ਵਿਆਹਾਂ (Weddings) ’ਚ ਦੇਖਣ ਨੂੰ ਮਿਲਦੇ ਬੰਦਿਆਂ ਦੇ ਅੱਡੋ-ਅੱਡਰੇ ਰੰਗ
ਅੱਜ-ਕੱਲ੍ਹ ਵਿਆਹਾਂ (Weddings) ਦਾ ਸੀਜ਼ਨ ਚੱਲ ਰਿਹਾ ਹੈ। ਕਾਰਡ ਇੱਕ ਨੂੰ ਮਿਲਦਾ ਹੈ ਪਰ ਉਹ ਦੋ-ਚਾਰ ਵਿਹਲੜ ਹੋਰ ਨਾਲ ਲੈ ਜਾਂਦਾ ਹੈ। ਲਿਫਾਫੇ ਵਿੱਚ ਪਾ ਕੇ ਰੁਪਈਆ 100 ਦਿੰਦੇ ਹਨ ਪਰ ਅਗਲੇ ਦੇ 1200 ਰੁਪਏ ਪ੍ਰਤੀ ਪਲੇਟ ਖਾਣੇ ਦੀਆਂ ਧੱਜੀਆਂ ਉਡਾ ਦਿੰਦੇ ਹਨ। ਜੇ ਕਿਤੇ ਕੋਈ ਲੀਡਰ ਆਪਣੇ ਗੰਨਮੈਨਾਂ ਦੀ ਧਾੜ ਨਾਲ ਆ ਵੜੇ ਤਾਂ ਸਮਝੋ ਲੱਗ ਗਿਆ ਚਾਲੀ ਪੰਜਾਹ ਹਜ਼ਾਰ ਦਾ ਚੂਨਾ। ਲੋਕ ਇਹ ਨਹੀਂ ਸੋਚਦੇ ਕਿ ਸਾਮਾਨ ਚਾਹੇ ਬੇਗਾਨਾ ਹੈ, ਪਰ ਢਿੱਡ ਤਾਂ ਆਪਣਾ ਹੈ। ਬਹੁਤੇ ਕਾਹਲੇ ਮਹਿਮਾਨ ਤਾਂ ਬਰਾਤ ਆਉਣ ਦਾ ਇੰਤਜ਼ਾਰ ਵੀ ਨਹੀਂ ਕਰਦੇ, ਪਹਿਲਾਂ ਹੀ ਵੇਟਰਾਂ ਤੋਂ ਤਕਾਜ਼ਾ ਸ਼ੁਰੂ ਕਰ ਦਿੰਦੇ ਹਨ।
ਕਈ ਜਾਣ ਲੱਗੇ ਮਹਿੰਗੀਆਂ ਬੋਤਲਾਂ ਛਿਪਾ ਕੇ ਲੈ ਜਾਂਦੇ ਹਨ। ਵੱਡੇ ਘੁਲਾਟੀਏ ਤਾਂ ਡੋਲੀ ਤੁਰਨ ਤੋਂ ਬਾਅਦ ਵੀ ਆਪਣਾ ਕੰਮ ਜਾਰੀ ਰੱਖਦੇ ਹਨ। ਉਹ ਉਦੋਂ ਹੀ ਮੋਰਚਾ ਛੱਡਦੇ ਹਨ ਜਦੋਂ ਪੈਲੇਸ ਵਾਲੇ ਕਹਿਣ ਕਿ ਭਾਈ ਜਾਉ, ਹੁਣ ਅਸੀਂ ਅਗਲੇ ਫੰਕਸ਼ਨ ਦੀ ਤਿਆਰੀ ਵੀ ਕਰਨੀ ਹੈ। ਵਿਆਹਾਂ ਦੇ ਬਹੁਤੇ ਸ਼ੌਕੀਨਾਂ ਦਾ ਵਜ਼ਨ ਵਿਆਹ ਸੀਜ਼ਨ ਖਤਮ ਹੋਣ ਵੇਲੇ ਸਮੇਂ 20-25 ਕਿੱਲੋ ਤੱਕ ਵਧ ਜਾਂਦਾ ਹੈ ਵਿਆਹਾਂ ਵਿੱਚ ਵੱਡੇ-ਵੱਡੇ ਕਲਾਕਾਰਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਜੋ 500 ਰੁਪਏ ਦਾ ਸ਼ਗਨ ਦੇ ਕੇ ਮੈਰਿਜ਼ ਪੈਲੇਸ ਦੇ ਮਾਲਕ ਬਣ ਜਾਂਦੇ ਹਨ। ਉਹਨਾਂ ਦਾ ਸਭ ਤੋਂ ਪਹਿਲਾ ਕੰਮ ਵਿਆਹ ਦੇ ਖਾਣੇ ਵਿੱਚੋਂ ਨੁਕਸ ਕੱਢਣਾ ਹੈ ਜਿਵੇਂ ਪਨੀਰ 90 ਰੁਪਏ ਕਿੱਲੋ ਵਾਲਾ ਨਕਲੀ ਹੈ ਤੇ ਮਠਿਆਈ ਬੇਹੀ ਹੈ।
(Weddings) ਵਿਆਹਾਂ ’ਚ ਦੇਖਣ ਨੂੰ ਮਿਲਦੇ ਬੰਦਿਆਂ ਦੇ ਅੱਡੋ-ਅੱਡਰੇ ਰੰਗ
ਪਰ ਜਦੋਂ ਵੇਖੀਦਾ ਹੈ ਤਾਂ ਸਭ ਤੋਂ ਵੱਧ ਪਲੇਟ ਉਹ ਹੀ ਭਰਦੇ ਹਨ, ਆਈਸਕ੍ਰੀਮ ਵਿੱਚ ਗਰਮ ਗੁਲਾਬ ਜਾਮੁਨ ਪਾ ਕੇ ਖਾਣਗੇ। ਘਰ ਬਾਟੀ/ਕੌਲੀ ਮਾਂਜ ਜਾਣ ਵਾਲੇ ਬਿਗਾਨੇ ਵਿਆਹ ਵਿੱਚ ਪੀਸ ਨਾਲੋਂ ਮਾੜੀ ਜਿਹੀ ਦੰਦੀ ਲਾ ਕੇ ਬਾਕੀ ਭਵਾਂ ਕੇ ਮੇਜ਼ ਦੇ ਥੱਲੇ ਮਾਰਦੇ ਹਨ। ਬਹੁਤੇ ਤਾਂ ਜਾਣ-ਬੁੱਝ ਕੇ ਸ਼ਰਾਬੀ ਹੋਣ ਦਾ ਨਾਟਕ ਕਰਕੇ ਸ਼ਗਨ ਦਿੱਤੇ ਬਗੈਰ ਹੀ ਰਫੂਚੱਕਰ ਹੋ ਜਾਂਦੇ ਹਨ।
ਕਈਆਂ ਦਾ ਤਾਂ ਕੰਮ ਹੀ ਕੁੜੀ-ਮੁੰਡੇ ਵਾਲਿਆਂ ਦੀ ਬਦਖੋਈ ਕਰਨਾ ਹੁੰਦਾ ਹੈ, ਕੁੜੀ ਤਾਂ ਮੁੰਡੇ ਨਾਲੋਂ ਵੱਡੀ ਉਮਰ ਦੀ ਆ, ਐਵੇਂ ਬਾਹਰ ਜਾਣ ਦੇ ਚੱਕਰ ’ਚ ਫਸ ਗਏ ਲੱਗਦੇ ਆ। ਕੁੜੀ ਵਾਲਿਆਂ ਨੂੰ ਐਨਾ ਪੈਸਾ ਖਰਚ ਕਰਨ ਦੀ ਕੀ ਜਰੂਰਤ ਸੀ, ਪਤਾ ਨਹੀਂ ਚਾਰ ਦਿਨ ਨਿਭਣੀ ਵੀ ਆ ਕੇ ਨਹੀਂ। ਡੈਕੋਰੇਸ਼ਨ ’ਤੇ ਐਨੇ ਪੈਸੇ ਲਾ ਦਿੱਤੇ, ਦੋ ਨੰਬਰ ਦੀ ਕਮਾਈ ਲੱਗਦੀ ਆ। ਮੁੰਡਾ ਬੜਾ ਟਿਕ ਕੇ ਬੈਠਾ, ਮਿੱਤਰਾਂ ਨੇ ਵਾਹਵਾ ਮਾਲ ਛਕਾਇਆ ਲੱਗਦਾ। ਲੋਕਾਂ ਦੇ ਤਾਂ ਕਰਜ਼ੇ ਮੋੜ ਦੇਵੇ ਪਹਿਲਾਂ, ਕਿਵੇਂ ਰਾਜਾ ਬਣਿਆ ਬੈਠਾ।
ਕੁੜੀ ਪੂਰੀ ਮਾਂ ਵਰਗੀ ਆ, ਚਕਾਊ ਸਹੁਰਿਆਂ ਦੇ ਚੌਂਹਟੇ। ਜੇ ਜਿਆਦਾ ਪਕਵਾਨ ਬਣੇ ਹੋਣ ਤਾਂ ਕਹਿਣਗੇ ਫੁਕਰੀ ਮਾਰਦੇ ਆ ਤੇ ਜੇ ਵਿਆਹ ਸਾਦਾ ਹੋਵੇ ਤਾਂ ਭੁੱਖੇ ਮਾਰ’ਤਾ ਮੱਖੀ ਚੂਸਾਂ ਨੇ। ਸਭ ਤੋਂ ਘਟੀਆ ਉਹ ਬੰਦੇ ਹੁੰਦੇ ਹਨ ਜੋ ਬੁਲਾਉਣ ਵਾਲਿਆਂ ਦੀਆਂ ਧੀਆਂ-ਭੈਣਾਂ ਬਾਰੇ ਰੱਜ ਕੇ ਬਕਵਾਸ ਕਰਦੇ ਹਨ। ਸ਼ਗਨ ਦੇਣ ਲੱਗਿਆਂ ਜਿਨ੍ਹਾਂ ਨੂੰ ਮੌਤ ਪੈਂਦੀ ਹੈ, ਉਹ ਆਪਣੀ ਬੇਟੀ ਦੀ ਉਮਰ ਦੀਆਂ ਡਾਂਸਰਾਂ ਨੂੰ ਮੂੰਹ ਨਾਲ ਪੰਜ-ਪੰਜ ਸੌ ਦੇ ਨੋਟ ਫੜਾਉਂਦੇ ਹਨ।
(Weddings) ਵਿਆਹਾਂ ’ਚ ਦੇਖਣ ਨੂੰ ਮਿਲਦੇ ਬੰਦਿਆਂ ਦੇ ਅੱਡੋ-ਅੱਡਰੇ ਰੰਗ
ਕਈ ਵਾਰ ਬਹੁਤੇ ਕਾਹਲੇ ਪੈਲੇਸ ਵਿੱਚ ਜਾ ਕੇ ਵੇਟਰਾਂ ਨੂੰ ਆਰਡਰ ਛੱਡਣ ਲੱਗ ਪੈਂਦੇ ਹਨ ਤੇ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਵਿਆਹ ਤਾਂ ਦੂਸਰੇ ਪੈਲੇਸ ਵਿੱਚ ਸੀ। ਵਿਆਹ ਵਾਲੇ ਘਰ ਸਵੇਰ ਤੋਂ ਹੀ ਤਮਾਸ਼ਾ ਸ਼ੁਰੂ ਹੋ ਜਾਂਦਾ ਹੈ। ਜੰਝ ਦੇ ਪਹੁੰਚਣ ਦਾ ਵਕਤ ਕਾਰਡ ਵਿੱਚ ਸਵੇਰੇ ਦਸ ਵਜੇ ਦਾ ਲਿਖਿਆ ਹੁੰਦਾ ਹੈ, ਪਰ ਬਰਾਤਣਾਂ ਦੇ ਬਿਊਟੀ ਪਾਰਲਰ ਦੇ ਚੱਕਰ ਵਿੱਚ 12 ਵਜੇ ਤੋਂ ਬਾਅਦ ਪਹੁੰਚਦੀ ਹੈ। ਲਾਵਾਂ ਫੇਰੇ ਬਾਰਾਂ ਵਜੇ ਤੋਂ ਪਹਿਲਾਂ ਹੋਣੇ ਸ਼ੁੱਭ ਮੰਨੇ ਜਾਂਦੇ ਹਨ, ਪਰ ਉਹ ਵੀ ਦੋ-ਤਿੰਨ ਵਜੇ ਤੋਂ ਪਹਿਲਾਂ ਨਹੀਂ ਨਿਪਟਦੇ। ਬਰਾਤੀਆਂ ਦੀ ਸ਼ਕਲ ਸੂਰਤ ਆਉਣ ਲੱਗਿਆਂ ਹੋਰ ਹੁੰਦੀ ਹੈ ਤੇ ਜਾਣ ਲੱਗਿਆਂ ਹੋਰ। ਸਵੇਰੇ ਸੂਟ-ਬੂਟ, ਠੋਕ-ਠੋਕ ਕੇ ਬੰਨ੍ਹੀਆਂ ਪੱਗਾਂ ਤੇ ਮੈਚਿੰਗ ਟਾਈਆਂ। ਸ਼ਾਮ ਤੱਕ ਹੱਥ ਤੇ ਕੋਟ ਪੈਂਟ ਤਰੀ ਨਾਲ ਲਿੱਬੜੇ ਹੋਏ ਤੇ ਟਾਈ ਘੁੰਮ ਕੇ ਪਿੱਠ ਵੱਲ ਗਈ ਹੁੰਦੀ ਹੈ। ਕਈ ਤਾਂ ਡਿੱਗਦੇ-ਢਹਿੰਦੇ ਘਰ ਪਹੁੰਚਣ ਵਿੱਚ ਕਾਮਯਾਬ ਹੋ ਜਾਂਦੇ ਹਨ ਪਰ ਕਈ ਐਕਸੀਡੈਂਟ ਕਰਵਾ ਕੇ ਹਸਪਤਾਲ।
ਵਿਆਹ ਵੇਖਣ ਵੇਲੇ ਸਭ ਤੋਂ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਕਾਨ੍ਹਪੁਰੀ ਪਿਸਤੌਲਾਂ ਵਾਲੇ ਫੁਕਰਿਆਂ ਦਾ। ਇਹ ਸ਼ੋਸ਼ੇਬਾਜ਼ ਆਪਣੀ ਚਾਂਦਮਾਰੀ ਨਾਲ ਕਈ ਘਰਾਂ ਦੇ ਦੀਵੇ ਗੁੱਲ ਕਰ ਚੁੱਕੇ ਹਨ। ਇਸ ਲਈ ਡਾਂਸਰਾਂ ਦੇਖਣ ਦੇ ਲਾਲਚ ਤੋਂ ਬਚ ਕੇ ਸਟੇਜ਼ ਤੋਂ ਵੱਧ ਤੋਂ ਵੱਧ ਦੂਰੀ ’ਤੇ ਟੇਬਲ ਮੱਲਣਾ ਚਾਹੀਦਾ ਹੈ। ਜੇ ਫੁਕਰੇ ਮੁਫਤ ਦੀ ਦਾਰੂ ਨਾਲ ਆਫਰ ਕੇ ਪਟਾਕੇ ਪਾਉਣੇ ਸ਼ੁਰੂ ਕਰ ਦੇਣ ਤਾਂ ਬਿਨਾਂ ਖਾਧੇ-ਪੀਤੇ ਪਰਿਵਾਰ ਸਮੇਤ ਚਲੇ ਜਾਓ, ਇਨਸਾਨ ਦੀ ਜਾਨ ਚਾਹ-ਪਕੌੜਿਆਂ ਤੋਂ ਬਹੁਤ ਜਿਆਦਾ ਕੀਮਤੀ ਹੁੰਦੀ ਹੈ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ
ਮੋ. 95011-00062
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ