ਸ਼ਹੀਦੀ ਜੋੜ ਮੇਲ ’ਤੇ ਵਿਸ਼ੇਸ਼
ਫਰੀਦਕੋਟ ਜ਼ਿਲ੍ਹੇ ਦੇ ਇਤਿਹਾਸਕ ਸ਼ਹਿਰ ਜੈਤੋ (Jaito Morcha) ਦੀ ਸਿੱਖ ਇਤਿਹਾਸ ’ਚ ਬੜੀ ਅਹਿਮ ਥਾਂ ਹੈ। ਇਸ ਸ਼ਹਿਰ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਹੈ। ਦੇਸ਼ ਦੇ ਆਜ਼ਾਦੀ ਸਮਾਗਮ ’ਚ ਇੱਥੋਂ ਦੇ ਦੇਸ਼ ਭਗਤਾਂ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਇਸ ਥਾਂ ਦੀ ਇਤਿਹਾਸਕ ਮਹਾਨਤਾ ਇਸ ਕਰਕੇ ਹੀ ਵਧੇਰੇ ਹੈ ਕਿ ਸਿੱਖ ਇਤਿਹਾਸ ਦਾ ਸਭ ਤੋਂ ਲੰਮਾ ਸਮਾਂ ਜਾਰੀ ਰਹਿਣ ਵਾਲਾ ਮੋਰਚਾ ਇੱਥੇ ਹੀ ਲੱਗਿਆ ਜਿਸ ਨੂੰ ਜੈਤੋ ਦਾ ਮੋਰਚਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਜੈਤੋ ਦਾ ਮੋਰਚਾ ਪਟਿਆਲਾ ਅਤੇ ਨਾਭਾ ਰਿਆਸਤ ਦੇ ਬਾਹਰੀ ਝਗੜੇ ਵਜੋਂ ਹੋਂਦ ਵਿਚ ਆਇਆ, ਕਿਉਂਕਿ ਅੰਗਰੇਜ਼ ਹਕੂਮਤ ਪਹਿਲਾਂ ਹੀ ਇਸ ਤਾਕ ਵਿਚ ਸੀ ਕਿ ਨਾਭਾ ਰਿਆਸਤ ਦੇ ਮਹਾਰਾਜ ਰਿਪੂਦਮਨ ਸਿੰਘ ਦੇ ਵਿਰੁੱਧ ਕੋਈ ਕਾਰਵਾਈ ਕਰਕੇ ਉਸ ਨੂੰ ਅੰਗਰੇਜ਼ੀ ਹਕੂਮਤ ਦਾ ਪ੍ਰਭਾਵ ਕਬੁੂਲ ਕਰਨ ਲਈ ਮਜ਼ਬੂਰ ਕੀਤਾ ਜਾ ਸਕੇ। ਅੰਗਰੇਜ਼ੀ ਹਕੂਮਤ ਨੇ ਦੋਹਾਂ ਰਿਆਸਤਾਂ ਦੇ ਵਿਚ-ਵਿਚਾਲੇ ਪੈ ਕੇ ਹੁਸ਼ਿਆਰੀ ਨਾਲ ਦੋਹਾਂ ਮਹਾਰਾਜਿਆਂ ਪਾਸੋਂ ਫੈਸਲਾ ਕਰਨ ਦੇ ਹੱਕ ਪ੍ਰਾਪਤ ਕਰ ਲਏ। ਹਕੂਮਤ ਨੂੰ ਅਜਿਹਾ ਹੱਕ ਦੇਣਾ ਹੀ ਮਹਾਰਾਜਾ ਨੂੰ ਮਹਿੰਗਾ ਪਿਆ। ਸਰਕਾਰ ਨੇ ਝਗੜੇ ਦੀ ਆੜ ਹੇਠ 9 ਜੁਲਾਈ 1923 ਨੂੰ ਮਹਾਰਾਜ ਰਿਪੂਦਮਨ ਸਿੰਘ ਨੂੰ ਨਾਭਾ ਰਿਆਸਤ ਦੀ ਰਾਜਗੱਦੀ ਤੋਂ ਲਾਹ ਕੇ ਉਸ ਨੂੰ ਰਾਜ ਵਿਚੋਂ ਕੱਢ ਦਿੱਤਾ। ਇਸ ਹਕੂਮਤ ਦਾ ਸਿੱਖ ਜਗਤ ’ਚ ਬੇਹੱਦ ਸਤਿਕਾਰ ਹੋਣ ਕਰਕੇ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਦਾ ਸਖਤ ਵਿਰੋਧ ਕੀਤਾ ਗਿਆ ਅਤੇ ਮਹਾਰਾਜਾ ਨਾਭਾ ਪ੍ਰਤੀ ਹਮਦਰਦੀ ਦਾ ਮਤਾ 9 ਸਤੰਬਰ 1923 ਨੂੰ ‘ਨਾਭਾ ਡੇ’ ਮਨਾਉਣ ਦਾ ਐਲਾਨ ਕਰ ਦਿੱਤਾ। ਇਸ ਦਿਨ ਪੰਜਾਬ ਵਿਚ ਥਾਂ-ਥਾਂ ’ਤੇ ਜਲੂਸ ਕੱਢੇ ਗਏ ਅਤੇ ਮਹਾਰਾਜੇ ਦੀ ਬਹਾਲੀ ਲਈ ਮਤੇ ਪਾਸ ਕੀਤੇ ਗਏ। ਜੈਤੋ ਵਿਖੇ ਵੀ ਅਜਿਹਾ ਜਲੂਸ ਕੱਢਿਆ ਗਿਆ। ਜਲੂਸ ਦੀ ਸਮਾਪਤੀ ’ਤੇ ਦੀਵਾਨ ਸਜਾਇਆ ਗਿਆ ਅਤੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਕੀਤੀ ਗਈ।
ਦੂਜੇ ਪਾਸੇ ਅੰਗਰੇਜ਼ੀ ਹਕੂਮਤ ਵੱਲੋਂ ਮਹਾਰਾਜਾ ਰਿਪੂਦਮਨ ਸਿੰਘ ਦੇ ਹੱਕ ਵਿਚ ਕੋਈ ਵੀ ਮਤਾ ਪਾਸ ਕਰਨ ਦੀ ਸਖਤ ਮਨਾਹੀ ਸੀ ਅਤੇ ਜੈਤੋ ਵਿਖੇ ਮਹਾਰਾਜੇ ਦੇ ਹੱਕ ਵਿਚ ਅਖੰਡ ਪਾਠਾਂ ਦੀ ਲੜੀ ਹਕੂਮਤੀ ਆਦੇਸ਼ਾਂ ਦੀ ਸਿੱਧੀ ਵਿਰੋਧਤਾ ਸੀ। ਇਸ ਕਰਕੇ 14 ਸਤੰਬਰ 1923 ਨੂੰ ਜਦੋਂ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦੀਵਾਨ ਸਾਹਿਬ ਸੱਜਿਆ ਹੋਇਆ ਸੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਚੱਲ ਰਹੇ ਸਨ ਤਾਂ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਸਿਪਾਹੀਆਂ ਨੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦਾਖਲ ਹੋ ਕੇ ਉੱਥੇ ਹੀ ਇਕੱਤਰ ਸ਼ਰਧਾਲੂਆਂ ਅਤੇ ਸੇਵਾਦਾਰਾਂ ਨੂੰ ਗਿ੍ਰਫਤਾਰ ਕਰ ਲਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ’ਚ ਬੈਠੇ ਗ੍ਰੰਥੀ ਸਿੰਘਾਂ ਨੂੰ ਬਾਹਰ ਕੱਢ ਲਿਆਂਦਾ। ਇਸ ਤਰ੍ਹਾਂ ਚੱਲ ਰਹੇ ਅਖੰਡ ਪਾਠਾਂ ਨੂੰ ਖੰਡਿਤ ਕਰ ਦਿੱਤਾ। ਅਖੰਡ ਪਾਠ ਦਾ ਖੰਡਿਤ ਕੀਤਾ ਜਾਣਾ ਸਿੱਖ ਧਰਮ ਲਈ ਬਹੁਤ ਹੀ ਅਸਹਿ ਘਟਨਾ ਸੀ, ਜਿਸ ਦਾ ਵੱਡੇ ਪੱਧਰ ’ਤੇ ਵਿਰੋਧ ਹੋਣ ਲੱਗਾ। ਇਸ ਘਟਨਾ ਨੇ ਮਹਾਰਾਜਾ ਨਾਭਾ ਦੇ ਰਾਜਸੀ ਸਵਾਲ ਨੂੰ ਸਿੱਖ ਧਰਮ ਦਾ ਸਵਾਲ ਬਣਾ ਦਿੱਤਾ ਤੇ ਜੈਤੋ ਵਿਖੇ ਸਿੱਖਾਂ ਨੇ ਇਹ ਮੋਰਚਾ ਆਰੰਭ ਕਰ ਦਿੱਤਾ। ਇਸ ਮੋਰਚੇ ਦਾ ਮੁੱਖ ਨਿਸ਼ਾਨਾ ਖੰਡਿਤ ਕੀਤੇ ਗਏ ਅਖੰਡ ਪਾਠਾਂ ਨੂੰ ਅਖੰਡ ਰੂਪ ’ਚ ਮੁੜ ਚਾਲੂ ਕਰਨਾ ਸੀ।
ਸਿੱਖ ਇਤਿਹਾਸ ਦਾ ਪ੍ਰਸਿੱਧ ਜੈਤੋ ਦਾ ਮੋਰਚਾ ਸਾਰੇ ਸਿੱਖ ਮੋਰਚਿਆਂ ਤੋਂ ਲੰਮਾਂ ਸਮਾਂ (ਪੌਣੇ ਦੋ ਸਾਲ ਤੋਂ ਵੀ ਵੱਧ) ਜਾਰੀ ਰਿਹਾ ਤੇ ਇਸ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਨੂੰ ‘ਗੁਰਦੁਆਰਾ ਐਕਟ’ ਬਣਾਉਣ ਲਈ ਮਜ਼ਬੂਰ ਹੋਣਾ ਪਿਆ। ਇਸੇ ਐਕਟ ਦੇ ਅਧੀਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਸਰੂਪ ਹੋਂਦ ਵਿਚ ਆਇਆ। ਅੰਗਰੇਜ਼ੀ ਹਕੂਮਤ ਵੱਲੋਂ ਮਹਾਰਾਜੇ ਦੇ ਸਬੰਧ ਵਿਚ ਕੋਈ ਵੀ ਮਤਾ ਪਾਸ ਕਰਨ ਦੀ ਆਗਿਆ ਨਾ ਹੋਣ ਦੇ ਬਾਵਜੂਦ ਸਿੱਖ ਸੰਗਤਾਂ ਵੱਲੋਂ ਪੰਜਾਬ ਭਰ ਵਿਚ ਥਾਂ-ਥਾਂ ਮੁਜ਼ਾਹਰੇ ਕੀਤੇ ਗਏ ਅਤੇ ਮਹਾਰਾਜਾ ਦੀ ਬਹਾਲੀ ਦੇ ਮਤੇ ਪਾਸ ਕੀਤੇ ਗਏ। ਜੈਤੋ ਮੰਡੀ ਵਿਚ ਵੀ ਅਜਿਹਾ ਮੁਜ਼ਾਹਰਾ ਕਰਨ ਉਪਰੰਤ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ੍ਰੀ ਗੰਗਸਰ ਸਾਹਿਬ ਵਿਖੇ ਦੀਵਾਨ ਸਜਾਇਆ ਗਿਆ ਅਤੇ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ।
ਇਹ ਸਿੱਖ ਮਰਿਆਦਾ ਦੀ ਘੋਰ ਉਲੰਘਣਾ ਸੀ ਅਤੇ ਇਸ ਦੁਰਘਟਨਾ ਨੇ ਮਹਾਰਾਜਾ ਦੇ ਰਾਜਸੀ ਸਵਾਲ ਨੂੰ ਧਾਰਮਿਕ ਸਵਾਲ ਬਣਾ ਦਿੱਤਾ। ਜੈਤੋ ਮੋਰਚੇ ਦਾ ਮੁੱਖ ਨਿਸ਼ਾਨਾ ਖੰਡਿਤ ਅਖੰਡ ਪਾਠ ਨੂੰ ਮੁੜ ਅਖੰਡ ਰੂਪ ਵਿਚ ਚਾਲੂ ਕਰਨਾ ਸੀ। ਸਿੱਖਾਂ ਦੀ ਧਾਰਮਿਕ ਜੱਥੇਬੰਦੀ ਨੇ ਇਸ ਮੋਰਚੇ ਦੀ ਕਮਾਨ ਸੰਭਾਲਦਿਆਂ ਅੰਮਿ੍ਰਤਸਰ ਤੋਂ ਰੋਜ਼ਾਨਾ 25-25 ਸਿੱਖਾਂ ਦੇ ਜੱਥੇ ਜੈਤੋ ਵੱਲ ਭੇਜਣੇ ਸ਼ੁਰੂ ਕੀਤੇ। ਹਰ ਰੋਜ਼ ਇੱਕ ਜੱਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਜਦੋਂ ਜੈਤੋ ਪਹੁੰਚਦਾ ਤਾਂ ਹਕੂਮਤ ਵੱਲੋਂ ਸਿੱਖਾਂ ਨੂੰ ਗਿ੍ਰਫਤਾਰ ਕਰਕੇ ਜੰਗਲਾਂ ਵਿਚ ਲਿਜਾ ਕੇ ਛੱਡ ਦਿੱਤਾ ਜਾਂਦਾ। ਮੋਰਚੇ ਦੀ ਚਰਚਾ ਪੰਜਾਬ ਤੋਂ ਬਾਹਰ ਵੀ ਹੋਣ ਲੱਗੀ। ਕਾਂਗਰਸ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ, ਪ੍ਰਿੰਸੀਪਲ ਗਿਡਵਾਨੀ ਤੇ ਮਿਸਟਰ ਕੇ. ਸਨਾਤਮ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਜੈਤੋ ਮੰਡੀ ਭੇਜਿਆ ਗਿਆ। ਤਿੰਨਾਂ ਆਗੂਆਂ ਨੂੰ ਜੈਤੋ ਪੁੱਜਣ ’ਤੇ ਹੀ ਗਿ੍ਰਫਤਾਰ ਕਰ ਲਿਆ ਗਿਆ ਅਤੇ ਇੱਕ ਰਾਤ ਜੈਤੋ ਕਿਲ੍ਹੇ ਦੀ ਇੱਕ ਕੋਠੜੀ ਵਿਚ ਬੰਦ ਕਰਨ ਉਪਰੰਤ ਅਗਲੇ ਦਿਨ ਨਾਭਾ ਜੇਲ੍ਹ ਵਿਚ ਭੇਜ ਦਿੱਤਾ। 29 ਸਤੰਬਰ, 1923 ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਹਕੂਮਤ ਦੀ ਦਖਲਅੰਦਾਜ਼ੀ ਨਾ ਸਹਿਣ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ 25 ਸਿੱਖਾਂ ਦੇ ਜੱਥੇ ਭੇਜਣ ਨਾਲ ਕੋਈ ਤਸੱਲੀਬਖਸ਼ ਸਿੱਟਾ ਨਿੱਕਲਦਾ ਨਾ ਵੇਖ ਕੇ ਮੋਰਚੇ ਨੂੰ ਹੋਰ ਤੇਜ਼ ਕਰਨ ਲਈ 500-500 ਸਿੱਖਾਂ ਦੇ ਜੱਥੇ ਭੇਜਣ ਦਾ ਫੈਸਲਾ ਕੀਤਾ ਗਿਆ। ਪਹਿਲੇ ਜੱਥੇ ਨੂੰ 21 ਫਰਵਰੀ, 1924 ਨੂੰ ਜੈਤੋ ਪੁੱਜ ਕੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ੍ਰੀ ਗੰਗਸਰ ਸਾਹਿਬ ਨੂੰ ਕਬਜ਼ੇ ਵਿਚ ਲੈਣ ਅਤੇ ਅਖੰਡ ਪਾਠ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਗਿਆ।
ਇਹ ਵਿਸ਼ਾਲ ਜੱਥਾ 9 ਫਰਵਰੀ, 1924 ਨੂੰ ਅਕਾਲ ਤਖਤ ਤੋਂ ਚੱਲ ਕੇ 20 ਫਰਵਰੀ ਨੂੰ ਫ਼ਰੀਦਕੋਟ ਜ਼ਿਲੇ੍ਹ ਦੇ ਪਿੰਡ ਬਰਗਾੜੀ ਵਿਖੇ ਪੁੱਜਿਆ। 21 ਫਰਵਰੀ ਨੂੰ ਸਵੇਰੇ ਕੀਰਤਨ ਕਰਨ ਉਪਰੰਤ ਇਹ ਜੱਥਾ ਜੈਤੋ ਵੱਲ ਕੂਚ ਕਰਨ ਲੱਗਿਆ। ਜੱਥੇ ਦੇ ਨਾਲ ਹਜਾਰਾਂ ਦੀ ਗਿਣਤੀ ਵਿਚ ਹੋਰ ਸੰਗਤ ਵੀ ਸ਼ਰਧਾਵੱਸ ਨਾਲ ਚੱਲ ਰਹੀ ਸੀ ਅਤੇ ਬੀਬੀਆਂ ਸਮੇਤ ਵੱਡੀ ਗਿਣਤੀ ਵਿਚ ਦਰਸ਼ਕ ਵੀ ਸਨ। ਕਾਂਗਰਸੀ ਨੇਤਾ ਡਾਕਟਰ ਕਿਚਲੂ, ਪਿੰ੍ਰਸੀਪਲ ਗਿਡਵਾਨੀ ਅਤੇ ਨਿਊਯਾਰਕ ਟਾਈਮਜ਼ ਦੇ ਪ੍ਰਤੀਨਿੱਧ ਮਿਸਟਰ ਜ਼ਿੰਮਦ ਕਾਰ ਵਿਚ ਸਵਾਰ ਹੋ ਕੇ ਜੱਥੇ ਦੇ ਨਾਲ-ਨਾਲ ਚੱਲ ਰਹੇ ਸਨ ਪਰ ਇਨ੍ਹਾਂ ਨੇਤਾਵਾਂ ਨੂੰ ਨਾਭਾ ਰਿਆਸਤ ਦੀ ਹੱਦ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ। ਜੱਥੇ ਦੇ ਅੱਗੇ ਪੰਜ ਸਿੱਖ ਨਿਸ਼ਾਨ ਸਾਹਿਬ ਲੈ ਕੇ ਚੱਲ ਰਹੇ ਸਨ ਅਤੇ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸੀ।
ਅੰਗਰੇਜ਼ੀ ਹਕੂਮਤ ਵੱਲੋਂ ਜੱਥੇ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ 150 ਮੀਟਰ ਦੀ ਵਿੱਥ ’ਤੇ ਰੋਕ ਕੇ ਗੋਲੀ ਚਲਾ ਦੇਣ ਦੀ ਧਮਕੀ ਦਿੱਤੀ ਪਰ ਜੱਥਾ ਸ਼ਾਂਤਮਈ ਅੱਗੇ ਵਧਦਾ ਰਿਹਾ ਜਿਸ ’ਤੇ ਵਿਲਸਨ ਜਾਨਸਟਨ ਨੇ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਤੇ ਸੈਂਕੜੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ (ਸ਼ਰੋਮਣੀ ਕਮੇਟੀ ਅਨੁਸਾਰ ਇਸ ਘਟਨਾ ਵਿਚ 300 ਸਿੱਖ ਗੋਲੀ ਦਾ ਸ਼ਿਕਾਰ ਹੋਏ ਜਿਨ੍ਹਾਂ ’ਚੋਂ 100 ਸਿੱਖ ਸ਼ਹਾਦਤ ਹਾਸਲ ਕਰ ਗਏ)। ਇਸ ਘਟਨਾ ਨੇ ਸਿੱਖਾਂ ਅੰਦਰ ਨਵਾਂ ਜੋਸ਼ ਭਰ ਦਿੱਤਾ ਤੇ ਉਨ੍ਹਾਂ ਵਿਚ ਇਸ ਮੋਰਚੇ ਵਿਚ ਸ਼ਹਾਦਤ ਪਾਉਣ ਦਾ ਚਾਅ ਠਾਠਾਂ ਮਾਰਨ ਲੱਗਾ। ਲੋਕ ਸ਼ਹੀਦੀ ਜੱਥਿਆਂ ਵਿਚ ਵਧ-ਚੜ੍ਹ ਕੇ ਸ਼ਾਮਲ ਹੋਣ ਲੱਗੇ। 28 ਫਰਵਰੀ 1924 ਨੂੰ ਅਗਲਾ ਸਿੰਘਾਂ ਦਾ ਜੱਥਾ ਅਮਿ੍ਰਤਸਰ ਤੋਂ ਜੈਤੋ ਲਈ ਰਵਾਨਾ ਹੋਇਆ ਜਿਸ ਨੂੰ 14 ਮਾਰਚ 1924 ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਇਨ੍ਹਾਂ ਜੱਥਿਆਂ ਵਿੱਚ ਕੈਨੇਡਾ, ਹਾਂਗਕਾਂਗ, ਹੰਗਾਈ ਆਦਿ ਦੇਸ਼ਾਂ ਤੋਂ ਵੀ ਸਿੱਖਾਂ ਨੇ ਹਿੱਸਾ ਲਿਆ। ਇਸ ਤਰ੍ਹਾਂ 500-500 ਦੇ ਜੱਥੇ ਭੇਜਣ ਦਾ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਤੇ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਅੰਗਰੇਜ਼ੀ ਹਕੂਮਤ ਨੇ ਹੱਥ ਖੜੇ੍ਹ ਨਾ ਕੀਤੇ। ਅੰਤ ਹਕੂਮਤ ਸੰਘਰਸ਼ ਅੱਗੇ ਝੁਕ ਗਈ ਅਤੇ ਇਸ ਇਤਿਹਾਸਕ ਮੋਰਚੇ ਨੂੰ ਸਫਲਤਾ ਮਿਲੀ। ਸਿੱਖ ਸੰਗਤ ਨੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਮੁੜ ਅਖੰਡ ਪਾਠ ਸ਼ੁਰੂ ਕਰਕੇ ਮੋਰਚੇ ਨੂੰ ਤੋੜ ਚੜ੍ਹਾਇਆ। ਜੈਤੋ ਦੇ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਵਿਖੇ ਹਰ ਸਾਲ 21 ਫਰਵਰੀ ਨੂੰ ਸ਼ਹੀਦੀ ਜੋੜ ਮੇਲ ਕਰਵਾਇਆ ਜਾਂਦਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਦੀਆਂ ਹਨ।
ਪ੍ਰਮੋਦ ਧੀਰ, ਜੈਤੋ ਮੰਡੀ
ਕੰਪਿਊਟਰ ਅਧਿਆਪਕ, ਸਰਕਾਰੀ ਹਾਈ ਸਕੂਲ
ਢੈਪਈ (ਫਰੀਦਕੋਟ) ਮੋ. 98550-31081
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ