ਪੰਜਾਬੀ ਯੂਨੀਵਰਸਿਟੀ ਵਿਖੇ ਵਿਗਿਆਨ ਹਫਤੇ ਦੇ ਹਵਾਲੇ ਨਾਲ ਹੋਏ ਪ੍ਰੋਗਰਾਮ ਸਫਲਤਾ ਪੂਰਵਕ ਸਮਾਪਤ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਵਿਗਿਆਨ ਹਫਤੇ ਦੇ ਸਮਾਗਮਾਂ ਦੇ ਸਮਾਪਤ ਹੋਣ ਮੌਕੇ ਜਿੱਥੇ ਇੱਕ ਪਾਸੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੁਆਂਟਮ ਭੌਤਿਕ ਵਿਗਿਆਨ ਦੇ ਵਿਸ਼ੇ ’ਤੇ ਦਿੱਤੇ ਭਾਸ਼ਣ ਕਾਰਨ ਤਾੜੀਆਂ ਵੱਜ ਰਹੀਆਂ ਸਨ ਤਾਂ ਦੂਜੇ ਪਾਸੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਨਿਊਜ-ਲੈਟਰ ਦੀ ਚਰਚਾ ਹੋ ਰਹੀ ਸੀ। ਜਿੱਥੇ ਇੱਕ ਪਾਸੇ ਪ੍ਰੋ. ਅਰਵਿੰਦ ਸਾਇੰਸ ਆਡੀਟੋਰੀਅਮ ਵਿੱਚ ਵਿਦਿਆਰਥੀਆਂ ਨੂੰ ਸਵਾਲ ਪੁੱਛਣ ਲਈ ਉਕਸਾ ਰਹੇ ਸਨ ਉੱਥੇ ਹੀ ਦੂਜੇ ਪਾਸੇ ਬਾਹਰ ਇਹੀ ਕਾਰਜ ਨਿਊਜ-ਲੈਟਰ ’ਚ ਪ੍ਰਕਾਸ਼ਿਤ ਸਮੱਗਰੀ ਕਰ ਰਹੀ ਸੀ।
ਵਿਗਿਆਨ ਹਫਤੇ ਦੌਰਾਨ ਪ੍ਰਕਾਸਿਤ ਹੋਏ ਨਿਊਜ ਲੈਟਰ ਦਾ ਪੰਜਾਬੀ ਅਤੇ ਅੰਗਰੇਜੀ ਰੂਪ ਆਪਣੀ ਸਮੱਗਰੀ ਦੇ ਮਿਆਰ ਅਤੇ ਵੰਨ-ਸੁਵੰਨਤਾ ਕਾਰਨ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਰਿਹਾ। ‘ਵਿਗਿਆਨ ਹਫਤਾ ਰੋਜਨਾਮਚਾ’ ਤੇ ‘ਸਾਇੰਸ ਵੀਕ ਕਰੋਨੀਕਲ’ ਨਾਮਕ ਇਨ੍ਹਾਂ ਦੋਹਾਂ ਰੂਪਾਂ ਰਾਹੀਂ ਪ੍ਰਕਾਸ਼ਿਤ ਹੋਈ ਅਜਿਹੀ ਮਿਆਰੀ ਸਮੱਗਰੀ ਦੇ ਰੂਪ ’ਚ ਪੰਜਾਬੀ ਯੂਨੀਵਰਸਿਟੀ ਵੱਲੋਂ ਵਿਗਿਆਨ ਸਮੱਗਰੀ ਦੇ ਪ੍ਰਕਾਸਨ ਖੇਤਰ ਵਿੱਚ ਇੱਕ ਦਸਤਾਵੇਜੀ ਕਾਰਜ ਕਰ ਵਿਖਾਇਆ ਹੈ। ਡਾਇਰੈਕਟਰ, ਲੋਕ ਸੰਪਰਕ ਦਲਜੀਤ ਅਮੀ ਦੀ ਸੰਪਾਦਨਾ ਅਤੇ ਅੰਗਰੇਜੀ ਵਿਭਾਗ ਤੋਂ ਡਾ. ਨਵਜੋਤ ਖੋਸਲਾ ਦੀ ਸਹਿ ਸੰਪਾਦਨਾ ਹੇਠ ਵੱਖ-ਵੱਖ 10 ਵਿਭਾਗਾਂ ਦੇ ਵਿਦਿਆਰਥੀਆਂ ਦੀ ਟੀਮ ਵੱਲੋਂ ਤਿਆਰ ਕੀਤੇ ਗਏ ਇਸ ਨਿਊਜ-ਲੈਟਰ ਦੇ ਸੱਤ ਅੰਕ ਜਾਰੀ ਹੋਏ। ਸਾਰੇ ਹੀ ਅੰਕਾਂ ਵਿੱਚ ਪ੍ਰਕਾਸ਼ਿਤ ਰਚਨਾਵਾਂ ਦਾ ਮਿਆਰ ਅਤੇ ਵਿਸੇ ਅਨੁਸਾਰ ਵੰਨ-ਸੁਵੰਨਤਾ ਬਰਕਰਾਰ ਰਹੇ। ਇਨ੍ਹਾਂ ਵਿੱਚ ਜਿੱਥੇ ਕੌਮਾਂਤਰੀ ਪੱਧਰ ਦੇ ਵਿਗਿਆਨੀਆਂ ਬਾਰੇ ਲਿਖਤਾਂ ਰਾਹੀਂ ਉਨ੍ਹਾਂ ਦੇ ਕੰਮ ਨੂੰ ਯਾਦ ਕੀਤਾ ਗਿਆ ਉੱਥੇ ਹੀ ਪੰਜਾਬ ਦੀ ਵਿਗਿਆਨਕ ਵਿਰਾਸਤ ਦੇ ਹਵਾਲੇ ਨਾਲ ਵਿਸ਼ੇਸ਼ ਅਹਿਮੀਅਤ ਰੱਖਣ ਵਾਲੀਆਂ ਲਿਖਤਾਂ ਨੂੰ ਸਾਹਮਣੇ ਲਿਆਂਦਾ ਗਿਆ।
ਪੰਜਾਬ ਦੇ ਹਵਾਲੇ ਨਾਲ ਸਿਰਫ਼ ਵਿਰਾਸਤ ਵਿਚਲੇ ਵਿਗਿਆਨੀਆਂ ਦੇ ਕਾਰਜਾਂ ਨੂੰ ਹੀ ਯਾਦ ਨਹੀਂ ਕੀਤਾ ਗਿਆ ਬਲਕਿ ਮੌਜ਼ੂਦਾ ਸਮੇਂ ਵਿਗਿਆਨ ਦੇ ਖੇਤਰ ਵਿੱਚ ਮਾਣਮੱਤਾ ਸਥਾਨ ਰੱਖਣ ਵਾਲੀਆਂ ਪ੍ਰੋ. ਗਗਨਦੀਪ ਕੰਗ ਜਿਹੀਆਂ ਸਖਸੀਅਤਾਂ ਦੇ ਹਵਾਲੇ ਨਾਲ ਵੀ ਗੱਲ ਕੀਤੀ ਗਈ। ਇਸ ਨਿਊਜ-ਲੈਟਰ ਦੀ ਇੱਕ ਵਿਲੱਖਣਤਾ ਇਸ ਵਿਚਲੀ ਸਮੱਗਰੀ ਦੀ ਵੰਨ-ਸੁਵੰਨਤਾ ਸੀ। ਹਾਲਾਂਕਿ ਇਸ ਦਾ ਕੇਂਦਰੀ ਨੁਕਤਾ ਸਿਰਫ ਇੱਕੋ ਵਿਸੇ(ਵਿਗਿਆਨ) ਉੱਤੇ ਅਧਾਰਿਤ ਹੋਣ ਕਾਰਨ ਵੰਨ-ਸੁਵੰਨਤਾ ਸਿਰਜੇ ਜਾਣ ਦੀ ਗੁੰਜਾਇਸ ਸੀਮਿਤ ਸੀ ਪਰ ਇਸ ਟੀਮ ਦੀ ਸੰਪਾਦਨਾ-ਸੂਝ ਨੇ ਇਸ ਚੁਣੌਤੀ ਨੂੰ ਸਵੀਕਾਰਿਆ ਅਤੇ ਪੰਜਾਬੀ ਯੂਨੀਵਰਸਿਟੀ ਦੀ ਲਾਇਬਰੇਰੀ ਸਮੇਤ ਵੱਖ-ਵੱਖ ਸਰੋਤਾਂ ਨੂੰ ਇੱਕ ਇੱਕ ਕਰ ਕੇ ਹੰਘਾਲਿਆ ਅਤੇ ਵਿਗਿਆਨ ਦੇ ਵਿਸੇ ਨਾਲ ਸੰਬੰਧਤ ਕਵਿਤਾਵਾਂ ਅਤੇ ਹੋਰ ਸਮੱਗਰੀ ਲੱਭੀ ਜਿਸ ਦੇ ਆਸਰੇ ਵਿਧਾ ਅਤੇ ਵਿਸੇ ਪੱਖੋਂ ਵੰਨ-ਸੁਵੰਨਤਾ ਪੈਦਾ ਹੋ ਸਕੇ। ਇਸ ਤੋਂ ਇਲਾਵਾ ਵਿਗਿਆਨਕ ਵਿਸੇ ਅਤੇ ਮਹੱਤਵ ਵਾਲੀਆਂ ਵੱਖ-ਵੱਖ ਫ਼ਿਲਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਆਖਰੀ ਦਿਨ ਉਚੇਚੇ ਤੌਰ ’ਤੇ ਪਹੁੰਚੇ ਪੁਸਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਜਨਰਲ ਡਾ. ਨੀਲਮ ਜੇਰਠ ਵੱਲੋਂ ਆਪਣਾ ਵਿਦਾਇਗੀ ਵਿਸੇਸ ਭਾਸਣ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ