ਲੰਬੀ ਤੋਂ ਨਹੀਂ ਮਿਲੇਗਾ ਮੁੱਖ ਮੰਤਰੀ, ਪਰਕਾਸ਼ ਸਿੰਘ ਬਾਦਲ (Parkash Singh Badal) ਜਿੱਤੇ ਤਾਂ ਹੋਣਗੇ ਸਿਰਫ਼ ‘ਵਿਧਾਇਕ’
- ਬਹੁਮਤ ਮਿਲਿਆ ਤਾਂ ਸੁਖਬੀਰ ਬਾਦਲ ਖ਼ੁਦ ਹੋਣਗੇ ਮੁੱਖ ਮੰਤਰੀ, ਅਕਾਲੀ ਦਲ ਕਰ ਚੁੱਕਿਐ ਸਪੱਸ਼ਟ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿਧਾਨ ਸਭਾ ਚੋਣਾਂ ਦੇ ਚੋਣ ਨਤੀਜੇ ਤੋਂ ਪਹਿਲਾਂ ਹੀ ਪਰਕਾਸ਼ ਸਿੰਘ ਬਾਦਲ (Parkash Singh Badal) ਨੂੰ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਰਿਟਾਇਰ ਘੋਸ਼ਿਤ ਕਰ ਦਿੱਤਾ ਗਿਆ ਹੈ ਤਾਂ ਕਿ ਸ਼ੋਮਣੀ ਅਕਾਲੀ ਦਲ ਬਹੁਮਤ ਵਿੱਚ ਆਈ ਤਾਂ ਸਿਆਸਤ ਦੇ ਬਾਬਾ ਬੋਹੜ ਕਹਾਉਣ ਵਾਲੇ ਪਰਕਾਸ਼ ਸਿੰਘ ਬਾਦਲ ਨਹੀਂ ਸਗੋਂ ਸੁਖਬੀਰ ਬਾਦਲ ਮੁੱਖ ਮੰਤਰੀ ਹੋਣਗੇ।
ਪਰਕਾਸ਼ ਸਿੰਘ ਬਾਦਲ ਹੁਣ ਵੀ ਆਪਣੇ ਆਪ ਨੂੰ ਜਵਾਨ ਕਹਾਉਂਦੇ ਹਨ ਅਤੇ ਸਰਗਰਮ ਸਿਆਸਤ ਵਿੱਚ ਕਾਫ਼ੀ ਜਿਆਦਾ ਮਿਹਨਤ ਵੀ ਕਰ ਰਹੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਹੀ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਕਾਬਲ ਨਹੀਂ ਸਮਝ ਰਿਹਾ ਜਿਸ ਕਾਰਨ ਇਨ੍ਹਾਂ ਚੋਣਾਂ ਵਿੱਚ ਪਰਕਾਸ਼ ਸਿੰਘ ਬਾਦਲ ਦੇ ਚਿਹਰੇ ’ਤੇ ਚੋਣਾਂ ਹੀ ਨਹੀਂ ਲੜੀਆਂ ਜਾ ਰਹੀਆਂ। ਪਿਛਲੇ ਕਈ ਦਹਾਕੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਇਹ ਹੋ ਰਿਹਾ ਹੈ, ਜਦੋਂ ਪਰਕਾਸ਼ ਸਿੰਘ ਬਾਦਲ ਵਿਧਾਨ ਸਭਾ ਚੋਣ ਤਾਂ ਲੜ ਰਹੇ ਹੋਣ ਪਰ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਰੇਸ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੋਵੇ।
ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਵੀ ਹੁਣ ਆਪਣੀ ਪਾਰਟੀ ਦੇ ਬਾਬਾ ਬੋਹੜ ਪਰਕਾਸ਼ ਸਿੰਘ ਬਾਦਲ ਨੂੰ ਮਾਰਗ ਦਰਸ਼ਕ ਦਾ ਤਗਮਾ ਦੇ ਰਹੇ ਹਨ ਅਤੇ ਸਿਆਸਤ ਵਿੱਚ ਖੂੰਝੇ ਲੱਗੇ ਲੀਡਰਾਂ ਨੂੰ ਹੀ ਮਾਰਗ ਦਰਸ਼ਕ ਕਿਹਾ ਜਾਂਦਾ ਰਿਹਾ ਹੈ। ਜਾਣਕਾਰੀ ਅਨੁਸਾਰ ਪੰਜਾਬ ਦੀ ਸੱਤਾ ਵਿੱਚ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਪਰਕਾਸ਼ ਸਿੰਘ ਬਾਦਲ ਇੱਕ ਵਾਰ ਫਿਰ ਤੋਂ ਲੰਬੀ ਵਿਧਾਨ ਸਭਾ ਸੀਟ ਤੋਂ ਮੈਦਾਨ ਵਿੱਚ ਉੱਤਰ ਗਏ ਹਨ।
ਪਰਕਾਸ਼ ਸਿੰਘ ਬਾਦਲ ਸਭ ਤੋਂ ਜਿਆਦਾ ਵੱਡੀ ਉਮਰ ਵਾਲੇ ਉਮੀਦਵਾਰ
ਪਰਕਾਸ਼ ਸਿੰਘ ਬਾਦਲ 94 ਸਾਲ ਤੋਂ ਜਿਆਦਾ ਹੋਣ ਦੇ ਚਲਦੇ ਸਭ ਤੋਂ ਜਿਆਦਾ ਵੱਡੀ ਉਮਰ ਵਾਲੇ ਉਮੀਦਵਾਰ ਵੀ ਹਨ ਪਰ ਇਸ ਵਧਦੀ ਉਮਰ ਦੇ ਚਲਦੇ ਉਨ੍ਹਾਂ ਦੀ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਲੰਬੀ ਵਿਧਾਨ ਸਭਾ ਸੀਟ ਤੋਂ ਟਿਕਟ ਤਾਂ ਦੇ ਦਿੱਤੀ ਪਰ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਤੌਰ ’ਤੇ ਪੇਸ਼ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਪਰਕਾਸ਼ ਸਿੰਘ ਬਾਦਲ ਲਈ ਵੀ ਇਹ ਪਹਿਲਾ ਮੌਕਾ ਹੈ, ਜਦੋਂ ਉਹ ਲੰਬੀ ਸਣੇ ਪੰਜਾਬ ਵਿੱਚ ਪ੍ਰਚਾਰ ਦੌਰਾਨ ਆਪਣੇ ਆਪ ਨੂੰ ਮੁੱਖ ਮੰਤਰੀ ਪੇਸ਼ ਕਰਨ ਦੀ ਥਾਂ ’ਤੇ ਸਿਰਫ਼ ਵਿਧਾਇਕ ਦੇ ਤੌਰ ’ਤੇ ਹੀ ਪੇਸ਼ ਕਰਨਗੇ।
ਹਾਲਾਂਕਿ ਪਰਕਾਸ਼ ਸਿੰਘ ਬਾਦਲ ਵੱਲੋਂ ਇਸ ਸਬੰਧੀ ਕੋਈ ਇਤਰਾਜ਼ ਜ਼ਾਹਰ ਨਹੀਂ ਕੀਤਾ ਗਿਆ ਪਰ ਪੰਜਾਬ ਦੀ ਜਨਤਾ ਦੇ ਮਨ ਵਿੱਚ ਹੀ ਇਹ ਸੁਆਲ ਖੜ੍ਹਾ ਹੋ ਰਿਹਾ ਹੈ ਕਿ ਜੇਕਰ ਪਰਕਾਸ਼ ਸਿੰਘ ਬਾਦਲ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ ਤਾਂ ਉਹ ਮੁੱਖ ਮੰਤਰੀ ਦਾ ਚਿਹਰਾ ਕਿਉਂ ਨਹੀਂ ਬਣ ਸਕਦੇ। ਕੁਝ ਮਹੀਨੇ ਪਹਿਲਾਂ ਤੱਕ ਪਰਕਾਸ਼ ਸਿੰਘ ਬਾਦਲ ਦੀ ਉਮਰ ਦੇ ਲਿਹਾਜ਼ ਨਾਲ ਤਬੀਅਤ ਠੀਕ ਨਾ ਹੋਣ ਦੇ ਚਲਦੇ ਸੁਖਬੀਰ ਬਾਦਲ ਨੂੰ ਹੀ ਮੁੱਖ ਮੰਤਰੀ ਦੇ ਤੌਰ ’ਤੇ ਅੱਗੇ ਕੀਤਾ ਜਾ ਰਿਹਾ ਸੀ।
ਉਸ ਸਮੇਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਪਰਕਾਸ਼ ਸਿੰਘ ਬਾਦਲ ਚੋਣ ਹੀ ਨਹੀਂ ਲੜਨਗੇ ਤਾਂ ਹੀ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਜਾਵੇਗਾ ਪਰ ਹੁਣ ਸਥਿਤੀ ਇਸ ਦੇ ਉਲਟ ਹੈ ਅਤੇ ਪਰਕਾਸ਼ ਸਿੰਘ ਬਾਦਲ ਚੋਣ ਮੈਦਾਨ ਵਿੱਚ ਉੱਤਰ ਗਏ ਹਨ ਅਤੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਪ੍ਰਚਾਰ ਵੀ ਖ਼ੁਦ ਕਰ ਰਹੇ ਹਨ।
ਮਾਰਗ ਦਰਸ਼ਕ ਰਹਿਣਗੇ ਪਰਕਾਸ਼ ਸਿੰਘ ਬਾਦਲ : ਹਰਚਰਨ ਬੈਂਸ
ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਅਤੇ ਪਰਕਾਸ਼ ਸਿੰਘ ਬਾਦਲ ਦੇ ਨੇੜਲੇ ਲੀਡਰ ਹਰਚਰਨ ਬੈਂਸ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਤੌਰ ’ਤੇ ਨਹੀਂ ਆਉਣਗੇ ਅਤੇ ਮੁੱਖ ਮੰਤਰੀ ਦਾ ਚਿਹਰਾ ਤਾਂ ਸੁਖਬੀਰ ਬਾਦਲ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਪਰਕਾਸ਼ ਸਿੰਘ ਬਾਦਲ ਮਾਰਗ ਦਰਸ਼ਕ ਦੇ ਤੌਰ ’ਤੇ ਕੰਮ ਕਰਨਗੇ, ਸਗੋਂ ਮੁੱਖ ਮੰਤਰੀ ਦੇ ਅੱਗੇ ਰਹਿੰਦੇ ਹੋਏ ਸਲਾਹਾਂ ਦੇਣਗੇ ਪਰ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ