ਕਾਂਗਰਸ ਹਾਈ ਕਮਾਨ ਨੇ ਨਵਜੋਤ ਸਿੱਧੂ (Navjot Sidhu) ਨੂੰ ਨਹੀਂ ਦਿੱਤੀ ਸਟਾਰ ਪ੍ਰਚਾਰਕਾਂ ਦੀ ਸੂਚੀ ’ਚ ਥਾਂਟ
- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ੁਮਾਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ( Navjot Sidhu ) ਨੂੰ ਕਾਂਗਰਸ ਹਾਈ ਕਮਾਨ ਸਟਾਰ ਪ੍ਰਚਾਰਕ ਹੀ ਨਹੀਂ ਮੰਨਦੀ, ਜਿਸ ਕਾਰਨ ਉਨ੍ਹਾਂ ਨੂੰ ਉੱਤਰਾਖੰਡ ਵਿਧਾਨ ਸਭਾ ਚੋਣਾਂ ਵਿੱਚ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰਕ ਹੀ ਨਹੀਂ ਬਣਾਇਆ ਗਿਆ। ਇਸ ਤਰ੍ਹਾਂ ਕਾਂਗਰਸ ਹਾਈ ਕਮਾਨ ਨੇ ਸਖ਼ਤ ਸੁਨੇਹਾ ਵੀ ਦਿੱਤਾ ਹੈ, ਜਿਸ ਨਾਲ ਨਵਜੋਤ ਸਿੱਧੂ ਨੂੰ ਝਟਕਾ ਲੱਗਾ ਹੈ। ਵੱਡੀ ਗੱਲ ਇਹ ਹੈ ਕਿ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂਅ ਸ਼ਾਮਲ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਉੱਤਰਾਖੰਡ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹਾਈ ਕਮਾਨ ਵੱਲੋਂ ਪ੍ਰਚਾਰ ਵਿੱਚ ਤੇਜੀ ਲਿਆਉਣ ਲਈ ਆਪਣੇ ਵੱਡੇ ਲੀਡਰਾਂ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ। ਕਾਂਗਰਸ ਦੇ ਵੱਡੇ ਲੀਡਰ ਪ੍ਰਚਾਰ ਕਰਨ ਲਈ ਅਗਲੇ ਦਿਨਾਂ ਵਿੱਚ ਉੱਤਰਾਖੰਡ ’ਚ ਦਿਖਾਈ ਦੇਣਗੇ। ਵੱਡੇ ਲੀਡਰਾਂ ਵੱਲੋਂ ਪ੍ਰਚਾਰ ਕਰਨ ਮੌਕੇ ਖ਼ਰਚਾ ਕਾਫ਼ੀ ਜ਼ਿਆਦਾ ਹੋ ਜਾਂਦਾ ਹੈ ਤੇ ਕਈ ਲੀਡਰਾਂ ’ਤੇ ਇੱਕ ਰੈਲੀ ਦਾ ਹੀ ਖ਼ਰਚ ਲੱਖਾਂ ਰੁਪਏ ਵਿੱਚ ਹੁੰਦਾ ਹੈ। ਇਹ ਖ਼ਰਚਾ ਉਮੀਦਵਾਰ ਦੇ ਖ਼ਰਚ ਲਿਸਟ ਵਿੱਚ ਸ਼ਾਮਲ ਨਾ ਹੋਵੇ, ਇਸ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਤਿਆਰ ਕੀਤੀ ਜਾਂਦੀ ਹੈ ਤੇ ਉਸ ਸਟਾਰ ਪ੍ਰਚਾਰਕ ਵੱਲੋਂ ਪ੍ਰਚਾਰ ਦੌਰਾਨ ਕੀਤੇ ਗਏ ਖ਼ਰਚ ਨੂੰ ਪਾਰਟੀ ਦੇ ਖਰਚ ਵਿੱਚ ਸ਼ਾਮਲ ਕੀਤਾ ਜਾਂਦਾ ਹੈ।
40 ਸਟਾਰ ਪ੍ਰਚਾਰਕਾਂ ਦੀ ਸੂਚੀ ਕਾਂਗਰਸ ਹਾਈ ਕਮਾਨ ਵੱਲੋਂ ਜਾਰੀ
ਇਸ ਤਰ੍ਹਾਂ ਦੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕਾਂਗਰਸ ਹਾਈ ਕਮਾਨ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਵਿੱਚ ਸੋਨੀਆ ਗਾਂਧੀ ਤੋਂ ਲੈ ਕੇ ਡਾ. ਮਨਮੋਹਨ ਸਿੰਘ ਅਤੇ ਹਰਿਆਣਾ ਸਣੇ ਅੱਧੀ ਦਰਜਨ ਸੂਬਿਆਂ ਦੇ ਵੱਡੇ ਲੀਡਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਨਵਜੋਤ ਸਿੱਧੂ ਦਾ ਨਾਂਅ ਗਾਇਬ ਹੈ। ਨਵਜੋਤ ਸਿੱਧੂ ਨੂੰ ਸ਼ਾਮਲ ਨਾ ਕੀਤੇ ਜਾਣ ਪਿੱਛੇ ਇਹ ਤਰਕ ਵੀ ਨਹੀਂ ਦਿੱਤਾ ਜਾ ਸਕਦਾ ਹੈ ਕਿ ਪੰਜਾਬ ਵਿੱਚ ਵੀ ਵਿਧਾਨ ਸਭਾ ਚੋਣਾਂ ਹਨ, ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਰਹੇ ਚਰਨਜੀਤ ਸਿੰਘ ਚੰਨੀ ਨੂੰ ਇਸ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਪ੍ਰਚਾਰ ਲਈ ਸੱਦਿਆ ਵੀ ਜਾਏਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ