ਯੂਕਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ’ਚ ਪਿੰਡ ਮੁੱਲਾਂਪੁਰ ਦੀ ਐਮਬੀਬੀਐੱਸ ਕਰਨ ਗਈ ਲੜਕੀ ਵੀ ਸ਼ਾਮਲ

Indian Student Sachkahoon

ਯੂਕਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ’ਚ ਪਿੰਡ ਮੁੱਲਾਂਪੁਰ ਦੀ ਐਮਬੀਬੀਐੱਸ ਕਰਨ ਗਈ ਲੜਕੀ ਵੀ ਸ਼ਾਮਲ

(ਮਲਕੀਤ ਸਿੰਘ) ਮੁੱਲਾਂਪੁਰ ਦਾਖਾ। ਪੂਰੀ ਦੁਨੀਆਂ ਦਾ ਧਿਆਨ ਮੌਜ਼ੂਦਾਂ ਸਮੇਂ ਰੂਸ ਅਤੇ ਯੂਕਰੇਨ ਵਿਚਕਾਰ ਛਿੜੇ ਜਬਰਦਸਤ ਯੁੱਧ ਵੱਲ ਕੇਂਦਰਿਤ ਹੈ, ਜਿੱਥੇ ਸਮੁੱਚੇ ਦੇਸ਼ ਆਉਣ ਵਾਲੇ ਸੰਭਾਵੀਂ ਖਤਰੇ ਤੋਂ ਚਿੰਤਤ ਹਨ, ਉੱਥੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਤੋਂ ਯੂਕਰੇਨ ਪੜਨ ਗਏ ਵਿਦਿਆਰਥੀ (Indian Student) ਅਤੇ ਉਨਾਂ ਦੇ ਮਾਪੇ ਡਾਹਢੇ ਫਿਕਰਮੰਦ ਹਨ। ਪੰਜਾਬ ਸੂਬੇ ਤੋਂ ਵੀ ਜਿਹੜੇ ਵਿਦਿਆਰਥੀ ਉੱਥੇ ਪੜਨ ਗਏ ਹਨ, ਉਨਾਂ ਵਿੱਚ ਜਿਆਦਾਤਰ ਐਮਬੀਬੀਐੱਸ ਦੀ ਪੜਾਈ ਕਰਨ ਗਏ ਬੱਚੇ ਹਨ। ਇਨਾਂ ਬੱਚਿਆ ਵਿੱਚ ਹੀ ਪੰਜਾਬ ਦੇ ਲੁਧਿਆਣਾ ਜਿਲੇ ਦੇ ਇਤਿਹਾਸਕ ਪਿੰਡ ਮੁੱਲਾਂਪੁਰ ਦੇ ਜਗਦੀਸ਼ ਸਿੰਘ ਅਤੇ ਰਾਜਵਿੰਦਰ ਕੌਰ ਦੀ ਹੋਣਹਾਰ ਸਪੁੱਤਰੀ ਪਰਵਿੰਦਰ ਕੌਰ ਵੀ ਹੈ, ਜਿਹੜੀ ਕਿ ਯੂਕਰੇਨ ਦੇ ਸ਼ਹਿਰ ਖੁਰਕੀਵ ਵਿਖੇ ਮੰਝਧਾਰ ਵਿੱਚ ਫਸੀ ਹੋਈ ਹੈ।

ਮਾਪਿਆਂ ਨਾਲ ਅੱਜ ਪੱਤਰਕਾਰਾਂ ਦੀ ਟੀਮ ਨੇ ਮੁੱਲਾਂਪੁਰ ਵਿਖੇ ਉਨਾਂ ਦੇ ਗ੍ਰਹਿ ਜਾ ਕੇ ਹਾਲਚਾਲ ਪੁੱਛਿਆ ਤਾਂ ਕਾਫੀ ਗੰਭੀਰ ਅਤੇ ਚਿੰਤਾਂ ਵਿੱਚ ਡੁੱਬੀ ਮਾਂ ਰਾਜਵਿੰਦਰ ਕੌਰ, ਦਾਦੀ ਅਜੀਤ ਕੌਰ ਅਤੇ ਤਾਈ ਕੁਲਵਿੰਦਰ ਕੌਰ ਨੇ ਬੀਤੀ ਰਾਤ ਕਰੀਬ ਅੱਠ ਵਜੇ ਆਪਣੀ ਧੀ ਨਾਲ ਫੋਨ ਤੇ ਹੋਈ ਗੱਲਬਾਤ ਬਾਰੇ ਦੱਸਿਆ ਕਿ ਬੁਰੀ ਤਰਾਂ ਘਬਰਾਈ ਪਰਵਿੰਦਰ ਕੌਰ ਵਾਰ-ਵਾਰ ਕਹਿ ਰਹੀ ਸੀ ਕਿ ‘‘ਮੰਮੀ ਸਾਡੀ ਕੋਈ ਵੀ ਬਾਂਹ ਨਹੀਂ ਫੜਦਾ’’ । ਉਸਨੇ ਦੱਸਿਆ ਕਿ ਇੱਥੋਂ ਦੇ ਹਾਲਾਤ ਕਾਫੀ ਭਿਆਨਕ ਹਨ ਅਤੇ ਕਿਸੇ ਵੀ ਸਮੇਂ ਕੁੱਝ ਵੀ ਵਾਪਰ ਸਕਦਾ ਹੈ, ਪਰ ਯੂਕਰੇਨ ਸਰਕਾਰ ਵੀ ਕੁੱਝ ਨਹੀਂ ਕਰ ਰਹੀ ਅਤੇ ਨਾ ਹੀ ਭਾਰਤ ਸਰਕਾਰ ਵੱਲੋਂ ਅਜੇ ਤੱਕ ਉਨਾਂ ਨੂੰ ਸੁਰੱਖਿਅਤ ਕੱਢਣ ਲਈ ਕੋਈ ਗੱਲ ਸੁਣਨ ਨੂੰ ਮਿਲ ਰਹੀ ਹੈ ਪਰਵਿੰਦਰ ਕੌਰ ਅਨੁਸਾਰ ਫਿਲਹਾਲ ਕਿਸੇ ਤੋਂ ਕੋਈ ਰਾਹਤ ਦੀ ਉਮੀਦ ਦਿਖਾਈ ਨਹੀਂ ਦਿੰਦੀ ਸਿਰਫ ਰੱਬ ਤੇ ਹੀ ਡੋਰਾਂ ਹਨ। ਪ੍ਰਮਾਤਮਾ ਭਲੀ ਕਰੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ