ਬ੍ਰਹਮ ਮਹਿੰਦਰਾ ਨੇ ਆਪਣੀ ਸੀਟ ਛੱਡ ਪੁੱਤਰ ਮੋਹਿਤ ਮਹਿੰਦਰਾ ਨੂੰ ਦਿਵਾਈ ਟਿਕਟ
- ਸੁਨੀਲ ਜਾਖੜ ਨੇ ਭਤੀਜੇ ਸੰਦੀਪ ਜਾਖੜ ਦੇ ਹਵਾਲੇ ਕੀਤਾ ਅਬੋਹਰ
- ਪਹਿਲਾਂ ਲਾਲ ਸਿੰਘ ਨੇ ਛੱਡੀ ਸੀ, ਪੁੱਤਰ ਰਾਜਿੰਦਰ ਸਿੰਘ ਲਈ ਟਿਕਟ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਕਾਂਗਰਸ ਵਿੱਚ ਪੁੱਤਰ ਮੋਹ ਕਾਫ਼ੀ ਜ਼ਿਆਦਾ ਚੱਲ ਰਿਹਾ ਹੈ ਅਤੇ ਹੁਣ ਆਪਣੇ ਪੁੱਤਰ ਲਈ ਖ਼ੁਦ ਦੀ ਬਲੀ ਦੇਣ ਵਾਲਿਆਂ ਵਿੱਚ ਬ੍ਰਹਮ ਮਹਿੰਦਰਾ (Brahma Mahindra)ਵੀ ਸ਼ਾਮਲ ਹੋ ਗਏ ਹਨ। ਬ੍ਰਹਮ ਮਹਿੰਦਰਾਂ ਵੱਲੋਂ ਪਟਿਆਲਾ ਦਿਹਾਤੀ ਦੀ ਸੀਟ ਨੂੰ ਆਪਣੇ ਪੁੱਤਰ ਲਈ ਛੱਡਦੇ ਹੋਏ ਖੁਦ ਨੂੰ ਚੋਣਾਂ ਲੜਨ ਤੋਂ ਬਾਹਰ ਕਰ ਲਿਆ ਗਿਆ ਹੈ। ਪਟਿਆਲਾ ਦਿਹਾਤੀ ਤੋਂ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾਂ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਲਾਲ ਸਿੰਘ ਵੱਲੋਂ ਆਪਣੀ ਸੀਟ ਨੂੰ ਆਪਣੇ ਪੁੱਤਰ ਲਈ ਛੱਡਦੇ ਹੋਏ ਰਾਜਿੰਦਰ ਸਿੰਘ ਨੂੰ ਸਮਾਣਾ ਤੋਂ ਟਿਕਟ ਦਿਵਾਈ ਸੀ ਪਰ ਇਸ ਵਾਰ ਫਿਰ ਉਹ ਆਪਣੇ ਲਈ ਵੀ ਟਿਕਟ ਦੇਣ ਦੀ ਮੰਗ ਕਰਨ ਲੱਗ ਪਏ ਸਨ ਪਰ ਕਾਂਗਰਸ ਪਾਰਟੀ ਵੱਲੋਂ ਇੱਕ ਪਰਿਵਾਰ ਇੱਕ ਟਿਕਟ ਦਾ ਫ਼ਾਰਮੂਲਾ ਲੈ ਕੇ ਆਉਣ ਤੋਂ ਬਾਅਦ ਲਾਲ ਸਿੰਘ ਨੇ ਇੱਕ ਵਾਰ ਫਿਰ ਆਪਣੇ ਆਪ ਨੂੰ ਟਿਕਟ ਦੀ ਦੌੜ ਵਿੱਚੋਂ ਬਾਹਰ ਕਰਦੇ ਹੋਏ ਆਪਣੇ ਪੁੱਤਰ ਰਾਜਿੰਦਰ ਸਿੰਘ ਨੂੰ ਹੀ ਅੱਗੇ ਕੀਤਾ ਹੈ।
ਸੁਨੀਲ ਜਾਖੜ ਨੇ ਆਪਣੇ ਭਤੀਜੇ ਸੰਦੀਪ ਜਾਖੜ ਦੇ ਹਵਾਲੇ ਕੀਤਾ ਅਬੋਹਰ
ਇਥੇ ਹੀ ਅਬੋਹਰ ਤੋਂ ਕਈ ਦਹਾਕਿਆਂ ਤੋਂ ਚੋਣ ਲੜਦੇ ਆ ਰਹੇ ਸੁਨੀਲ ਜਾਖੜ ਨੇ ਆਪਣੇ ਭਤੀਜੇ ਸੰਦੀਪ ਜਾਖੜ ਦੇ ਹਵਾਲੇ ਆਪਣਾ ਵਿਧਾਨ ਸਭਾ ਹਲਕਾ ਕਰ ਦਿੱਤਾ ਹੈ। ਅਬੋਹਰ ਤੋਂ ਸੰਦੀਪ ਜਾਖੜ ਨੂੰ ਟਿਕਟ ਮਿਲੀ ਹੈ। ਇਥੇ ਹੀ ਚਰਨਜੀਤ ਸਿੰਘ ਚੰਨੀ ਖ਼ਾਲੀ ਹੱਥ ਰਹਿ ਗਏ। ਉਨ੍ਹਾਂ ਵੱਲੋਂ ਆਪਣੇ ਭਰਾ ਮਨੋਹਰ ਸਿੰਘ ਨੂੰ ਟਿਕਟ ਦਿਵਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ ।
ਇਥੇ ਵੀ ਕਾਂਗਰਸ ਦਾ ਫ਼ਾਰਮੂਲਾ ਵਿਚਕਾਰ ਆ ਗਿਆ ਹੈ।ਜਿਹੜੇ ਪੁੱਤਰ ਮੋਹ ਵਿੱਚ ਫਸ ਕੇ ਆਪਣੇ ਪੁੱਤਰਾਂ ਨੂੰ ਟਿਕਟ ਦਿਵਾਉਣ ਵਿੱਚ ਕਾਮਯਾਬ ਸਾਬਤ ਹੋਏ ਹਨ, ਉਹੇ ਦੋਵੇਂ ਲੀਡਰ ਪਟਿਆਲਾ ਜ਼ਿਲ੍ਹਾ ਨਾਲ ਹੀ ਸਬੰਧਿਤ ਹਨ। ਜਾਣਕਾਰੀ ਅਨੁਸਾਰ ਪਿਛਲੇ ਸਮੇਂ ਤੋਂ ਕਾਫ਼ੀ ਕਾਂਗਰਸ ਦੇ ਦਿੱਗਜ਼ ਲੀਡਰ ਆਪਣੇ ਪੁੱਤਰ ਅਤੇ ਰਿਸ਼ਤੇਦਾਰਾਂ ਨੂੰ ਟਿਕਟ ਦਿਵਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ।
ਅੱਧੀ ਦਰਜਨ ਆਗੂਆਂ ਵੱਲੋਂ ਦਿੱਲੀ ਜਾ ਕੇ ਜ਼ੋਰ ਅਜ਼ਮਾਇਸ਼ ਵੀ ਕੀਤੀ
ਅੱਧੀ ਦਰਜਨ ਆਗੂਆਂ ਵੱਲੋਂ ਦਿੱਲੀ ਜਾ ਕੇ ਜ਼ੋਰ ਅਜ਼ਮਾਇਸ਼ ਵੀ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਦੇ ਪੁੱਤਰ ਜਾਂ ਫਿਰ ਰਿਸ਼ਤੇਦਾਰ ਨੂੰ ਟਿਕਟ ਦਿੱਤੀ ਜਾਵੇ ਪਰ ਕਾਂਗਰਸ ਪਾਰਟੀ ਵਲੋਂ ਇੱਕ ਪਰਿਵਾਰ ਇੱਕ ਟਿਕਟ ਦਾ ਐਲਾਨ ਕਰਦੇ ਹੋਏ ਕਈ ਮੌਜੂਦਾ ਵਿਧਾਇਕਾਂ ਅਤੇ ਉੱਘੇ ਕਾਂਗਰਸੀ ਲੀਡਰਾਂ ਨੂੰ ਚੁੱਪ ਵੀ ਕਰਵਾ ਦਿੱਤਾ ਤਾਂ ਕਈਆਂ ਨੂੰ ਕਾਂਗਰਸ ਹਾਈ ਕਮਾਨ ਨੇ ਸਾਫ਼ ਜੁਆਬ ਦੇ ਦਿੱਤਾ ਕਿ ਜੇਕਰ ਟਿਕਟ ਚਾਹੀਦੀ ਹੈ ਤਾਂ ਉਨ੍ਹਾਂ ਨੂੰ ਹੀ ਮਿਲੇਗੀ ਅਤੇ ਉਨ੍ਹਾਂ ਨੂੰ ਪੁੱਤਰ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ, ਜਿਸ ਵਿੱਚ ਰਾਣਾ ਗੁਰਜੀਤ ਸਿੰਘ ਅਤੇ ਸੁਰਜੀਤ ਸਿੰਘ ਧੀਮਾਨ ਸ਼ਾਮਲ ਹਨ। ਦੋਵੇਂ ਆਪਣੇ ਪੁੱਤਰਾਂ ਲਈ ਟਿਕਟ ਦੀ ਮੰਗ ਕਰਨ ਵਿੱਚ ਲੱਗੇ ਹੋਏ ਸਨ ਪਰ ਖ਼ੁਦ ਵੀ ਚੋਣ ਮੈਦਾਨ ਵਿੱਚੋਂ ਬਾਹਰ ਨਹੀਂ ਹੋਣਾ ਚਾਹੁੰਦੇ ਸਨ।
ਇਸ ਮਾਮਲੇ ਵਿੱਚ ਬ੍ਰਹਮ ਮਹਿੰਦਰਾ ਕੈਬਨਿਟ ਵਿੱਚ ਸਾਰੀਆਂ ਨਾਲੋਂ ਸੀਨੀਅਰ ਮੰਤਰੀ ਹੋਣ ਦੇ ਬਾਵਜੂਦ ਖ਼ੁਦ ਦੀ ਬਲੀ ਦੇਣ ਨੂੰ ਤਿਆਰ ਹੋ ਗਏ ਤਾਂ ਕਿ ਉਨਾਂ ਦੇ ਪੁੱਤਰ ਮੋਹਿਤ ਸਿੰਗਲਾ ਨੂੰ ਟਿਕਟ ਮਿਲ ਸਕੇ, ਜਿਸ ਵਿੱਚ ਉਹ ਕਾਮਯਾਬ ਵੀ ਸਾਬਤ ਹੋਏ ਹਨ। ਬ੍ਰਹਮ ਮਹਿੰਦਰਾ ਕਾਂਗਰਸ ਹਾਈ ਕਮਾਨ ਤੋਂ ਆਪਣੇ ਲਈ ਪਟਿਆਲਾ ਸ਼ਹਿਰੀ ਤੋਂ ਵੀ ਟਿਕਟ ਦੀ ਮੰਗ ਕਰ ਰਹੇ ਹਨ ਪਰ ਕਾਂਗਰਸ ਹਾਈ ਕਮਾਨ ਵੱਲੋਂ ਉਨ੍ਹਾਂ ਨੂੰ ਦੂਜੀ ਟਿਕਟ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਡਾਕਟਰੀ ਛੱਡ ਤਿਆਰੀ ਕੀਤੀ ਪਰ ਚੰਨੀ ਨਹੀਂ ਦਿਵਾ ਸਕੇ ਭਰਾ ਨੂੰ ਟਿਕਟ
ਕਾਂਗਰਸ ਦੇ ਟਿਕਟ ਬਟਵਾਰੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਸਕੇ ਭਰਾ ਨੂੰ ਹੀ ਟਿਕਟ ਨਹੀਂ ਸਕੇ। ਚਰਨਜੀਤ ਸਿੰਘ ਚੰਨੀ ਦੇ ਇਸ਼ਾਰੇ ’ਤੇ ਕੁਝ ਮਹੀਨੇ ਪਹਿਲਾਂ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਸਰਕਾਰੀ ਹਸਪਤਾਲ ਵਿੱਚ ਨੌਕਰੀ ਕਰਨ ਵਾਲੇ ਡਾ. ਮਨਮੋਹਨ ਸਿੰਘ ਵੱਲੋਂ ਨੌਕਰੀ ਤੋਂ ਅਸਤੀਫ਼ਾ ਦਿੰਦੇ ਹੋਏ ਬੱਸੀ ਪਠਾਣਾਂ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਅਤੇ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਨੂੰ ਹਰ ਹਾਲਤ ਵਿੱਚ ਟਿਕਟ ਮਿਲੇਗੀ ਕਿਉਂਕਿ ਉਨ੍ਹਾਂ ਦਾ ਭਰਾ ਇਸ ਸਮੇਂ ਮੁੱਖ ਮੰਤਰੀ ਹੈ ਪਰ ਮੁੱਖ ਮੰਤਰੀ ਹੋਣ ਦੇ ਬਾਵਜੂਦ ਚਰਨਜੀਤ ਸਿੰਘ ਚੰਨੀ ਦੀ ਇੱਕ ਵੀ ਨਹੀਂ ਚੱਲੀ ਅਤੇ ਉਨ੍ਹਾਂ ਦੇ ਭਰਾ ਨੂੰ ਟਿਕਟ ਦੇਣ ਦੀ ਥਾਂ ’ਤੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਹੀ ਟਿਕਟ ਮਿਲੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ