ਨਰਾਜਗੀ : ਸਾਬਕਾ ਡਿਪਟੀ ਸਪੀਕਰ ਦੀ ਪਤਨੀ ਮਨਜੀਤ ਕੌਰ ਭੱਟੀ ਵੱਲੋਂ ਮੁੱਖ ਮੰਤਰੀ ਚੰਨੀ ਖਿਲਾਫ਼ ਹਲਕਾ ਭਦੌੜ ਤੋਂ ਅਜ਼ਾਦ ਤੌਰ ’ਤੇ ਚੋਣ ਲੜਨ ਦਾ ਐਲਾਨ

1----3

 ਕਿਹਾ, ਅਜਾਇਬ ਸਿੰਘ ਭੱਟੀ ਦੀ ਅਣਦੇਖੀ ਕਾਰਨ ਚੁਣਿਆ ਐ ਹਲਕਾ ਭਦੌੜ (Manjeet Kaur Bhatti )

(ਸੁਰਿੰਦਰ ਮਿੱਤਲ਼) ਤਪਾ। ਜਿਉਂ-ਜਿਉਂ ਵੋਟਾਂ ਪੈਣ ਦਾ ਦਿਨ ਨੇੜੇ ਆ ਰਿਹਾ ਹੈ ਤਿਉਂ ਤਿਉਂ ਨਰਾਜਗੀ ਵੀ ਵਧ ਰਹੀਆਂ ਹਨ। ਇਸੇ ਤਹਿਤ ਹੀ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਪਤਨੀ ਮਨਜੀਤ ਕੌਰ ਭੱਟੀ (Manjeet Kaur Bhatti ) ਨੇ ਮੁੱਖ ਮੰਤਰੀ ਖਿਲਾਫ਼ ਹਲਕਾ ਭਦੌੜ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਜਿਸ ਦੇ ਸਬੰਧ ’ਚ ਉਨਾਂ ਅੱਜ ਰਿਟਰਨਿੰਗ ਅਫਸਰ ਸਿਮਰਪ੍ਰੀਤ ਕੌਰ ਕੋਲ ਦਫਤਰ ਪੁੱਜ ਕੇ ਆਜ਼ਾਦ ਤੌਰ ’ਤੇ ਆਪਣੀ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਬੀਬੀ ਭੱਟੀ ਦੁਆਰਾ ਅਜ਼ਾਦ ਤੌਰ ’ਤੇ ਚੋਣ ਲੜਨ ਲਈ ਕਾਗਜ ਦਾਖਲ ਕਰਨਾ ਕਿਤੇ ਦਬਾਅ ਬਣਾ ਕੇ ਸਮਝੌਤਾ ਕਰਨਾ ਤਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਹ ਤੈਅ ਹੈ ਕਿ ਮੁੱਖ ਮੰਤਰੀ ਲਈ ਹਲਕਾ ਭਦੌੜ ’ਚ ਮੁਸ਼ੀਬਤਾਂ ਵਧਦੀਆਂ ਹੀ ਜਾ ਰਹੀਆਂ ਹਨ ਜੋ ਮੁੱਖ ਮੰਤਰੀ ਦੀ ਜਿੱਤ ’ਚ ਅੜਿੱਕਾ ਵੀ ਸਾਬਤ ਹੋ ਸਕਦੀਆਂ ਹਨ।

ਉਪਰੰਤ ਉਨ੍ਹਾਂ ਕਿਹਾ ਕਿ ਤਿੰਨ ਵਾਰ ਵਿਧਾਇਕ ਰਹੇ ਅਜਾਇਬ ਸਿੰਘ ਭੱਟੀ ਨੂੰ ਕਿਸੇ ਵੀ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਉਨਾਂ ਨਾਰਾਜ਼ ਹੋ ਕੇ ਹਲਕਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁਕਾਬਲੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਹੌਟ ਸੀਟ ਬਣ ਚੁੱਕੀ ਹੈ ਪਰ ਉਹ ਲਤਾੜੇ ਜਾ ਰਹੇ ਦਲਿਤ ਭਾਈਚਾਰੇ ਨਾਲ ਹੋ ਰਹੇ ਹੋਰ ਧੱਕੇ ਕਾਰਨ ਤੇ ਉਹਨਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਚੋਣ ਅਖਾੜੇ ’ਚ ਉੱਤਰੀ ਹੈ ਤਾਂ ਕਿ ਸਿਆਸੀ ਪਾਰਟੀਆਂ ਨੂੰ ਦੱਸਿਆ ਜਾ ਸਕੇ ਕਿ ਉਨਾਂ ਦੇ ਦਲਿਤ ਭਾਈਚਾਰੇ ਦਾ ਵੀ ਕੋਈ ਜਨ ਆਧਾਰ ਹੈ।

ਭਦੌੜ ਹਲਕੇ ਦੇ ਲੋਕਾਂ ਦੇ ਦਿਲ ਜਿੱਤ ਕੇ ਚੋਣ ਵੀ ਜਿੱਤਾਂਗੀ

ਉਨ੍ਹਾਂ ਕਿਹਾ ਕਿ ਉਹ ਭਦੌੜ ਹਲਕੇ ਦੇ ਲੋਕਾਂ ਦੇ ਦਿਲ ਜਿੱਤ ਕੇ ਚੋਣ ਵੀ ਜਿੱਤਣਗੇ। ਬੀਬਾ ਭੱਟੀ ਨੇ ਕਿਹਾ ਹਲਕਾ ਭਦੌੜ ਤੋਂ ਚੋਣ ਲੜਨ ਦਾ ਮੁੱਖ ਕਾਰਨ ਇਸ ਇਲਾਕੇ ’ਚ ਉਹਨਾਂ ਦੇ ਪੇਕੇ ਅਤੇ ਸਹੁਰੇ ਪਰਿਵਾਰ ਦੇ ਬਹੁਤ ਜ਼ਿਆਦਾ ਰਿਸ਼ਤੇਦਾਰ ਤੇ ਭੈਣ ਭਾਈ ਰਹਿੰਦੇ ਹਨ, ਜਿਨ੍ਹਾਂ ਦਾ ਉਨ੍ਹਾਂ ਨਾਲ ਅਥਾਹ ਪਿਆਰ ਹੈ।

ਇਸ ਤੋਂ ਇਲਾਵਾ ਇਸ ਇਲਾਕੇ ’ਚ ਉਨ੍ਹਾਂ ਦੇ ਭਾਈਚਾਰੇ ਦੀ ਮੁੱਖ ਮੰਤਰੀ ਦੇ ਭਾਈਚਾਰੇ ਨਾਲੋਂ ਲਗਭਗ 9 ਪ੍ਰਤੀਸ਼ਤ ਵੋਟ ਜਿਆਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੇ ਹੀ ਇਲਾਕੇ ’ਚੋ ਆਪਣੀ ਹਾਰ ਦੇਖ ਹਲਕਾ ਭਦੌੜ ਪਹੰੁਚੇ ਹਨ, ਉਹ ਦੱਸਣ ਕਿ ਇਸ ਹਲਕੇ ਨਾਲ ਉਨ੍ਹਾਂ ਦਾ ਦੂਰ/ਨੇੜੇ ਦਾ ਕੀ ਰਿਸ਼ਤਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਅਜਾਇਬ ਸਿੰਘ ਭੱਟੀ ਨੇ ਤਿੰਨ ਵਾਰ 2007, 2012, 2017 ’ਚ ਸੀਟ ਜਿੱਤ ਕੇ ਪਾਰਟੀ ਦੀ ਝੋਲ਼ੀ ਪਾਈ। ਪਰ ਇਸ ਵਾਰ ਉਨ੍ਹਾਂ ਦੀ ਟਿਕਟ ਕੱਟਣ ਦਾ ਕਾਰਨ ਵੀ ਉਨਾਂ ਨੂੰ ਨਹੀਂ ਦੱਸਿਆ ਗਿਆ। ਬਿਨਾਂ ਕਿਸੇ ਵਜਾ ਉਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟਿਕਟ ਨਾ ਮਿਲਣ ’ਤੇ ਉਨਾਂ ਦੇ ਪਰਿਵਾਰ ਨੇ ਅਗਲੀ ਰਣਨੀਤੀ ਬਣਾਉਣ ਲਈ ਮੀਟਿੰਗ ਕੀਤੀ ਤਾਂ ਅਜਾਇਬ ਸਿੰਘ ਭੱਟੀ ਨੇ ਕਾਂਗਰਸ ਨਾ ਛੱਡਣ ਦੀ ਗੱਲ ਆਖੀ, ਜਿਸ ਕਾਰਨ ਉਨ੍ਹਾਂ ਨੂੰ ਖੁਦ ਮੁੱਖ ਮੰਤਰੀ ਖਿਲਾਫ਼ ਚੋਣ ਅਖਾੜੇ ’ਚ ਉਤਰਨਾ ਪਿਆ ਹੈ ਕਿਉਂਕਿ ਉਨਾਂ ਦੇ ਪਰਿਵਾਰ ਦੀ ਟਿਕਟ ਕੱਟਣ ਦੇ ਜਿੰਮੇਵਾਰ ਮੁੱਖ ਮੰਤਰੀ ਚੰਨੀ ਹੀ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ