇਕਾਂ ਨਾਂਅ ਹਨ, ਜਿਨ੍ਹਾਂ ਔਰਤਾਂ ਨੇ ਬੁਲੰਦ ਹੌਂਸਲੇ ਨਾਲ ਆਪਣੇ ਮਿਸ਼ਨ ਵਿਚ ਅੱਗੇ ਵਧਦਿਆਂ ਦੇਸ਼ ਤੇ ਸਮਾਜ ਅੰਦਰ ਪੂਰਾ ਮਾਣ ਹਾਸਲ ਕੀਤਾ।

ਇਸ ਤੋਂ ਇਲਾਵਾ ਅੱਜ ਦੇਸ਼ ਅੰਦਰ ਔਰਤਾਂ ਫੌਜ, ਪੁਲਿਸ, ਸਿੱਖਿਆ ਵਿਭਾਗ ਤੋਂ ਇਲਾਵਾ ਹਰ ਖੇਤਰ ਵਿਚ ਉੱਚ ਅਹੁਦਿਆਂ ’ਤੇ ਕੰਮ ਕਰ ਰਹੀਆਂ ਹਨ। ਔਰਤ ਨੂੰ ਭਾਵੇਂ ਇੱਥੇ ਜ਼ੁਲਮ ਦਾ ਨਾਸ਼ ਕਰਨ ਵਾਲੀ ਦੇਵੀ ਦਾ ਦਰਜਾ ਦਿੱਤਾ ਜਾਂਦਾ, ਪਰ ਇਹ ਗੱਲ ਅਸਲੀਅਤ ਤੋਂ ਕਾਫੀ ਦੂਰ ਨਜ਼ਰ ਆਉਂਦੀ ਹੈ, ਇੱਕ ਪਾਸੇ ਸਰਕਾਰ ਨੇ ਨਾਅਰਾ ਦਿੱਤਾ ਹੈ, ‘ਬੇਟੀ ਬਚਾਓ, ਬੇਟੀ ਪੜ੍ਹਾਓ’ ਪਰ ਦੇਸ਼ ਅੰਦਰ ਜਿਸ ਤਰ੍ਹਾਂ ਛੋਟੀਆਂ-ਛੋਟੀਆਂ ਬੱਚੀਆਂ, ਨੌਜਵਾਨ ਲੜਕੀਆਂ, ਔਰਤਾਂ ਤੇ ਬਜ਼ੁਰਗ ਔਰਤਾਂ ਜ਼ਬਰ ਜਿਨਾਹ ਦਾ ਸ਼ਿਕਾਰ ਹੁੰਦੀਆਂ ਹਨ, ਅਜਿਹੀਆਂ ਬਦਕਲਾਮੀ ਦੀਆਂ ਘਟਨਾਵਾਂ ਸਰਕਾਰ ਵੱਲੋਂ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਦਿੱਤੇ ਜਾਂਦੇ ਵੱਡੇ-ਵੱਡੇ ਬਿਆਨਾਂ ਦੀ ਫੂਕ ਕੱਢ ਰਹੀਆਂ ਹਨ, ਬਦਕਲਾਮੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕ ਬੜੀ ਅਸਾਨੀ ਨਾਲ ਰਾਜਨੀਤੀ ਦਾ ਸਹਾਰਾ ਲੈ ਕੇ ਹਰ ਵਾਰੀ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਕੇ ਨਿੱਕਲ ਜਾਂਦੇ ਹਨ, ਜਿਸ ਕਰਕੇ ਅੋਰਤਾਂ ਨਾਲ ਬਦਕਲਾਮੀ ਦੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ।

ਇੱਥੇ ਜ਼ਿਕਰਯੋਗ ਹੈ ਕਿ ਔਰਤਾਂ ਨੂੰ ਵੀ ਆਪਣੇ-ਆਪ ਦੀ ਸੁਰੱਖਿਆ ਲਈ ਘਰੇਲੂ ਕੰਮਾਂ ਨੂੰ ਕਰਨ ਲਈ ਬਾਹਰ-ਅੰਦਰ ਜਾਂਦੇ ਸਮੇਂ ਬੱਸਾਂ, ਗੱਡੀਆਂ ਅੰਦਰ ਪੂਰੀ ਤਰ੍ਹਾਂ ਚੌਕਸ ਰਹਿਣਾ ਚਾਹੀਦਾ। ਦੂਸਰੇ ਪਾਸੇ ਸਾਡੀਆਂ ਮੌਕੇ ਦੀਆਂ ਸਰਕਾਰਾਂ ਵੀ ਜੇਕਰ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਸਮਾਜ ਵਿਚ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਨਸਰਾਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਤਾਂ ਜੋ ਕੋਈ ਕਾਨੂੰਨ ਦੀ ਉਲੰਘਣਾ ਕਰਨ ਦੀ ਜੁਰਅੱਤ ਨਾ ਕਰ ਬਕੇ।

ਮੇਵਾ ਸਿੰਘ
ਸ੍ਰੀ ਮੁਕਤਸਰ ਸਾਹਿਬ, ਮੋ. 98726-00923

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ