ਹਲਕੇ ਦਾ ਸਰਵਪੱਖੀ ਵਿਕਾਸ ਤੇ ਲੋਕਾਂ ਦੀ ਭਲਾਈ ਮੇਰਾ ਸਭ ਤੋਂ ਪਹਿਲਾ ਟੀਚਾ : ਗਨੀਵ ਕੌਰ (Ganeev kaur majitha)
(ਰਾਜਨ ਮਾਨ) ਅੰਮ੍ਰਿਤਸਰ। ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਹਲਕਾ ਮਜੀਠਾ ਤੋਂ ਉਮੀਦਵਾਰ ਸਰਦਾਰਨੀ ਗਨੀਵ ਕੌਰ ਮਜੀਠੀਆ (Ganeev kaur majitha) ਨੇ ਕਿਹਾ ਹੈ ਕਿ ਮਜੀਠਾ ਹਲਕੇ ਦਾ ਵਿਕਾਸ ਅਤੇ ਇਸਦੇ ਲੋਕਾਂ ਦੀ ਭਲਾਈ ਮੇਰਾ ਪਹਿਲਾ ਟੀਚਾ ਹੈ। ਹਲਕੇ ਦੇ ਪਿੰਡ ਅਰਜਨ ਮਾਂਗਾ, ਚੰਨਣਕੇ, ਛੋਟਾ ਘਨਸ਼ਿਆਮਪੁਰਾ, ਕਲੇਰ ਬਾਲਾ ਪਾਈ ਤੇ ਬੱਲੋਵਾਲੀ ਵਿਚ ਵੱਖ ਵੱਖ ਜਨਤਕ ਮੀਟਿੰਗਾਂ ਨੁੰ ਸੰਬੋਧਨ ਕਰਦਿਆਂ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਬਿਕਰਮ ਮਜੀਠੀਆ ਨੇ ਹਲਕੇ ਦੇ ਵਿਕਾਸ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਹਲਕੇ ਦੇ ਲੋਕ ਸਾਡੇ ਪਰਿਵਾਰ ਦੇ ਮੈਂਬਰ ਵਾਂਗੂ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੇ ਪਿਆਰ ਤੇ ਆਸ਼ੀਰਵਾਦ ਸਦਕਾ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਟੀਚਾ ਹੋਵੇਗਾ ਕਿ ਹਲਕੇ ਦੇ ਵਿਕਾਸ ਵਾਸਤੇ ਕੰਮ ਕੀਤਾ ਜਾਵੇਗਾ ਅਤੇ ਇਸ ਦੇ ਲੋਕਾਂ ਦੀ ਭਲਾਈ ਵਾਸਤੇ ਕੰਮ ਕੀਤਾ ਜਾਵੇਗਾ।
ਮਹਿਲਾਵਾਂ ਦੀ ਭਲਾਈ ਵਾਸਤੇ ਕੰਮ ਕਰਨਾ ਉਨ੍ਹਾਂ ਦੀ ਨਿੱਜੀ ਇੱਛਾ
ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਭਲਾਈ ਵਾਸਤੇ ਕੰਮ ਕਰਨਾ ਉਨ੍ਹਾਂ ਦੀ ਨਿੱਜੀ ਇੱਛਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ਤੋਂ ਬਾਅਦ ਉਹ ਸਰਕਾਰ ਤੋਂ ਮਹਿਲਾਵਾਂ ਦੀ ਭਲਾਈ ਵਾਸਤੇ ਸਕੀਮਾਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਆਰਥਿਕ ਮਜ਼ਬੂਤੀ ਉਹਨਾਂ ਦੇ ਪਰਿਵਾਰਾਂ ਦੀ ਮਜ਼ਬੂਤੀ ਤੇ ਹਲਕੇ ਦੀ ਮਜ਼ਬੂਤੀ ਵਜੋਂ ਸਾਹਮਣੇ ਆਵੇਗੀ।
ਇਸ ਮੌਕੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮੇਜਰ ਸ਼ਿਵਚਰਨ ਸਿੰਘ ਬਰਾੜ ਨੇ ਕਿਹਾ ਕਿ ਬੇਸ਼ੱਕ ਹਉਮੈ ਦੇ ਭਰੇ ਹੋਏ ਨਵਜੋਤ ਸਿੱਧੂ ਨੁੰ ਸਬਕ ਸਿਖਾਉਣ ਲਈ ਬਿਕਰਮ ਸਿੰਘ ਮਜੀਠੀਆ ਅੰਮਿ੍ਰਤਸਰ ਪੂਰਬੀ ਹਲਕੇ ਤੋਂ ਚੋਣ ਲੜ ਰਹੇ ਹਨ ਪਰ ਹੁਣ ਮਜੀਠਾ ਹਲਕੇ ਨੁੰ ਉਹਨਾਂ ਦਾ ਗ੍ਰਹਿ ਮੰਤਰੀ ਮਿਲ ਗਿਆ ਹੈ ਤੇ ਹਲਕੇ ਦੇ ਲੋਕਾਂ ਦੇ ਕੰਮ ਹੋਰ ਵੀ ਸੁਖਾਲੇ ਹੋਣਗੇ।
ਇਨ੍ਹਾਂ ਮੀਟਿੰਗਾਂ ਵਿਚ ਚੇਅਰਮੈਨ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਮਜੀਠਾ ਹਲਕੇ ਦੇ ਇਕੱਲੇ ਇਕੱਲੇ ਪਿੰਡ ਦੇ ਲੋਕ ਮਜੀਠੀਆ ਪਰਿਵਾਰ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੇ ਹਨ ਅਤੇ ਇਸ ਵਾਰ ਗਨੀਵ ਕੌਰ ਮਜੀਠੀਆ ਦੀ ਜਿੱਤ ਦੀ ਲੀਡ ਸਰਦਾਰ ਮਜੀਠੀਆ ਨਾਲੋਂ ਵੀ ਜ਼ਿਆਦਾ ਕਰਨ ਵਾਸਤੇ ਪੂਰੀ ਮਿਹਨਤ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ