ਬਸੰਤ ਰੁੱਤ ਦੌਰਾਨ ਬਨਾਸਪਤੀ, ਮਨੁੱਖਾਂ, ਪਸ਼ੂ, ਪੰਛੀਆਂ ’ਚ ਕੁਦਰਤੀ ਬਦਲਾਅ ਨਜ਼ਰ ਆਉਂਦੈ

basant, Spring

ਬਸੰਤ ਰੁੱਤ (Spring) ਦੌਰਾਨ ਬਨਾਸਪਤੀ, ਮਨੁੱਖਾਂ, ਪਸ਼ੂ, ਪੰਛੀਆਂ ’ਚ ਕੁਦਰਤੀ ਬਦਲਾਅ ਨਜ਼ਰ ਆਉਂਦੈ

ਭਾਰਤ ਦੀਆਂ ਰੁੱਤਾਂ ਦਾ ਰਾਜਾ ਕਹੀ ਜਾਣ ਵਾਲੀ ਬਸੰਤ ਰੁੱਤ (Spring) ਦਾ ਆਗਮਨ ਹਰ ਸਾਲ ਅੰਗਰੇਜੀ ਮਹੀਨੇ ਫਰਵਰੀ-ਮਾਰਚ ਅਤੇ ਦੇਸੀ ਮਹੀਨੇ ਦੇ ਫੱਗਣ ਤੇ ਚੇਤਰ ਵਿਚ ਹੁੰਦਾ। ਸਾਡੇ ਦੇਸ਼ ਦਾ ਪੌਣ-ਪਾਣੀ ਕੁਝ ਇਸ ਤਰ੍ਹਾਂ ਦਾ ਹੈ ਕਿ ਇੱਥੇ ਕਦੇ ਗਰਮੀ, ਕਦੇ ਸਰਦੀ, ਕਦੇ ਬਰਸਾਤ, ਕਦੇ ਪੱਤਝੜ ਅਤੇ ਕਦੀ ਬਸੰਤ ਦਾ ਮੌਸਮ ਹੰੁਦਾ ਹੈ। ਇਸ ਸਮੇਂ ਬਨਾਸਪਤੀ ਮਨੁੱਖ, ਪਸ਼ੂਆਂ ਤੇ ਪੰਛੀਆਂ ਵਿਚ ਕੁਦਰਤੀ ਬਦਲਾਅ ਨਜ਼ਰ ਆਉਂਦੇ ਹਨ। ਮਨੁੱਖਾਂ ਵਿਚ ਬਦਲਾਅ ਦੌਰਾਨ ਇਸ ਰੁੱਤ ਦੇ ਸ਼ੁਰੂ ਹੋਣ ਤੋਂ ਬਾਅਦ ਗਰਮ ਕੱਪੜੇ, ਕੰਬਲ, ਕੋਟ, ਕੋਟੀਆਂ, ਸਵੈਟਰ, ਰਜਾਈਆਂ ਦਾ ਤਿਆਗ ਕਰ ਦਿੱਤਾ ਜਾਂਦਾ।

ਦਰੱਖਤਾਂ ਦੇ ਪੁਰਾਣੇ ਪੱਤੇ ਝੜ ਕੇ ਨਵੇਂ ਪੱਤੇ ਨਿੱਕਲਦੇ ਹਨ। ਇਸ ਤੋਂ ਇਲਾਵਾ ਹੰੁਦੇ ਕੁਦਰਤੀ ਬਦਲਾਅ ਕਾਰਨ ਹੀ ਬਿਮਾਰ ਪਏ ਮਰੀਜਾਂ ਵਿਚ ਵੀ ਤੰਦਰੁਸਤ ਹੋਣ ਦੇ ਸੰਕੇਤ ਨਜ਼ਰ ਆਉਣ ਲੱਗਦੇ ਹਨ। ਜੀਵ ਜੰਤੂਆਂ ਤੇ ਪੌਦਿਆਂ ਵਿਚ ਵੀ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ। ਸਰ੍ਹੋਂ ਦੇ ਬਸੰਤੀ ਰੰਗ ਦੇ ਫੁੱਲਾਂ ਨਾਲ ਭਰਿਆ ਹੋਇਆ ਆਲਾ-ਦੁਆਲਾ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਕੁਦਰਤ ਪੀਲੇ ਗਹਿਣੇ ਪਹਿਨ ਕੇ ਬਸੰਤ ਰੁੱਤ ਦਾ ਤਿਉਹਾਰ ਮਨਾ ਰਹੀ ਹੋਵੇ। ਹਰ ਪਾਸੇ ਹਰਿਆਲੀ ਕਾਰਨ ਆਲਾ-ਦੁਆਲਾ ਹਰਿਆ-ਭਰਿਆ ਲੱਗਦਾ ਹੈ। ਮਨ ਮੱਲੋ-ਮੱਲੀ ਉਸ ਸਿਰਜਣਹਾਰ ਦੀ ਕੁਦਰਤ ਤੋਂ ਬਲਿਹਾਰ ਹੋ ਜਾਂਦਾ।

ਬਸੰਤ ਰੁੱਤ ਦੌਰਾਨ ਬਨਾਸਪਤੀ, ਮਨੁੱਖਾਂ, ਪਸ਼ੂ, ਪੰਛੀਆਂ ’ਚ ਕੁਦਰਤੀ ਬਦਲਾਅ ਨਜ਼ਰ ਆਉਂਦੈ

ਇਸ ਸਮੇਂ ਗੁਲਾਬ, ਗੇਂਦਾ, ਸੂਰਜਮੁਖੀ ਅਤੇ ਸਰ੍ਹੋਂ ਦੇ ਫੁੱਲ ਵੱਡੀ ਗਿਣਤੀ ਵਿਚ ਆਪਣੀ ਖੁਸ਼ਬੂ ਨੂੰ ਬਿਖਾਰਦੇ ਹੋਏ ਵਾਤਾਵਰਨ ਨੂੰ ਸ਼ੁੱਧ ਬਣਾਉਂਦੇ ਹਨ। ਜਿਸ ਨਾਲ ਬੜਾ ਹੀ ਸੁੰਦਰਤਾ ਭਰਿਆ ਮਾਹੌਲ ਆਸੇ-ਪਾਸੇ ਨਜ਼ਰ ਆਉਂਦਾ ਹੈ। ਖੂਬਸੂਰਤ ਬਸੰਤ ਰੁੱਤ ਦੇ ਮੌਸਮ ਵਿਚ ਨਾ ਤਾਂ ਸਰਦੀ ਹੀ ਠੁਰ-ਠੁਰ ਕਰਾਉਂਦੀ ਹੈ, ਤੇ ਨਾ ਹੀ ਗਰਮੀ ਦੀ ਲੂ ਤਨ-ਮਨ ਨੂੰ ਸਾੜ ਰਹੀ ਹੁੰਦੀ ਹੈ। ਇਸ ਕਰਕੇ ਇਹ ਬਹੁਤ ਸੁਹਾਵਣਾ ਮੌਸਮ ਲੱਗਦਾ ਹੈ। ਬਸੰਤ ਵਾਲੇ ਦਿਨ ਸਭ ਦਾ ਮਨ ‘ਆਈ ਬਸੰਤ, ਪਾਲਾ ਉਡੰਤ’ ਬਾਰੇ ਸੋਚ-ਸੋਚ ਕੇ ਖੁਸ਼ੀ ਨਾਲ ਭਰ ਜਾਂਦਾ ਹੈ। ਭਾਰਤ ਦੀ ਕੋਈ ਹੀ ਅਜਿਹੀ ਭਾਸ਼ਾ ਹੋਵੇਗੀ, ਜਿਸ ਵਿਚ ਇਸ ਸੁਹਾਵਣੀ ਰੁੱਤ ਬਾਰੇ ਕਵੀਆਂ ਦੀ ਕਲਪਨਾ ਨੇ ਕਵਿਤਾਵਾਂ, ਨਾਟਕਕਾਰਾਂ ਨੇ ਨਾਟਕ, ਕਹਾਣੀਕਾਰਾਂ ਨੇ ਕਹਾਣੀਆਂ ਨਾ ਲਿਖੀਆਂ ਹੋਣ। ਲੋਕ ਇਸ ਦਿਨ ਪੀਲੇ ਰੰਗ ਦੇ ਕੱਪੜੇ ਪਾਉਂਦੇ ਨੇ, ਪੀਲੇ ਚੌਲ ਬਣਾਉਂਦੇ ਤੇ ਮਠਿਆਈਆਂ ਖਾਂਦੇ ਹਨ। ਰੰਗ-ਬਰੰਗੇ ਪਤੰਗਾਂ ਨਾਲ ਅਸਮਾਨ ਭਰਿਆ ਪਿਆ ਹੁੰਦਾ ਹੈ।

ਬਸੰਤ ਰੁੱਤ (Spring) ਕੁਦਰਤੀ ਸੁੰਦਰਤਾ ਦਾ ਇੱਕ ਤੋਹਫ਼ਾ ਹੈ

ਇਸ ਮੌਕੇ ਅੰਬਾਂ ਨੂੰ ਵੀ ਬੂਰ ਪੈਣਾ ਸ਼ੁਰੂ ਹੋ ਜਾਂਦਾ। ਕੋਇਲਾਂ ਦੀ ਕੂ-ਕੂ ਦੀ ਅਵਾਜ ਨਾਲ ਵਾਤਾਵਰਨ ਇੱਕ ਤਰ੍ਹਾਂ ਸੰਗੀਤਮਈ ਹੋ ਜਾਂਦਾ। ਬਸੰਤ ਰੁੱਤ ਕੁਦਰਤੀ ਸੁੰਦਰਤਾ ਦਾ ਇੱਕ ਤੋਹਫ਼ਾ ਹੈ, ਤਰੱਕੀ ਤੇ ਨੌਜਵਾਨ ਅਵਸਥਾ ਦਾ ਦੂਸਰਾ ਨਾਂਅ ਹੈ। ਇਹ ਸਰੀਰਕ ਬਿਮਾਰੀਆਂ ਨੂੰ ਸਰੀਰ ਤੋਂ ਦੂਰ ਭਜਾਉਣ ਦਾ ਕਾਲ ਵੀ ਕਹਾਉਂਦੀ ਹੈ। ਇਸ ਰੁੱਤ ਵਿਚ ਮੱਛਰ ਅਤੇ ਹੋਰ ਕੀਟਾਣੂਆਂ ਦਾ ਅਸਰ ਮੱਧਮ ਪੈ ਜਾਂਦਾ ਹੈ। ਲੋਕ ਥਕਾਵਟ ਤੋਂ ਬਿਨਾਂ ਆਪਣਾ ਸਾਰਾ ਘਰੇਲੂ ਕੰਮ ਖੁਸ਼ੀ-ਖੁਸ਼ੀ ਕਰਦੇ ਹਨ।

ਬਜ਼ਾਰਾਂ ਵਿਚ ਨਵਾਂ ਅਨਾਜ ਤੇ ਸਬਜ਼ੀਆਂ ਆ ਜਾਂਦੀਆਂ ਹਨ। ਬਸੰਤ ਦਾ ਸਿੱਧਾ ਸਬੰਧ ਕੁਦਰਤ, ਰੁੱਖ਼ਾਂ, ਪਹਾੜਾਂ, ਨਦੀਆਂ ਤੇ ਝੀਲਾਂ, ਬਾਗਾਂ ਬਗੀਚਿਆਂ ਨਾਲ ਵੀ ਜੁੜਦਾ ਹੈ। ਇਹ ਰੁੱਤ ਸਾਨੂੰ ਰੁੱਖਾਂ ਦੀ ਘੱਟ ਤੋਂ ਘੱਟ ਕਟਾਈ, ਵੱਧ ਤੋਂ ਵੱਧ ਨਵੇਂ ਰੁੱਖਾਂ ਦੀ ਲਵਾਈ, ਨਦੀਆਂ ਵਿਚ ਸਾਫ-ਸੁਥਰਾ ਜਲ, ਧਰਤੀ ’ਤੇ ਬਾਗ-ਬਗੀਚਿਆਂ ਦੀ ਭਰਮਾਰ, ਲੋਕ ਖੁਸ਼ ਕਿਵੇਂ ਰਹਿਣ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਕਿਵੇਂ ਘਟਣ ਆਦਿ ਦਾ ਸੁਨੇਹਾ ਦਿੰਦੀ ਲੱਗਦੀ ਹੈ। ਬਸੰਤ ਰੁੱਤ ਵਿਚ ਕੁਦਰਤ ਵੀ ਨਵੀਂ ਵਹੁਟੀ ਵਾਂਗ ਆਪਣਾ ਸ਼ਿੰਗਾਰ ਕਰਦੀ ਹੈ। ਆਪਣੇ-ਆਪ ਨੂੰ ਵੱਖ-ਵੱਖ ਸੁੰਦਰ ਫੁੱਲਾਂ ਨਾਲ ਸਜਾਉਣ ਤੋਂ ਇਲਾਵਾ ਪੀਲੇ ਅਤੇ ਸੁੱਕੇ ਪੱਤਿਆਂ ਦਾ ਤਿਆਗ ਕਰਕੇ ਹਰਿਆਲੀ ਦੀ ਚਾਦਰ ਪਹਿਨਦੀ ਹੈ।

ਬਸੰਤ ਰੁੱਤ

ਖੇਤਾਂ ਵਿਚ ਖਿੜੇ ਸਰ੍ਹੋਂ ਦੇ ਪੀਲੇ ਫੁੱਲ, ਕਮਲ, ਚੰਪਾ, ਕੇਤਕੀ, ਪਲਾਸ਼ ਦੇ ਫੁੱਲਾਂ ਦੀ ਮਿੱਠੀ-ਮਿੱਠੀ ਸੁਗੰਧ, ਉਨ੍ਹਾਂ ’ਤੇ ਤਿਤਲੀਆਂ ਤੇ ਭੌਰਿਆਂ ਦਾ ਮੰਡਰਾਉਣਾ, ਸੂਰਜਮੁਖੀ ਦੇ ਫੁੱਲਾਂ ਦਾ ਸੂਰਜ ਨੂੰ ਪ੍ਰਣਾਮ ਕਰਨਾ, ਗੁਲਾਬ ਤੇ ਗੇਂਦੇ ਦੇ ਫੁੱਲਾਂ ਦੀ ਸੁੰਦਰਤਾ ਅਤੇ ਖੇਤਾਂ ਵਿਚ ਖੜ੍ਹੀ ਕਣਕ ਦੀਆਂ ਬੱਲੀਆਂ ਨੂੰ ਦੇਖ ਕੇ ਕਿਸਾਨ ਵੀ ਝੁੂਮ ਉੱਠਦੇ ਹਨ। ਰੁੱਖ ਕੋਮਲ ਤੇ ਨਵੇਂ ਪੱਤਿਆਂ ਨਾਲ ਸੁਸ਼ੋਭਿਤ ਹੁੰਦੇ ਹਨ। ਇਸ ਮੌਕੇ ਹਵਾ ਮਸਤ ਹਾਥੀ ਵਾਂਗ ਚੱਲ ਕੇ ਦੱਖਣ ਤੋਂ ਉੱਤਰ ਵੱਲ ਬੜੀ ਸ਼ਾਂਤਮਈ ਆਉਂਦੀ ਹੈ, ਤੇ ਸਾਰੇ ਵਾਤਾਵਰਨ ਨੂੰ ਸਾਫ-ਸੁਥਰਾ ਤੇ ਮਸਤ ਬਣਾ ਕੇ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਨੂੰ ਉਡਾ ਕੇ ਤੰਦਰੁਸਤੀ ਵੱਲ ਖਿੱਚ ਕੇ ਲੈ ਜਾਂਦੀ ਹੈ।

ਬਸੰਤ ਰੁੱਤ

ਦੇਖਣ ’ਤੇ ਇੰਜ ਪ੍ਰਤੀਤ ਹੰੁਦਾ ਹੈ ਕਿ ਪਿੰਡ-ਸ਼ਹਿਰ, ਗਲੀ-ਮੁਹੱਲੇ, ਬਾਗ-ਬਗੀਚੇ ਸਭ ਬਸੰਤ ਦੀ ਮਸਤੀ ਵਿਚ ਮਸਤ ਹਨ। ਚੰਦਰਮਾ ਦਾ ਪ੍ਰਕਾਸ਼ ਸੀਤਲ ਤੇ ਹੋਰ ਸੁੰਦਰ ਸੁਹਾਵਣਾ ਹੋ ਜਾਂਦਾ ਹੈ। ਜਿੱਥੇ ਬਸੰਤ ਰੁੱਤ ਸਾਰੀ ਧਰਤੀ ਦੇ ਉਸ ਸੁਪਰੀਮ ਪਾਵਰ ਵੱਲੋਂ ਸਾਜੀ ਗਈ ਕੁਦਰਤ ਦਾ ਨਜ਼ਾਰਾ ਪੇਸ਼ ਕਰਦੀ ਹੈ, ਉੱਥੇ ਦੂਜੇ ਪਾਸੇ ਅੱਜ ਦਾ ਇਨਸਾਨ ਧੋਖਾ, ਠੱਗੀ, ਫਰੇਬ, ਭਿ੍ਰਸ਼ਟਾਚਾਰੀ, ਈਰਖਾ, ਦਵੈਤ, ਨਫਰਤ ਤੇ ਰਿਸ਼ਵਤਖੋਰੀ ਵਿਚ ਅਜਿਹਾ ਫਸਿਆ ਕਿ ਅੱਜ-ਕੱਲ੍ਹ ਬਸੰਤ ਰੁੱਤ ਆਉਣ ’ਤੇ ਉਤਸ਼ਾਹ ਇਨਸਾਨਾਂ ਵਿਚ ਪਿਛਲੇ ਸਮਿਆਂ ਦੇ ਮੁਕਾਬਲੇ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ। ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਇਨਸਾਨ ਆਪਣੀ ਮਿੱਟੀ ਦੀ ਖੁਸ਼ਬੂ ਨੂੰ ਭੁੱਲਦਾ ਜਾ ਰਿਹਾ। ਪਰ ਇਸ ਦੇ ਬਾਵਜੂਦ ਬਸੰਤ ਰੁੱਤ ਆਪਣੇ ਸਮੇਂ ਦੌਰਾਨ ਆਪਣੀ ਹੋਂਦ ਨੂੰ ਮਹਿਕਾਉਂਦੀ ਹੈ, ਬੇਸ਼ੱਕ ਉਸ ਦੀ ਕੋਈ ਕਦਰ ਕਰੇ ਜਾਂ ਨਾ ਕਰੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ।

ਇਸ ਦਿਨ ਦਾ ਸਬੰਧ ਬਾਲ ਹਕੀਕਤ ਰਾਏ ਦੀ ਸ਼ਹੀਦੀ ਨਾਲ ਵੀ ਜੁੜਿਆ ਹੋਇਆ ਹੈ। ਕਿਉਂਕਿ ਇਸ ਦਿਨ ਇਸ ਬਹਾਦਰ ਬਾਲਕ ਨੰੂ ਆਪਣੇ ਧਰਮ ਵਿਚ ਪੱਕਾ ਰਹਿਣ ਕਾਰਨ ਮੌਤ ਦੀ ਸਜ਼ਾ ਮਿਲੀ ਸੀ। ਬਾਲ ਹਕੀਕਤ ਰਾਏ ਦਾ ਬਲੀਦਾਨ ਸਾਨੂੰ ਆਪਣੇ-ਆਪਣੇ ਧਰਮ ਵਿਚ ਪੱਕਾ ਤੇ ਦਿ੍ਰੜ ਰਹਿਣ ਦਾ ਸੰਦੇਸ਼ ਦਿੰਦਾ ਹੈ ਤੇ ਇਸ ਦੇ ਨਾਲ ਹੀ ਸਾਰੇ ਧਰਮਾਂ ਦਾ ਬਰਾਬਰ ਆਦਰ ਤੇ ਮਾਣ-ਸਤਿਕਾਰ ਕਰਨ ਦਾ ਵੀ ਸੁਨੇਹਾ ਦਿੰਦਾ ਹੈ। ਇਸ ਦਿਨ ਕਵੀ ਦਰਬਾਰਾਂ ਆਦਿ ਦਾ ਪ੍ਰਬੰਧ ਵੀ ਜਿਸ ਤਰ੍ਹਾਂ ਬਾਲ ਹਕੀਕਤ ਰਾਏ ਦੀ ਯਾਦ ਨੂੰ ਤਾਜਾ ਰੱਖਣ ਲਈ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਅਸੀਂ ਇਸ ਬਸੰਤ ਰੁੱਤ ਸਮੇਂ ਆਪਣੇ ਸਰੀਰ ਨੂੰ ਨਿਰੋਗ ਰੱਖਣ ਲਈ ਰਾਤ ਨੂੰ ਜ਼ਲਦੀ ਸੌਂ ਕੇ ਸਵੇਰੇ ਜਲਦੀ ੳੱੁਠ ਕੇ ਕੁਦਰਤੀ ਨਜਾਰਿਆਂ ਦਾ ਆਨੰਦ ਲੈਣ ਲਈ ਸੈਰ ਕਰੀਏ, ਕਿਉਂਕਿ ਬਸੰਤ ਰੁੱਤ ਦੌਰਾਨ ਚਹਿਕਦੀ ਹਰਿਆਲੀ ਤੇ ਫੁੱਲਾਂ ਦੀ ਖੁਸ਼ਬੂ ਸਾਡੇ ਸਰੀਰ ਦੀ ਤੰਦਰੁਸਤੀ ਨੂੰ ਕਾਇਮ ਰੱਖਣ ਲਈ ਸੰਜੀਵਨੀ ਦਾ ਕੰਮ ਕਰਦੀ ਹੈ।
ਮੇਵਾ ਸਿੰਘ
ਪ੍ਰਤੀਨਿਧ ਸੱਚ ਕਹੂੰ, ਸ੍ਰੀ ਮੁਕਤਸਰ ਸਾਹਿਬ
ਮੋ. 98726-00923

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ