ਬਹੁਤ ਗੰਭੀਰ ਵਿਸ਼ਾ ਹੈ ਹਵਾ ਦਾ ਦਿਨੋ-ਦਿਨ ਪ੍ਰਦੂਸ਼ਿਤ ਹੋਣਾ Air Pollution
ਅਜੋਕੇ ਸਮੇਂ ਹਵਾ ਪ੍ਰਦੂਸ਼ਣ (Air Pollution) ਦਾ ਮੁੱਦਾ ਬਹੁਤ ਜ਼ਿਆਦਾ ਗੰਭੀਰ ਹੈ ਪਰ ਇਹ ਇੱਕ ਤਲਖ਼ ਹਕੀਕਤ ਹੈ ਕਿ ਇਹ ਮੁੱਦਾ ਜਿੰਨਾ ਗੰਭੀਰ ਹੈ, ਉਨੀ ਤਵੱਜੋਂ ਇਸ ਪਾਸੇ ਵੱਲ ਨਹੀਂ ਦਿੱਤੀ ਜਾ ਰਹੀ। ਹਵਾ ਪ੍ਰਦੂਸ਼ਣ ਦਾ ਸਭ ਤੋਂ ਘਾਤਕ ਤੇ ਮਾਰੂ ਪ੍ਰਭਾਵ ਮਾਸੂਮ ਬੱਚਿਆਂ ਤੇ ਬਜੁਰਗਾਂ ’ਤੇ ਪੈਂਦਾ ਹੈ। ਅਸਲ ਵਿੱਚ ਹਵਾ ਪ੍ਰਦੂਸ਼ਣ ਦਾ ਭਾਵ ਹੁੰਦਾ ਹੈ ਕਿ ਹਵਾ ਵਿੱਚ ਧੂੜ ਅਤੇ ਕਾਰਬਨ ਦੇ ਬਰੀਕ ਕਣਾਂ ਦੀ ਇੱਕ ਨਿਸ਼ਚਿਤ ਪੱਧਰ ਤੋਂ ਵੱਧ ਮੌਜੂਦਗੀ ਅਤੇ ਨੁਕਸਾਨ ਪਹੁੰਚਾਉਣ ਵਾਲੀਆਂ ਗੈਸਾਂ ਦਾ ਇੱਕ ਤੈਅ ਸੀਮਾ ਤੋਂ ਵੱਧ ਹੋ ਜਾਣਾ। ਹਵਾ ਪ੍ਰਦੂਸ਼ਣ ਨਾਲ ਵੱਖ-ਵੱਖ ਤਰ੍ਹਾਂ ਦੀਆਂ ਐਲਰਜੀਆਂ ਖੰਘ, ਖਾਂਸੀ, ਅੱਖਾਂ ’ਚ ਪਾਣੀ ਆਉਣਾ, ਫੇਫੜਿਆਂ ਦੇ ਘਾਤਕ ਰੋਗ ਆਦਿ ਹੋ ਜਾਂਦੇ ਹਨ।
ਵਿਸ਼ਵ ਸਿਹਤ ਸੰਸਥਾ ਦੀ ਇੱਕ ਰਿਪੋਰਟ ਅਨੁਸਾਰ ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਿਤ 20 ਸ਼ਹਿਰਾਂ ਵਿੱਚੋਂ 13 ਸ਼ਹਿਰ ਭਾਰਤ ਦੇ ਹਨ। ਸਾਲ 2015 ਵਿੱਚ ਆਈ ਇੱਕ ਅੰਤਰਰਾਸ਼ਟਰੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਹਵਾ ਦੀ ਗੁਣਵੱਤਾ ਵਿੱਚ ਜੇਕਰ ਬਿਹਤਰੀ ਲਿਆਂਦੀ ਜਾਵੇ ਤਾਂ ਹਰ ਸਾਲ 14 ਲੱਖ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾ ਸਕਦੇ ਹਾਂ। ਪੂਰੀ ਦੁਨੀਆ ’ਚ ਜਲਵਾਯੂ ਬਦਲਣ ਕਾਰਨ ਦਿਨੋਂ-ਦਿਨ ਵਾਤਾਵਰਨ ਖਰਾਬ ਹੁੰਦਾ ਜਾ ਰਿਹਾ ਹੈ। ਇਸ ਮੁੱਦੇ ’ਤੇ ਪੂਰੀ ਦੁਨੀਆ ’ਚ ਚਰਚਾ ਚੱਲ ਰਹੀ ਹੈ ਕਿ ਆਖਿਰ ਕਿਸ ਤਰ੍ਹਾਂ ਵਾਤਾਵਰਨ ਖਰਾਬ ਹੋਣ ਤੋਂ ਬਚਾਇਆ ਜਾਵੇ। ਵਾਤਾਵਰਨ ਖਰਾਬ ਹੋਣਾ ਧਰਤੀ ਵਾਸੀਆਂ ਲਈ ਬੇਹੱਦ ਖ਼ਤਰਨਾਕ ਹੈ, ਦੀਵਾਲੀ ਜਾਂ ਹੋਰ ਤਿਉਹਾਰਾਂ ’ਤੇ ਚਲਾਏ ਜਾਂਦੇ ਪਟਾਕਿਆਂ ਜਾਂ ਹੋਰ ਸਾਧਨਾਂ ਨਾਲ ਵਾਤਾਵਰਨ ਬਹੁਤ ਖਰਾਬ ਹੁੰਦਾ ਹੈ। ਕਾਰਨ ਤਾਂ ਹੋਰ ਵੀ ਬਹੁਤ ਹਨ, ਜਿਨ੍ਹਾਂ ਦਾ ਅੱਗੇ ਜ਼ਿਕਰ ਕਰਦੇ ਹਾਂ, ਅਜੋਕੇ ਸਮੇਂ ਵਾਤਾਵਰਨ ਪ੍ਰਦੂਸ਼ਿਤ ਹੋਣਾ ਇੱਕ ਚਿੰਤਾਜਨਕ ਵਿਸ਼ਾ ਹੈ।
ਕੁਝ ਸਮਾਂ ਪਹਿਲਾਂ ਸਵਿਟਜ਼ਰਲੈਂਡ ਦੇ ਕਲਾਈਮੇਟ ਗਰੁੱਪ ਆਈ ਕਿਊ ਏਅਰ ਨੇ ਇੱਕ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਦੁਨੀਆਂ ਦੇ 10 ਸਭ ਤੋਂ ਖਰਾਬ, ਮਤਲਬ ਕਿ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਨੂੰ ਸ਼ੁਮਾਰ ਕੀਤਾ ਗਿਆ ਹੈ। ਇਸ ਸੂਚੀ ਵਿੱਚ ਸਭ ਤੋਂ ਪਹਿਲਾ ਸਥਾਨ ਦਿੱਲੀ ਦਾ ਹੈ। ਇਸ ਸੂਚੀ ਵਿੱਚ ਸਿਰਫ ਦਿੱਲੀ ਹੀ ਨਹੀਂ ਬਲਕਿ ਭਾਰਤ ਦੇ ਦੋ ਹੋਰ ਸ਼ਹਿਰਾਂ ਕੋਲਕਾਤਾ ਅਤੇ ਮੁੰਬਈ ਦੇ ਨਾਂਅ ਵੀ ਸ਼ਾਮਲ ਹਨ, ਇਨ੍ਹਾਂ ਤਿੰਨ ਸ਼ਹਿਰਾਂ ਵਿਚ ਪੂਰੇ ਦੇਸ਼ ਵਿੱਚੋਂ ਸਭ ਤੋਂ ਵੱਧ ਖਰਾਬ ਹਵਾ ਹੈ। ਦਰਅਸਲ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਮੁੱਦਾ ਇਸ ਲਈ ਵੀ ਸੰਕਟ ਬਣ ਗਿਆ ਹੈ, ਕਿਉਂਕਿ ਕਿਸੇ ਵੀ ਸਰਕਾਰ ਨੇ ਗੰਭੀਰਤਾ ਨਹੀਂ ਵਿਖਾਈ, ਦਿੱਲੀ ਪ੍ਰਦੂਸ਼ਣ ਦੇ ਹੱਲ ਲਈ, ਨਾਕਾਮ ਰਹਿਣ ਲਈ ਸਰਕਾਰਾਂ ਆਪਣੀਆਂ ਨਾਕਾਮੀਆਂ ਲਈ ਪਿਛਲੀਆਂ ਸਰਕਾਰਾਂ ਅਤੇ ਗੁਆਂਢੀ ਸੂਬੇ ਪੰਜਾਬ ਤੇ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾਉਂਦੀਆਂ ਰਹੀਆਂ ਹਨ।
ਕਈ ਵਾਰ ਤਾਂ ਪ੍ਰਦੂਸ਼ਣ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਘਰਾਂ ’ਚੋਂ ਨਿੱਕਲਣਾ ਮੁਸ਼ਕਲ ਹੋ ਜਾਂਦਾ ਹੈ, ਖਾਸਕਰ ਦੀਵਾਲੀ ਜਾਂ ਹੋਰ ਤਿਉਹਾਰਾਂ ਵਾਲੇ ਦਿਨਾਂ ’ਚ ਜਦੋਂ ਪਟਾਕੇ ਵਗੈਰਾ ਚਲਾਏ ਜਾਂਦੇ ਹਨ, ਅੱਖਾਂ ਵਿੱਚ ਜਲਣ ਹੋਣ ਲੱਗਦੀ ਹੈ, ਦਮੇ ਆਦਿ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਹੋਰ ਕਈ ਬਿਮਾਰੀਆਂ ਹਨ ਜੋ ਪ੍ਰਦੂਸ਼ਿਤ ਹਵਾ ਨਾਲ ਹੁੰਦੀਆਂ ਹਨ। ਵਾਤਾਵਰਨ ਖਰਾਬ ਹੋਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਅਸੀਂ ਦਿਨੋਂ-ਦਿਨ ਰੁੱਖਾਂ ਦੀ ਕਟਾਈ ਤਾਂ ਕਰੀ ਜਾ ਰਹੇ ਹਾਂ ਪਰ ਓਨੀ ਗਿਣਤੀ ਵਿੱਚ ਰੁੱਖ ਲਾਏ ਨਹੀਂ ਜਾ ਰਹੇ।
ਸੜਕਾਂ ਨੂੰ ਫੋਰ-ਵੇ (ਚਾਰ ਪਾਸੀ) ਬਣਾਉਣ ਲਈ ਸੜਕ ਦੇ ਆਲੇ-ਦੁਆਲੇ ਦੇ ਰੁੱਖਾਂ ਦੀ ਦਿਨੋ-ਦਿਨ ਕਟਾਈ ਹੋ ਰਹੀ ਹੈ। ਰੁੱਖ ਜਿੱਥੇ ਹਵਾ ਨੂੰ ਸ਼ੁੱਧ ਕਰਦੇ ਹਨ, ਉੱਥੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ, ਸੋ ਵੱਧ ਤੋਂ ਵੱਧ ਰੁੱਖ਼ ਲਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਕਾਰਖਾਨਿਆਂ, ਭੱਠਿਆਂ, ਵਾਹਨਾਂ ਤੇ ਅਨੇਕਾਂ ਸਨਅਤੀ ਅਦਾਰਿਆਂ ’ਚੋਂ ਨਿੱਕਲਣ ਵਾਲਾ ਧੂੰਆਂ ਤੇ ਪ੍ਰਦੂਸ਼ਿਤ ਗੈਸਾਂ ਵਾਤਾਵਰਨ ਖਰਾਬ ਕਰ ਰਹੇ ਹਨ, ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਰਾਲੀ ਸਾੜਨਾ ਜਾਂ ਕਣਕ ਦਾ ਨਾੜ ਸਾੜਨ ਨਾਲ ਹਵਾ ਪ੍ਰਦੂਸ਼ਿਤ ਨਹੀਂ ਹੁੰਦੀ, ਇਸ ਨਾਲ ਵੀ ਹਵਾ ਪ੍ਰਦੂਸ਼ਿਤ ਹੁੰਦੀ ਹੈ ਪਰ ਇਸ ਦੀ ਦਰ ਹਵਾ ਵਿਚਲੇ ਪ੍ਰਦੂਸ਼ਣ ’ਚੋਂ 10 ਫੀਸਦੀ ਹੈ, ਬਾਕੀ ਪ੍ਰਦੂਸ਼ਣ ਦੇ ਹੋਰ ਬਹੁਤ ਸਾਰੇ ਕਾਰਨ ਹਨ, ਜੋ ਉੱਪਰ ਦਰਸ਼ਾਏ ਗਏ ਹਨ।
ਹਵਾ ਮਾਪਣ ਵਾਲੇ ਯੰਤਰ ਦੱਸ ਰਹੇ ਹਨ ਕਿ ਵੱਖ-ਵੱਖ ਸ਼ਹਿਰਾਂ ਦੀ ਹਵਾ ਖਰਾਬ (ਪ੍ਰਦੂਸ਼ਿਤ) ਹੈ। ਇਹ ਖਰਾਬ ਹਵਾ ਫ਼ਿਕਰਮੰਦੀ ਦੀ ਹੱਦ ਤੱਕ ਪਹੁੰਚ ਗਈ ਹੈ। ਉਜ ਸੋਚਿਆ ਜਾਵੇ ਕਿ ਅੱਜ ਤੋਂ ਡੇਢ-ਦੋ ਦਹਾਕੇ ਪਹਿਲਾਂ ਕਿਸੇ ਸੋਚਿਆ ਸੀ, ਕਿ ਪਾਣੀ ਸਾਫ ਕਰਨ ਲਈ ਆਰ. ਓ. (ਰਿਵਰਸ ਓਸਮੋਸਿਸ) ਦੀ ਲੋੜ ਪੈ ਜਾਵੇਗੀ ਅਤੇ ਉਸ ਦੀ ਏਨੀ ਵੱਡੀ ਮਾਰਕੀਟ ਬਣ ਜਾਵੇਗੀ, ਜੋ ਕਿ ਲੱਖਾਂ ਤੋਂ ਤੁਰ ਕੇ ਅਰਬਾਂ ਤੱਕ ਪਹੁੰਚ ਜਾਵੇਗੀ। ਹੁਣ ਘਰ ਦੀ ਹਵਾ ਸ਼ੁੱਧ ਕਰਨ ਵਾਲੀਆਂ ਮਸ਼ੀਨਾਂ ਏ. ਪੀ. (ਏਅਰ ਪਿਊਰੀਫਾਇਰ) ਦੀ ਵੱਡੀ ਮੰਡੀ ਤੁਹਾਡੀਆਂ ਬਰੂਹਾਂ ’ਤੇ ਆਣ ਖੜ੍ਹੀ ਹੋਈ ਹੈ, ਜੋ ਤੁਹਾਡੇ ਘਰ ਤੁਹਾਨੂੰ ਸਾਹ ਵੇਚੇਗੀ।
ਪਵਿੱਤਰ ਗੁਰਬਾਣੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ, ਕਿ ਜਗਤ ਵਿਚ ਪਵਨ ਅਰਥਾਤ ਹਵਾ ਇਉਂ ਹੈ, ਜਿਵੇਂ ਆਤਮਿਕ ਤੌਰ ’ਤੇ ਜਿੰਦਾ ਰਹਿਣ ਲਈ ਗੁਰੂ ਹੈ। ਕਿਉਂਕਿ ਜੀਵ ਅੰਦਰ ਚੱਲਣ ਵਾਲੇ ਪ੍ਰਾਣ ਪਵਨ ਦਾ ਹੀ ਇੱਕ ਰੂਪ ਹਨ, ਜਿਸ ਤੋਂ ਬਿਨਾਂ ਜਿਉਣਾ ਅਸੰਭਵ ਹੈ। ਸੋ ਗੁਰੂ ਸਾਹਿਬਾਂ ਦੇ ਫੁਰਮਾਣ ’ਤੇ ਅਮਲ ਕਰਨ ਦੀ ਲੋੜ ਹੈ। ਹਵਾ ਪ੍ਰਦੂਸ਼ਣ ਤੋਂ ਬਚਣ ਲਈ ਕੁਝ ਬੁਨਿਆਦੀ ਨੁਕਤੇ ਸਾਨੂੰ ਖ਼ੁਦ ਵੀ ਅਪਨਾਉਣੇ ਪੈਣਗੇ, ਜਿਵੇਂ ਵੱਧ ਤੋਂ ਵੱਧ ਰੁੱਖ ਲਾਏ ਜਾਣ, ਡੀਜਲ ਦੀ ਵਰਤੋਂ ਘੱਟ ਕੀਤੀ ਜਾਵੇ, ਪੈਟਰੋਲ, ਗੈਸ ਤੇ ਹਵਾ, ਪਾਣੀ ਦੀ ਸ਼ਕਤੀ ਨੂੰ ਊਰਜਾ ਵਜੋਂ ਵਰਤਿਆ ਜਾਵੇ। ਸਨਅਤੀ ਅਦਾਰਿਆਂ ’ਚੋਂ ਨਿੱਕਲਣ ਵਾਲਾ ਪ੍ਰਦੂਸ਼ਿਤ ਧੂੰਆਂ, ਗੈਸਾਂ, ਲੋਕਾਂ ਨੂੰ ਨੁਕਸਾਨ ਨਾ ਪਹੁੰਚਾਉਣ। ਇਸ ਲਈ ਸਰਕਾਰ ਨੂੰ ਵੀ ਅਜਿਹੇ ਪਲਾਂਟਾਂ, ਫੈਕਟਰੀ ਵਾਲਿਆਂ ਨੂੰ ਵੀ ਵੱਡੇ ਜੁਰਮਾਨੇ ਕਰਨੇ ਚਾਹੀਦੇ ਹਨ ਅਤੇ ਸਖਤੀ ਵਰਤਣੀ ਚਾਹੀਦੀ ਹੈ। ਨਹੀਂ ਤਾਂ ਫਿਰ ਏ. ਪੀ. (ਏਅਰ ਪਿਓਰੀਫਾਇਰ) ਰਾਹੀਂ ਸਾਨੂੰ ਸਾਹ ਵੀ ਖਰੀਦਣੇ ਪਿਆ ਕਰਨਗੇ।
ਹਰਮੀਤ ਸਿਵੀਆਂ
ਸਿਵੀਆਂ (ਬਠਿੰਡਾ)
ਮੋ. 80547-57806
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ