ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਮੁਲਜ਼ਮਾਂ ਪ੍ਰਤੀ ਗੈਰ ਜ਼ਿੰਮੇਵਾਰਾਨਾ ਬਿਆਨ ਦੀ ਕੀਤੀ ਸਖ਼ਤ ਨਿਖੇਧੀ (Teachers Union Punjab)
ਕੋਟਕਪੂਰਾ, (ਸੱਚ ਕਹੂੰ ਨਿਊਜ਼)। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ (Teachers Union Punjab) ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ ,ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ, ਜਨਰਲ ਸਕੱਤਰ ਬਲਕਾਰ ਵਲਟੋਹਾ ,ਐਕਟਿੰਗ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾੜੀਮੇਘਾ ਤੇ ਐਡੀਸ਼ਨਲ ਜਨਰਲ ਸਕੱਤਰ ਕਾਰਜ ਸਿੰਘ ਕੈਰੋਂ ਤੇ ਬਾਜ ਸਿੰਘ ਭੁੱਲਰ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਪਿਛਲੇ ਦਿਨੀਂ ਮੁਲਾਜ਼ਮਾਂ ਦੇ ਪ੍ਰਤੀ ਜਾਰੀ ਕੀਤੀ ਵੀਡੀਓ ਵਿੱਚ ਸਿਹਤ ਠੀਕ ਨਾ ਹੋਣ ਵਾਲੇ ਮੁਲਾਜ਼ਮਾਂ ਅਤੇ ਪਰਿਵਾਰਕ ਮੈਂਬਰਾਂ ਦੀਆਂ ਮਨੁੱਖੀ ਸਮੱਸਿਆਵਾਂ ਪ੍ਰਤੀ ਹਮਦਰਦੀ ਵਾਲਾ ਵਤੀਰਾ ਅਪਣਾਉਣ ਦੀ ਥਾਂ ਚੋਣ ਡਿਊਟੀ ਤੋਂ ਰਾਹਤ ਦੇਣ ਦੀ ਬਜਾਏ ਜਬਰੀ ਰਿਟਾਇਰਮੈਂਟ ਕਰਨ ਦੀਆ ਸਿਫ਼ਾਰਸ਼ਾਂ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ।
ਚੋਣ ਡਿਊਟੀ ਤੋਂ ਰਾਹਤ ਦੇਣ ਦੀ ਮੰਗ
ਅਧਿਆਪਕ ਆਗੂਆਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਲੁਧਿਆਣਾ ਨੂੰ ਤੱਥਾਂ ਦੇ ਆਧਾਰ ਤੇ ਯੋਗ ਉਮੀਦਵਾਰਾਂ ਨੂੰ ਚੋਣ ਡਿਊਟੀ ਤੋਂ ਛੋਟ ਦੇ ਦੇਣੀ ਚਾਹੀਦੀ ਸੀ ਤੇ ਮੀਡੀਏ ਵਿੱਚ ਮੁਲਾਜ਼ਮ ਵਰਗ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਵੱਡੇ ਪੱਧਰ ਤੇ ਮੁਲਾਜ਼ਮਾਂ ਵੱਲੋਂ ਚੋਣ ਡਿਊਟੀ ਨਿਰਪੱਖਤਾ ਅਤੇ ਪੂਰੀ ਤਨਦੇਹੀ ਨਾਲ ਨਿਭਾਈ ਜਾਂਦੀ ਹੈ ਅਤੇ ਮੁਲਾਜ਼ਮ ਅੱਜ ਵੀ ਆਪਣੀ ਚੋਣ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਤਿਆਰ ਬਰ ਤਿਆਰ ਹਨ ਤੇ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਪ੍ਰਤੀ ਪੂਰਾ ਅਹਿਸਾਸ ਹੈ ।ਅਧਿਆਪਕ ਆਗੂਆਂ ਨੇ ਅੱਗੇ ਕਿਹਾ ਕਿ ਸਿਹਤ ਦੀ ਖਰਾਬੀ ਅਤੇ ਘਰੇਲੂ ਸਮੱਸਿਆ ਕਿਸੇ ਵੀ ਅਧਿਕਾਰੀ / ਕਰਮਚਾਰੀ ਨੂੰ ਕਦੋਂ ਵੀ ਆ ਸਕਦੀ ਹੈ ।ਅਧਿਆਪਕ ਆਗੂਆਂ ਨੇ ਕਿਹਾ ਕਿ ਸਿਵਲ ਪ੍ਰਸ਼ਾਸਨ ਲੁਧਿਆਣਾ ਵੱਲੋਂ ਜਿਸ ਢੰਗ ਨਾਲ ਮੁਲਾਜ਼ਮਾਂ ਦੀ ਚੋਣ ਡਿਊਟੀ ਆਪਣੇ ਘਰਾਂ ਅਤੇ ਨਿਯੁਕਤੀ ਸਥਾਨਾਂ ਤੋਂ ਦੂਰ 70 -80 ਕਿਲੋਮੀਟਰ ਦੂਰ ਲਗਾਈਆਂ ਗਈਆਂ ਹਨ।
ਇਸ ਕਰਕੇ ਖਾਸ ਤੌਰ ‘ਤੇ ਮਹਿਲਾ ਕਰਮਚਾਰੀਆਂ ਨੂੰ ਆਉਣ-ਜਾਣ ਦੀ ਸਮੱਸਿਆ ਤੇ ਰਾਤ ਨੂੰ ਪੋਲਿੰਗ ਸਟੇਸ਼ਨਾਂ ’ਤੇ ਰਹਿਣ ਦੀਆਂ ਕਠਿਨ ਸਮੱਸਿਆਵਾਂ ਕਾਰਨ ਮੁਲਾਜ਼ਮਾਂ ਨੇ ਚੋਣ ਡਿਊਟੀ ਤੋਂ ਛੋਟ ਲੈਣ ਲਈ ਬਿਨੈ ਪੱਤਰ ਦੇਣੇ ਪਏ ਹਨ । ਅਧਿਆਪਕ ਆਗੂਆਂ ਨੇ ਕਿਹਾ ਕਿ ਸਿਵਲ ਪ੍ਰਸ਼ਾਸਨ ਲੁਧਿਆਣਾ ਨੂੰ ਚਾਹੀਦਾ ਤਾਂ ਇਹ ਸੀ ਕਿ ਸਬੰਧਤ ਵੱਲੋਂ ਬਿਨੈ ਪੱਤਰ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ ਤੇ ਯੋਗ ਅਧਿਆਪਕਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਂਦੀ ਪਰ ਅਜਿਹਾ ਕਰਨ ਦੀ ਬਜਾਏ ਡਿਪਟੀ ਕਮਿਸ਼ਨਰ ਸਾਹਿਬ ਮੁਲਾਜ਼ਮ ਵਰਗ ਨੂੰ ਬਦਨਾਮ ਕਰਨ ਦੇ ਰਾਹ ਪੈ ਗਏ ਹਨ । ਅਧਿਆਪਕ ਆਗੂਆਂ ਨੇ ਮੰਗ ਕੀਤੀ ਹੈ ਕਿ ਕਪਲ ਕੇਸਾਂ ਵਾਲੇ ਮੁਲਾਜ਼ਮਾਂ ਵਿੱਚੋਂ ਮਹਿਲਾ ਮੁਲਾਜ਼ਮ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ