ਹਰਮਿੰਦਰ ਸਿੰਘ ਜੱਸੀ ਨੇ ਹਲਕੇ ਦੇ ਅੱਧੀ ਦਰਜ਼ਨ ਤੋਂ ਵੱਧ ਪਿੰਡਾਂ ’ਚ ਕੀਤਾ ਚੋਣ ਪ੍ਰਚਾਰ, ਲੋਕਾਂ ਨੇ ਲੱਡੂਆਂ ਨਾਲ ਤੋਲਿਆ
ਜੱਸੀ ਨੇ ਗਿਣਵਾਏ ਕਰਵਾਏ ਵਿਕਾਸ ਕਾਰਜ
(ਪੁਸ਼ਪਿੰਦਰ ਸਿੰਘ) ਤਲਵੰਡੀ ਸਾਬੋ/ਪੱਕਾ ਕਲਾਂ। ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ ਰਵਾਇਤੀ ਟੱਕਰ ਵਾਲੇ ਹਲਕੇ ਤਲਵੰਡੀ ਸਾਬੋ ’ਚ ਇਸ ਵਾਰ ਨਵੇਂ ਰੰਗ ਵੇਖਣ ਨੂੰ ਮਿਲ ਰਹੇ ਹਨ ਇਸ ਵਾਰ ਅਜ਼ਾਦ ਉਮੀਦਵਾਰ ਦੀ ਜਬਰਦਸਤ ਐਂਟਰੀ ਨੇ ਨਵੇਂ ਸਮੀਕਰਨ ਪੈਦਾ ਕਰ ਦਿੱਤੇ ਹਨ ਅਜ਼ਾਦ ਉਮੀਦਵਾਰ ਹਰਮਿੰਦਰ ਸਿੰਘ ਜੱਸੀ (Harminder Jassi) ਨੇ ਵਿਰੋਧੀਆਂ ਲਈ ਵੱਡੀਆਂ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ ਹਰਮਿੰਦਰ ਸਿੰਘ ਜੱਸੀ ਨੇ ਅੱਜ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਹਲਕੇ ਦੇ ਪਿੰਡ ਪੱਕਾ ਕਲਾਂ ਤੋਂ ਕਰ ਦਿੱਤੀ ਹੈ। ਪੱਕਾ ਕਲਾਂ ਤੋਂ ਇਲਾਵਾ ਉਨ੍ਹਾਂ ਪਿੰਡ ਗੁਰਥੜੀ, ਦੁਨੇਵਾਲਾ, ਮੱਲਵਾਲਾ, ਭਗਵਾਨਗੜ, ਸ਼ੇਰਗੜ ਅਤੇ ਨਸੀਬਪੁਰਾ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ।
ਹਲਕੇ ਦੇ ਇਨ੍ਹਾਂ ਪਿੰਡਾਂ ਦੌਰਾਨ ਸੰਬੋਧਨ ਕਰਦਿਆਂ ਸ੍ਰ. ਜੱਸੀ (Harminder Jassi) ਨੇ ਆਪਣੀ ਪੜ੍ਹਾਈ ਦੌਰਾਨ ਬਿਤਾਏ ਸਮੇਂ ਤੇ ਆਪਣੇ ਸਹਿਪਾਠੀਆਂ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦਾ ਆਪਣਾ ਜੱਦੀ ਪਿੰਡ ਇਸ ਹਲਕੇ ’ਚ ਨਹੀਂ ਪੈਂਦਾ ਪਰ ਪੱਕਾ ਕਲਾਂ ਵੀ ਉਨ੍ਹਾਂ ਦਾ ਆਪਣਾ ਹੀ ਪਿੰਡ ਹੈ ਕਿਉਂਕਿ ਇੱਥੇ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਕੀਤੀ ਅਤੇ ਇਸ ਪਿੰਡ ਦੇ ਵਿੱਚ ਹਰ ਗਲੀ-ਮੁਹੱਲੇ ਉਹਨਾਂ ਦੇ ਜਾਣਕਾਰ ਦੋਸਤ-ਮਿੱਤਰ ਹਨ। ਉਨ੍ਹਾਂ ਪੱਕਾ ਕਲਾਂ ਵੱਲੋਂ ਵਾਲੀਬਾਲ ਖੇਡਣ ਦੌਰਾਨ ਮਾਰੀਆਂ ਮੱਲਾਂ ਨੂੰ ਚੇਤੇ ਕਰਦਿਆਂ ਉੱਥੇ ਉਸ ਵੇਲੇ ਦੇ ਮੌਜੂਦ ਅਧਿਆਪਕਾਂ ਨੂੰ ਵੀ ਸਤਿਕਾਰ ਦਿੱਤਾ। ਉਨ੍ਹਾਂ ਸੰਬੋਧਨ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਨੇ ਸਵਾਲ ਕੀਤਾ ਕਿ ਤੁਸੀਂ ਕਿਸੇ ਪਾਰਟੀ ਦੀ ਥਾਂ ਆਜ਼ਾਦ ਚੋਣ ਲੜ ਰਹੇ ਹੋ ਤਾਂ ਉਹਨਾਂ ਜਵਾਬ ਦਿੱਤਾ ਕਿ ਪਾਰਟੀਆਂ ਉਨ੍ਹਾਂ ਨੇ ਸਾਰੀਆਂ ਦੇਖੀਆਂ ਨੇ, ਪਾਰਟੀਆਂ ਤਾਂ ਉਨ੍ਹਾਂ ਦੇ ਪਿੱਛੇ ਫਿਰਦੀਆਂ ਸੀ ਟਿਕਟ ਦੇਣ ਨੂੰ ਪਰ ਉਨ੍ਹਾਂ ਨੂੰ ਆਪਣੇ ਭਰਾਵਾਂ ’ਤੇ ਮਾਣ ਸੀ, ਜਿੰਨ੍ਹਾਂ ਦੇ ਮਾਣ ’ਤੇ ਹੀ ਉਹ ਇਸ ਹਲਕੇ ਦੀ ਚੋਣ ਲੜ ਰਹੇ ਹਨ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਦੌਰਾਨ ਵੀ ਉਨ੍ਹਾਂ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਲੜੀ। ਪੰਜਾਬ ਦਾ ਪਾਣੀ ਖੋਹ ਕੇ ਜਦੋਂ ਹਰਿਆਣਾ ਨੂੰ ਦਿੱਤਾ ਜਾ ਰਿਹਾ ਸੀ ਤਾਂ ਉਸ ਵੇਲੇ ਵੀ ਉਨ੍ਹਾਂ ਨੇ ਧਰਮ ਯੁੱਧ ਮੋਰਚੇ ’ਚ ਜਾ ਕੇ ਗ੍ਰਿਫਤਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਸ ਵੇਲੇ ਉਨ੍ਹਾਂ ਨੇ ਤਰਕ ਦਿੱਤਾ ਸੀ ਕਿ ਜੇਕਰ ਐਸਵਾਈਐਲ ਬਣ ਗਈ ਤਾਂ ਸਾਡੀਆਂ ਜ਼ਮੀਨਾਂ ਖਰਾਬ ਹੋ ਜਾਣਗੀਆਂ। ਜਦੋਂ ਪੰਜਾਬ ’ਚ ਮਾੜਾ ਦੌਰ ਆਇਆ ਤਾਂ ਉਸ ਵੇਲੇ ਵੀ ਪੰਜਾਬ ਦੀ ਅਮਨ-ਸ਼ਾਂਤੀ ਦੀ ਬਹਾਲੀ ਲਈ ਆਪਣਾ ਯੋਗਦਾਨ ਪਾਇਆ।
ਨਸ਼ਿਆਂ ਦੇ ਮੁੱਦੇ ਅਤੇ ਬੇਰੁਜ਼ਗਾਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ (Harminder Jassi) ਕਿਹਾ ਕਿ ਅੱਜ ਨੌਜਵਾਨ ਨਸ਼ੇ ’ਤੇ ਇਸ ਕਰਕੇ ਲੱਗੇ ਹਨ ਕਿਉਂਕਿ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ’ਚ ਸਹੁੰ ਖਾਧੀ ਸੀ ਕਿ ਨਸ਼ੇ ਖਤਮ ਕਰਾਂਗੇ ਪਰ ਪੰਜ ਸਾਲ ਸਰਕਾਰ ਪੂਰੇ ਕਰ ਗਈ ਨਸ਼ਾ ਖਤਮ ਨਹੀਂ ਕੀਤਾ ਗਿਆ। ਉਸ ਤੋਂ ਪਹਿਲਾਂ ਅਕਾਲੀ ਸਰਕਾਰ ਨੇ ਦਸ ਸਾਲ ਰਾਜ ਕੀਤਾ ਉਹ ਚਿੱਟਾ ਬੀਜ ਕੇ ਤੁਰ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਨਰਮਾ ਖਰਾਬੇ ਦਾ ਮੁਆਵਜ਼ਾ ਦਿਆਂਗੇ ਉਹ ਪੈਸੇ ਹਾਲੇ ਤੱਕ ਨਹੀਂ ਆਏ ਪਰ ਇਹ ਚਿੱਟਾ ਕਿਵੇਂ ਆ ਜਾਂਦਾ ਹੈ, ਇਹ ਲੀਡਰਾਂ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਕਿ ਜੋ ਜੀਤ ਮਹਿੰਦਰ ਸਿੱਧੂ ਮਜੀਠੀਏ ਨੂੰ ਨਿੰਦਦਾ ਨਹੀਂ ਥੱਕਦਾ ਸੀ ਹੁਣ ਉਹਦੇ ਗੁਣ ਗਾਈ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਉਹ ਨੌਜਵਾਨੀ ਨੂੰ ਬਚਾਉਣ ਖਾਤਰ ਹੀ ਪਿੰਡ-ਪਿੰਡ ਹੋਕਾ ਦੇ ਰਹੇ ਹਨ। ਉਨ੍ਹਾਂ ਅਕਾਲੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਸਵਾਲ ਕੀਤਾ ਕਿ ਉਹ ਦੱਸੇ ਕਿੰਨੇ ਸਕੂਲ ਅਪਗ੍ਰੇਡ ਕਰਵਾਏ, ਕਿੰਨੀਆਂ ਦਾਣਾ ਮੰਡੀਆਂ ਬਣਵਾਈਆਂ ਪਰ ਜਦੋਂ ਉਹ ਇਸ ਹਲਕੇ ’ਚ ਖੁਦ ਆਏ ਤਾਂ 6 ਸਕੂਲ ਅਪਗ੍ਰੇਡ ਕਰਵਾ ਕੇ ਲਿਆਂਦੇ । ਇਸ ਤੋਂ ਇਲਾਵਾ 2014 ’ਚ ਸੜਕਾਂ ਸਮੇਤ ਹੋਰ ਕੰਮ ਕਰਵਾਏ। ਉਨ੍ਹਾਂ ਕਿਹਾ ਕਿ ਤੁਹਾਡਾ ਸਾਥ ਮਿਲਿਆ ਸੀ ਇਸ ਲਈ ਜੋ ਕਿਹਾ ਸੀ ਉਹ ਕਰਕੇ ਦਿਖਾਇਆ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਹੁਣ ਵੀ ਲੋਕਾਂ ਦਾ ਸਾਥ ਮਿਲਿਆ ਤਾਂ ਹਲਕੇ ਦੀ ਬਿਹਤਰੀ ਲਈ ਹੋਰ ਵੀ ਵਧੇਰੇ ਕੰਮ ਕਰਨ ਲਈ ਯਤਨਸ਼ੀਲ ਰਹਾਂਗਾ। ਇਸ ਚੋਣ ਪ੍ਰਚਾਰ ਮੁਹਿੰਮ ਦੌਰਾਨ ਸ੍ਰ. ਜੱਸੀ ਨੂੰ ਕਰੀਬ ਸਾਰੇ ਹੀ ਪਿੰਡਾਂ ’ਚ ਉਨ੍ਹਾਂ ਦੇ ਸਮਰਥਕਾਂ ਵੱਲੋਂ ਲੱਡੂਆਂ ਨਾਲ ਤੋਲਿਆ ਗਿਆ।
ਇਸ ਮੌਕੇ ਰਾਜ ਸਿੰਘ ਨੰਬਰਦਾਰ, ਮੱਸਾ ਸਿੰਘ ਪ੍ਰਧਾਨ, ਦਰਸ਼ਨ ਸਿੰਘ ਸਾਬਕਾ ਮੈਂਬਰ, ਡਾ. ਨੈਬ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਸੁਖਮੰਦਰ ਸਿੰਘ ਨੰਬਰਦਾਰ, ਜੋਗਾ ਸਿੰਘ, ਜਸਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਆਤਮਾ ਸਿੰਘ, ਬਲਵੰਤ ਸਿੰਘ ਧਾਲੀਵਾਲ , ਦਰਸ਼ਨ ਸਿੰਘ ਧਾਲੀਵਾਲ ਅਤੇ ਹਰਬੰਸ ਲਾਲ ਆਦਿ ਹਾਜ਼ਰ ਸਨ। ਜਿਕਰਯੋਗ ਹੈ ਕਿ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦੇ ਜੀਤ ਮਹਿੰਦਰ ਸਿੱਧੂ, ਆਮ ਆਦਮੀ ਪਾਰਟੀ ਦੀ ਪ੍ਰੋ. ਬਲਜਿੰਦਰ ਕੌਰ ਤੇ ਭਾਜਪਾ ਦੇ ਰਵੀਪ੍ਰੀਤ ਸਿੱਧੂ ਚੋਣ ਲੜ ਰਹੇ ਹਨ
ਮੈਂ ਜਾਣਦਾ ਹਾਂ ਕੇਂਦਰ ਤੋਂ ਕਿਵੇਂ ਲਿਆਉਣੇ ਨੇ ਪੈਸੇ : ਜੱਸੀ Harminder Jassi
ਚੋਣ ਪ੍ਰਚਾਰ ਦੌਰਾਨ ਜੱਸੀ ਨੇ ਸੰਬੋਧਨ ਦੌਰਾਨ ਆਖਿਆ ਕਿ ਭਾਵੇਂ ਬਤੌਰ ਆਜ਼ਾਦ ਉਮੀਦਵਾਰ ਉਸ ਲਈ ਕਾਫੀ ਚੁਣੌਤੀਆਂ ਨੇ ਪਰ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਕੇਂਦਰ ’ਚੋਂ ਕਿਵੇਂ ਪੈਸੇ ਲੈ ਕੇ ਆਉਣੇ ਨੇ ਕਿਉਂਕਿ ਪੰਜਾਬ ਤਾਂ ਕਰਜ਼ੇ ’ਚ ਦੱਬਿਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਕਿਸੇ ਦੀ ਵੀ ਆਵੇ ਉਸਨੂੰ ਹਮੇਸ਼ਾ ਹਲਕੇ ਲਈ ਮੱਦਦ ਮਿਲਦੀ ਹੈ। ਜਦੋਂ ਉਹ ਪਹਿਲੀ ਵਾਰ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਬਣੇ ਸੀ ਤਾਂ ਉਸ ਵੇਲੇ ਕੇਂਦਰ ਸਰਕਾਰ ਤੋਂ 5 ਕਰੋੜ ਰੁਪਏ ਲਿਆ ਕੇ ਹਲਕੇ ਦੇ ਟਿੱਬੇ ਪੱਧਰ ਕਰਵਾਏ। ਰਿਫਾਇਨਰੀ ਵੀ ਉਨ੍ਹਾਂ ਨੇ ਹੀ ਆਪਣੇ ਹਲਕੇ ਲਈ ਕੇਂਦਰ ਤੋਂ ਲਿਆਂਦੀ। ਜ਼ਿਲ੍ਹੇ ’ਚ ਪਹਿਲਾਂ ਨਵੋਦਿਆ ਸਕੂਲ, ਜਿਸ ਨੂੰ ਆਪਣੇ-ਆਪਣੇ ਹਲਕੇ ’ਚ ਲਿਜਾਣ ਲਈ ਵਿਧਾਇਕਾਂ ਤੇ ਵਜੀਰਾਂ ਨੇ ਕਾਫੀ ਜੋਰ ਲਾਇਆ ਪਰ ਉਹ ਤਲਵੰਡੀ ਸਾਬੋ ਹਲਕੇ ਦੇ ਪਿੰਡ ਤਿਉਣਾ ਪੁਜ਼ਾਰੀਆ ’ਚ ਲੈ ਕੇ ਆਏ । ਤਲਵੰਡੀ ਸਾਬੋ ’ਚ ਪੰਜਾਬੀ ਯੂਨੀਵਰਸਿਟੀ ਦਾ ਕੈਂਪਸ ਲਿਆਂਦਾ। ਉਨ੍ਹਾਂ ਅਕਾਲੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਚੁਣੌਤੀ ਦਿੱਤੀ ਕਿ ਉਹ ਜਵਾਬ ਦੇਵੇ ਤੇ ਲੋਕਾਂ ਨੂੰ ਦੱਸੇ ਕਿ ਉਸਨੇ ਕਦੇ ਵੀ ਲੋਕਾਂ ਦੇ ਭਲੇ ਲਈ ਵਿਧਾਨ ਸਭਾ ’ਚ ਕੋਈ ਆਵਾਜ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ