ਆਪ੍ਰੇਸ਼ਨ ਗੰਗਾ ਦੇ ਤਹਿਤ 240 ਭਾਰਤੀਆਂ ਨਾਲ ਤੀਜੀ ਉਡਾਣ ਭਾਰਤ ਲਈ ਰਵਾਨਾ ਹੋਈ
ਨਵੀਂ ਦਿੱਲੀ। ਆਪ੍ਰੇਸ਼ਨ ਗੰਗਾ ਦੇ ਤਹਿਤ 240 ਭਾਰਤੀ ਨਾਗਰਿਕਾਂ ਦੇ ਨਾਲ ਤੀਜੀ ਉਡਾਣ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਤੋਂ ਦਿੱਲੀ ਲਈ ਰਵਾਨਾ ਹੋਈ ਹੈ, ਜਦੋਂ ਕਿ ਦੂਜੀ ਉਡਾਣ 250 ਭਾਰਤੀ ਨਾਗਰਿਕਾਂ ਨੂੰ ਲੈ ਕੇ ਐਤਵਾਰ ਸਵੇਰੇ ਇੱਥੇ ਪਹੁੰਚੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕੀਤਾ,‘‘ਆਪ੍ਰੇਸ਼ਨ ਗੰਗਾ ਦੇ ਤਹਿਤ 240 ਭਾਰਤੀ ਨਾਗਰਿਕਾਂ ਨਾਲ ਤੀਜੀ ਉਡਾਣ ਬੁਡਾਪੇਸਟ ਤੋਂ ਦਿੱਲੀ ਲਈ ਰਵਾਨਾ ਹੋ ਗਈ ਹੈ।’’ ਉਹਨਾਂ ਨੇ ਅੱਗੇ ਕਿਹਾ ਕਿ ਉਹ ਜੰਗ ਪ੍ਰਭਾਵਿਤ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਹਨ। ਇਸ ਦੌਰਾਨ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ 250 ਭਾਰਤੀ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ 1942 ਉਡਾਣ ਲਗਭਗ 03.00 ਵਜੇ ਦਿੱਲੀ ਹਵਾਈ ਅੱਡੇ ’ਤੇ ਉਤਰੀ। ਨਾਗਰਿਕ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧਿਆ ਅਤੇ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਯੂਕਰੇਨ ਤੋਂ ਪਰਤਣ ਵਾਲੇ ਹਰ ਭਾਰਤੀ ਦਾ ਇੱਥੇ ਗੁਲਾਬ ਦੇ ਫੁੱਲਾਂ ਨਾਲ ਸਵਾਗਤ ਕੀਤਾ।
ਸਿੰਧੀਆ ਨੇ ਟਵੀਟ ਕੀਤਾ,‘‘ਘਰ ਵਾਪਸੀ ਦੀਆਂ ਮੁਬਾਰਕਾਂ। ਦਿੱਲੀ ਹਵਾਈ ਅੱਡੇ ’ਤੇ ਏਅਰ ਇੰਡੀਆ ਦੀ ਫਲਾਈਟ ਰਾਹੀਂ ਯੂਕਰੇਨ ਤੋਂ 250 ਭਾਰਤੀਆਂ ਨੂੰ ਸੁਰੱਖਿਅਤ ਵਾਪਸ ਪਰਤਦਿਆਂ ਦੇਖ ਕੇ ਰਾਹਤ ਅਤੇ ਖੁਸ਼ੀ ਹੋਈ। ਉਨ੍ਹਾਂ ਦਾ ਸੁਆਗਤ ਕੀਤਾ ਗਿਆ ਅਤੇ ਮੇਰੇ ਸਹਿਯੋੋਗੀ ਸ਼੍ਰੀ ਵੀ ਮੁਰਲੀਧਰਨ ਨਾਲ ਗੱਲਬਾਤ ਕੀਤੀ। ਆਪਣੇ ਟਵੀਟ ਵਿੱਚ ਮੁਰਲੀਧਰਨ ਨੇ ਕਿਹਾ ,‘‘ਅਸੀਂ ਆਪਣੀਆਂ ਕੋਸ਼ਿਸ਼ਾਂ ਓਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਅਸੀਂ ਆਖਰੀ ਭਾਰਤੀ ਨੂੰ ਯੂਕਰੇਨ ਵਿੱਚੋਂ ਬਾਹਰ ਨਹੀਂ ਕੱਢ ਲੈਂਦੇ। ਸਾਨੂੰ ਤੁਹਾਡੀ ਪ੍ਰਵਾਹ ਹੈ।’’ ਉਹਨਾਂ ਨੇ ਹਵਾਈ ਅੱਡੇ ’ਤੇ ਵਿਦਿਆਰਥੀਆਂ ਨਾਲ ਮਲਿਆਲਮ ਭਾਸ਼ਾ ’ਚ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਸ਼ਨੀਵਾਰ ਦੀ ਸ਼ਾਮ 219 ਭਾਰਤੀਆਂ ਨੂੰ ਲੈ ਕੇ ਪਹਿਲੀ ਉਡਾਨ ਬੁਖਾਰੇਸਟ ਤੋਂ ਮੁੰਬਈ ਪਹੁੰਚੀ ਸੀ। ਵਣਜ ਮੰਤਰੀ ਪੀਊਸ਼ ਗੋਇਲ ਉਹਨਾਂ ਦੇ ਸਵਾਗਤ ਲਈ ਮੁੰਬਈ ਹਵਾਈ ਅੱਡੇ ’ਤੇ ਮੌਜੂਦ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ