ਮਾਘੀ ਮੇਲੇ ’ਤੇ ਵਿਸ਼ੇਸ਼
ਮਹਾਂਪੁਰਸ਼ਾਂ ਦੀ ਜੀਵਨ ਜਾਂਚ ਸਦੀਆਂ ਲਈ ਆਉਣ ਵਾਲੀਆਂ ਪੀੜੀਆਂ ਵਾਸਤੇ ਆਦਰਸ਼ ਤੇ ਸੇਧਾਂ ਦਾ ਰੂਪ ਧਾਰਨ ਕਰ ਲੈਂਦੀ ਹੈ। ਸਾਲ ਭਰ ਵਿਚ ਗੁਰੁੂਆਂ, ਪੀਰਾਂ, ਸੂਰਬੀਰਾਂ ਤੇ ਦੇਸ਼ ਭਗਤਾਂ ਦੀ ਯਾਦ ਵਿਚ ਮਨਾਏ ਜਾਂਦੇ ਮੇਲੇ ਅਤੇ ਤਿਉਹਾਰ ਸਾਨੂੰ ਸਮਾਜਿਕ ਬੁਰਾਈਆਂ ਦਾ ਤਿਆਰ ਕਰਕੇ ਨੇਕੀਆਂ ਦੇ ਰਾਹ ਤੇ ਚੱਲਣ ਲਈ ਪ੍ਰੇਰਤ ਕਰਦੇ ਹਨ। ਇਸੇ ਤਰਾਂ ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਮੇਲਾ ਉਨਾਂ ਸ਼ਹੀਦਾਂ ਦੀ ਯਾਦ ਨੂੰ ਤਾਜਾ ਕਰਦਾ ਹੈ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨੁਮਾਈ ਹੇਠ ਮੁਗਲਾਂ ਦੇ ਜਬਰ ਤੇ ਜੁਲਮ ਖਿਲਾਫ ਸਮਾਜ ਤੇ ਦੇਸ਼ ਲਈ ਲੜਦੇ ਹੋਏ ਇਸ ਜਗ੍ਹਾ ’ਤੇ ਸ਼ਹੀਦੀਆਂ ਦਾ ਜਾਮ ਪੀ ਗਏ ਸਨ। ਹਨ।
ਸ੍ਰੀ ਮੁਕਤਸਰ ਸਾਹਿਬ ਵਾਲੀ ਅੱਜ ਦੀ ਮੌਜੂਦਾ ਪਵਿੱਤਰ ਜਗ੍ਹਾ ਉਸ ਸਮੇਂ ਖਿਦਰਾਣੇ ਦੀ ਢਾਬ ਕਰਕੇ ਮਸ਼ਹੂਰ ਸੀ। ਜਦੋਂ ਇਸ ਜਗਾ ਤੇ 40 ਸਿੱਖ ਮੁਗਲਾਂ ਦੇ ਜੁਲਮਾਂ ਖਿਲਾਫ ਲੜਦੇ ਹੋਏ ਜੰਗ ਵਿਚ ਸ਼ਹੀਦ ਹੋ ਗਏ ਤਾਂ, ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਕਹੀ ਜਾਣ ਵਾਲੀ ਇਸ ਜਗਾ ਦਾ ਨਾਮ 40 ਮੁਕਤਿਆਂ ਦੀ ਯਾਦ ਵਿਚ ਮੁਕਤੀਸਰ ਰੱਖਿਆ, ਜਿਸ ਨੂੰ ਬਾਅਦ ਵਿਚ ਮੁਕਤਸਰ ਆਖਿਆ ਜਾਣ ਲੱਗਾ ਤੇ ਫਿਰ ਸਰਕਾਰ ਵੱਲੋਂ ਇਸ ਜਗਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਅਗਵਾਈ ਵਿਚ ਮੁਗਲਾਂ ਦੇ ਜੁਲਮਾਂ ਖਿਲਾਫ ਜੂਝਦੇ ਹੋਏ ਸ਼ਹੀਦ ਹੋਏ 40 ਸਿੱਖਾਂ ਨੂੰ ਜਿੰਨਾਂ ਨੂੰ ਗੁਰੂ ਸਾਹਿਬ ਨੇ 40 ਮੁਕਤਿਆਂ ਦਾ ਖਿਤਾਬ ਦਿੱਤਾ ਦੇ ਸਨਮਾਨ ਵਿਚ ਪੰਜਾਬ ਸਰਕਾਰ ਨੇ ਸੰਨ 2004 ਵਿਚ ਮੁਕਤਸਰ ਤੋਂ ਬਦਲਕੇ ਸ੍ਰੀ ਮੁਕਤਸਰ ਸਾਹਿਬ ਰੱਖ ਦਿੱਤਾ।
ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ ਬਾਰੇ ਜੋ ਇਤਿਹਾਸ ਵਿਚੋਂ ਲਿਖਿਆ ਮਿਲਦਾ ਦੇ ਅਨੁਸਾਰ ਗੁਰੂ ਸਾਹਿਬ ਉਨ੍ਹੀ ਦਿਨੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਤੋਂ ਆਪਣੇ ਦੁਸ਼ਮਣਾ ਵਿਰੁੱਧ ਲੜਾਈ ਲੜ ਰਹੇ ਸਨ। ਗੁਰੁ ਸਾਹਿਬ ਨੂੰ ਜੰਗ ਵਿਚ ਹਰਾਉਣ ਦੇ ਇਰਾਦੇ ਨਾਲ ਲਾਹੋਰ, ਸਰਹੰਦ ਤੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਕਿਲ੍ਹੇ ਵਿੱਚ ਮੌਜੂਦ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟ ਕੇ ਦੁਸ਼ਮਣ ਦੀਆਂ ਭਾਰੀ ਗਿਣਤੀ ਫੌਜਾਂ ਦਾ ਟਾਕਰਾ ਕੀਤਾ। ਖਾਲਸਾ ਫੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸਮਣ ਦੀ ਫੌਜ ਦੇ ਹੌਸਲੇ ਪਸਤ ਹੋ ਚੁੱਕੇ ਸਨ। ਆਖਰ ਵਿਚ ਪਹਾੜੀ ਰਾਜਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾਉਣ ਲਈ ਉਸ ਸਮੇਂ ਦੇ ਮੁਗਲ ਬਾਦਸਾਹ ਔਰੰਗਜੇਬ ਤੋਂ ਸਹਾਇਤਾ ਮੰਗੀ। ਔਰੰਗਜੇਬ ਨੇ ਪਹਾੜੀ ਰਾਜਿਆ ਦੀ ਮੱਦਦ ਲਈ ਲਾਹੋਰ ਅਤੇ ਸਰਹੰਦ ਦੇ ਸੂਬੇਦਾਰਾਂ ਨੂੰ ਫੁਰਮਾਨ ਜਾਰੀ ਕਰ ਦਿੱਤਾ। ਇਧਰ ਕਿਲ੍ਹੇ ਵਿਚੋਂ ਵੀ ਹੌਲੀ-ਹੌਲੀ ਰਾਸ਼ਨ ਪਾਣੀ ਮੁੱਕਦਾ ਜਾ ਰਿਹਾ ਸੀ, ਪਰੰਤੂ ਕਿਲੇ ਵਿਚੋਂ ਸਿੱਖ ਸ਼ੇਰਾਂ ਵਾਂਗ ਲੜ ਰਹੇ ਸਨ।
ਪਰ ਕੁਝ ਸਿੱਖ ਉਸ ਵੇਲੇ ਭਰਮ ਦਾ ਸ਼ਿਕਾਰ ਹੋ ਕੇ ਡੋਲ ਗਏ, ਤੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੀਆਂ ਸਲਾਹਾਂ ਦੇਣ ਲੱਗੇ। ਗੁਰੂ ਜੀ ਨੇ ਦੂਰ ਅੰਦੇਸ਼ੀ ਨਾਲ ਸਿੱਖਾਂ ਨੂੰ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ, ਪਰੰਤੂ ਉਨਾਂ ਦਾ ਆਤਮਬਲ ਐਨਾ ਕਮਜੋਰ ਹੋ ਗਿਆ ਕਿ ਉਨਾਂ ਗੁਰੂ ਜੀ ਨੂੰ ਬੇਦਾਵਾ ਲਿਖ ਦਿੱਤਾ, ਕਿ ਅਸੀ ਤੁਹਾਡੇ ਸਿੱਖ ਨਹੀਂ ਤੇ ਤਸੀਂ ਸਾਡੇ ਗੁਰੂ ਨਹੀ, ਤੇ ਘਰਾਂ ਨੂੰ ਚਲੇ ਗਏ। ਗੁਰੂ ਜੀ ਨੂੰ ਬੇਦਾਵਾ ਲਿਖਕੇ ਦੇਣ ਵਾਲੇ ਇਹ ਸਿੱਖ ਜਦ ਆਪਣੇ ਘਰਾਂ ਵਿਚ ਪਹੁੰਚੇ ਤਾਂ ਮਾਈ ਭਾਗੋ ਤੇ ਹੋਰ ਬੀਬੀਆਂ ਨੇ ਉਨਾਂ ਨੂੰ ਲੱਖ ਲੱਖ ਲਾਹਨਤਾਂ ਪਾਈਆਂ ਤੇ ਕਿਹਾ ਕਿ ਤੁਸੀ ਚੂੜੀਆਂ ਪਾਕੇ ਘਰ ਬੈਠੋ, ਅਸੀਂ ਜਾਂਦੀਆਂ ਹਾਂ ਜੰਗ ਦੇ ਮੈਦਾਨ ਵਿਚ ਗੁਰੂ ਜੀ ਦਾ ਸਾਥ ਦੇਣ, ਤਾਂ ਮਾਈ ਭਾਗੋ ਅਤੇ ਹੋਰ ਬੀਬੀਆਂ ਤੋਂ ਖਰੀਆਂ ਤੇ ਸੱਚੀਆਂ ਗੱਲਾਂ ਸੁਣਨ ਤੋਂ ਇਲਾਵਾ ਜਦੋਂ ਇਨਾਂ ਬੇਦਾਵਾ ਲਿਖਣ ਵਾਲਿਆਂ ਨੂੰ ਗੁਰੂ ਜੀ ਦੇ ਪਰਿਵਾਰ ਦੇ ਖੇਰੂੰ-ਖੇਰੂੰ ਹੋਣ, ਸ਼ਾਹਿਬਜਾਦਿਆਂ ਦੀ ਸ਼ਹੀਦੀ ਅਤੇ ਗੁਰੂ ਸਾਹਿਬ ਦਾ ਪਿੱਛਾ ਕਰ ਰਹੀਆਂ ਮੁਗ਼ਲ ਫੌਜਾਂ ਬਾਰੇ ਪਤਾ ਚੱਲਿਆ ਤਾਂ ਇਨਾਂ ਸਿੱਖਾਂ ਦੀ ਜਮੀਰ ਨੇ ਹਲੂਣਾ ਖਾਧਾ, ਅਤੇ ਔਖੀ ਘੜੀ ਵਿਚ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ ਵੀ ਉਨਾਂ ਨੂੰ ਸਤਾਉਣ ਲੱਗਾ। ਇਹ ਸਿੱਖ ਮੁੜ ਤੋਂ ਗੁਰੂ ਜੀ ਦੀ ਅਗਵਾਈ ਵਿਚ ਮੁਗ਼ਲ ਫੌਜਾਂ ਨਾਲ ਲੜਨ-ਮਰਨ ਲਈ ਚੱਲ ਪਏ। ਇਸ ਮੌਕੇ ਮਾਈ ਭਾਗੋ ਵੀ ਮਰਦਾਵੇਂ ਭੇਸ ਵਿਚ ਉਨਾਂ ਦੇ ਨਾਲ ਸੀ।
ਰਸਤੇ ਵਿਚ ਇਨਾਂ ਨੂੰ ਗੁਰੂ ਜੀ ਦੇ ਆਨੰਦਪੁਰ ਸਾਹਿਬ ਛੱਡਣ, ਛੋਟੇ ਤੇ ਵੱਡੇ ਸ਼ਾਹਿਬਜਾਦਿਆਂ ਦੀ ਸ਼ਹਾਦਤ, ਆਦਿ ਦੇ ਸਮਾਚਾਰ ਜਦੋਂ ਮਾਲੂਮ ਹੋਏ ਤਾਂ ਇਨਾਂ ਦਾ ਖੂਨ ਹੋਰ ਵੀ ਖੌਲਣ ਲੱਗ ਪਿਆ। ਉਹ ਸਾਰੇ ਪੁੱਛਦੇ ਪਛਾਂਦੇ ਜਿਧਰ ਨੂੰ ਗੁਰੂ ਜੀ ਗਏ ਸਨ, ਉਧਰ ਨੂੰ ਚੱਲ ਪਏ। ਉਧਰ ਗੁਰੂ ਜੀ ਚਮਕੌਰ ਸਾਹਿਬ, ਮਾਛੀਵਾੜਾ, ਕਨੇਚ, ਆਲਮਗੀਰ, ਹੇਰ, ਲੰਮੇ, ਰਾਏਕੋਟ, ਦੀਨਾ ਆਦਿ ਹੁੰਦੇ ਹੋਏ ਕੋਟਕਪੂਰਾ ਪਹੁੰਚੇ ਤਾ ਪਤਾ ਲੱਗਿਆ ਕਿ ਸੂਬਾ ਸਰਹੰਦ ਵਜ਼ੀਦ ਖਾਨ ਭਾਰੀ ਲਾਓ-ਲਸ਼ਕਰ ਨਾਲ ਉਨਾਂ ਦਾ ਪਿੱਛਾ ਕਰਦਾ ਆ ਰਿਹਾ ਹੈ। ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ (ਹੁਣ ਸ੍ਰੀ ਮੁਕਤਸਰ ਸਾਹਿਬ) ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ। ਇਧਰ ਮਾਝੇ ਦੇ ਸਿੱਖਾਂ ਦਾ ਜਥਾ ਜਦੋਂ ਗੁਰੂ ਸਾਹਿਬ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ’ਤੇ ਪਹੁੰਚਿਆ ਤਾਂ ਇਨਾਂ ਨੂੰ ਵੀ ਵਜ਼ੀਦ ਖਾਨ ਦੀ ਫੌਜ ਦੇ ਇਥੇ ਪਹੁੰਚਣ ਦੀ ਖਬਰ ਮਿਲੀ, ਤਾਂ ਇਨਾਂ ਮੁਗ਼ਲ ਫੋਜ ਦੇ ਖਿਲਾਫ ਲੜਨ ਲਈ ਮੋਰਚੇ ਸੰਭਾਲ ਲਏ। ਇਸ ਸਮੇਂ ਗੁਰੂ ਜੀ ਵੱਲੋਂ ਅਪਣਾਈ ਯੁੱਧ ਨੀਤੀ ਪੂਰੀ ਤਰਾਂ ਸਫ਼ਲ ਰਹੀ, ਕਿਉਂਕਿ ਗੁਰੂ ਜੀ ਦਾ ਪਿੱਛਾ ਕਰਦੀ ਹੋਈ ਸਾਰੀ ਮੁਗ਼ਲ ਫੌਜ ਵੀ ਉਸੇ ਪਾਸੇ ਝੁਕ ਗਈ। ਦੂਸਰੇ ਪਾਸੇ ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਵਿਚ ਸਿੰਘਾਂ ਨੇ ਇਕਦਮ ਅਚਾਨਕ ਮੁਗ਼ਲ ਫੌਜਾਂ ’ਤੇ ਹਮਲਾ ਬੋਲ ਦਿੱਤਾ। ਇਸ ਹਮਲੇ ਵਿਚ ਮੁਗਲ ਫੌਜ ਦੇ ਸੈਂਕੜੇ ਸੈਨਿਕ ਮਾਰੇ ਗਏ। ਗੁਰੂ ਗੋਬਿੰਦ ਨੇ ਵੀ ਟਿੱਬੀ ਤੋਂ ਤੀਰਾਂ ਦੀ ਝੜੀ ਲਾ ਦਿੱਤੀ।
ਬਹੁਤ ਸਾਰੇ ਦੁਸ਼ਮਣ ਫੌਜ ਦੇ ਜਰਨੈਲ ਗੁਰੂ ਜੀ ਦੇ ਤੀਰਾਂ ਦੀ ਭੇਂਟ ਚੜ੍ਹਦੇ ਗਏ। ਸਿੱਖ ਅਜਿਹੀ ਬਹਾਦਰੀ ਤੇ ਜੋਸ਼ ਨਾਲ ਲੜੇ ਕਿ ਦੁਸ਼ਮਣ ਦੀ ਫੌਜ ਵਿਚ ਖਲਬਲੀ ਮੱਚ ਗਈ। ਦੁਸ਼ਮਣ ਹਾਰ ਖਾਕੇ ਭੱਜ ਉਠੇ ਤੇ ਸਿੱਖਾਂ ਨੇ ਜੰਗ ਦਾ ਮੈਦਾਨ ਫਤਿਹ ਕਰ ਲਿਆ। ਪਰ ਇਸ ਜੰਗ ਵਿਚ ਗੁਰੂ ਜੀ ਨੂੰ ਬੇਦਾਵਾ ਲਿਖਕੇ ਦੇਣ ਵਾਲੇ 40 ਸਿੰਘ ਜਿੰਨਾਂ ਨੂੰ ਬਾਅਦ ਵਿਚ ਆਪਣੀ ਕੀਤੀ ਬੱਜਰ ਗਲਤੀ ਦਾ ਅਹਿਸਾਸ ਹੋਇਅ ਨੇ ਵੀ ਗੁਰੂ ਸਾਹਿਬ ਦੀ ਅਗਵਾਈ ਵਿਚ ਜੰਗ ਦੇ ਮੈਦਾਨ ਵਿਚ ਜੋ ਮੁਗਲ ਫੌਜ ਦਾ ਡੱਟਕੇ ਮੁਕਾਬਲਾ ਕੀਤਾ, ਬਹੁਤ ਸਾਰੇ ਸਿੱਖਾਂ ਸਮੇਤ ਇਹ 40 ਸਿੱਖ ਵੀ ਲੜਾਈ ਦੇ ਮੈਦਾਨ ਵਿਚ ਜੂਝਦੇ ਹੋਏ ਸ਼ਹੀਦ ਹੋ ਗਏ। ਮੁਗ਼ਲਾਂ ਦੇ ਜੰਗ ਦਾ ਮੈਦਾਨ ਛੱਡਕੇ ਭੱਜ ਜਾਣ ਤੋਂ ਬਾਅਦ ਗੁਰੂ ਜੀ ਨੇ ਰਣਭੂਮੀ ਵਿਚ ਦੇਖਿਆ ਕਿ ਢਾਬ ਕੰਢੇ ਜਖ਼ਮੀ ਹਾਲਤ ਵਿਚ ਬੈਠੀ ਮਾਤਾ ਭਾਗੋ ਆਪਣੇ ਜਖ਼ਮਾਂ ਨੂੰ ਧੋ ਰਹੀ ਸੀ। ਮਾਤਾ ਭਾਗੋ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਨਾਂ ਦੇ ਚਰਨਾਂ ਵਿਚ ਆਪਣਾ ਸੀਸ ਨਿਵਾਇਆ। ਉਸ ਨੇ ਦਸ਼ਵੇਂ ਪਾਤਸ਼ਾਹ ਨੂੰ ਸੂਰਬੀਰ ਦੀ ਬਹਾਦਰੀ ਅਤੇ ਸ਼ਹਾਦਤਾਂ ਦੀ ਗਾਥਾ ਸੁਣਾਈ।
ਗੁਰੂ ਸਾਹਿਬ ਨੇ ਜੰਗ ਵਿੱਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜ਼ਾਰੀ, ਸੱਤ ਹਜ਼ਾਰੀ ਅਤੇ ਦਸ ਹਜ਼ਾਰੀ ਦਾ ਵਰ ਦਿੰਦੇ ਹੋਏ ਹਰੇਕ ਨੂੰ ਆਪਣੇ ਕਰ ਕਮਲਾਂ ਨਾਲ ਪਲੋਸਿਆ। ਜੰਗ ਦੇ ਮੈਦਾਨ ਵਿਚ ਪਈਆਂ ਸਿੰਘਾਂ ਦੀਆਂ ਦੇਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਹੀ ਪਿਆਰ ਨਾਲ ਨਿਹਾਰਿਆ ਅਤੇ ਹਰਇਕ ਨੂੰ ਛਾਤੀ ਨਾਲ ਲਾਕੇ ਅਤਿਅੰਤ ਸਨੇਹ ਨਾਲ ਅਨੇਕਾਂ ਬਖ਼ਸ਼ਿਸ਼ਾਂ ਕੀਤੀਆਂ। ਐਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੇ ਨਜ਼ਰੀ ਪਿਆ। ਗੁਰੂ ਸਾਹਿਬ ਨੇ ਉਸ ਦੇ ਸਿਰ ਨੂੰ ਆਪਣੇ ਗੋਦ ਵਿਚ ਲੈ ਕੇ ਉਸ ਦੇ ਮੂੰਹ ਨੂੰ ਸਾਫ ਕੀਤਾ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ। ਕਲਗ਼ੀਧਰ ਪਾਤਸ਼ਾਹ ਨੇ ਗੋਦੀ ਵਿਚ ਲਏ ਭਾਈ ਮਹਾਂ ਸਿੰਘ ਦਾ ਅੰਤਿਮ ਸਮਾਂ ਨੇੜੇ ਆਉਂਦਾ ਦੇਖਕੇ ਉਸ ਦੇ ਜੀਵਨ ਦੀ ਕਿਸੇ ਇੱਛਾ ਬਾਰੇ ਪੁੱਛਿਆ ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ ਕਿ ‘ਉਤਮ ਭਾਗ ਹਨ’ ਕਿ ਅੰਤਿਮ ਸਮੇਂ ਆਪ ਜੀ ਦੇ ਦੀਦਾਰ ਹੋ ਗਏ, ਸਭ ਇੱਛਾਵਾਂ ਪੂਰੀਆਂ ਹੋ ਗਈਆਂ। ਪਰੰਤੂ ਜੇ ਆਪ ਤੁੱਠੇ ਹੋ ਤਾਂ ਸਮੇਂ ਦੇ ਗੇੜ ਤੇ ਬਿੱਖੜੇ ਹਾਲਤਾਂ ਕਾਰਨ ਉਸ ਸਮੇਤ ਜੋ 40 ਸਿੱਖ ਆਪ ਜੀ ਨੂੰ ਗੁਰਸਿੱਖੀ ਤੋਂ ਬੇਦਾਵਾ ਲਿਖਕੇ ਦੇ ਆਏ ਸਨ,ਉਸ ਨੂੰ ਨਾ ਚਿਤਾਰਦੇ ਹੋਏ ਉਹ ਬੇਦਾਵੇ ਵਾਲਾ ਕਾਗਜ ਪਾੜ ਕੇ ਟੁੱਟੀ ਗੰਢੋ।
ਭਾਈ ਸਾਹਿਬ ਦੇ ਮੁੂੰਹੋਂ ਇਹ ਸ਼ਬਦ ਸੁਣ ਕੇ ਗੁਰੂ ਸਾਹਿਬ ਬੜੇ ਹੀ ਪ੍ਰਸੰਨ ਹੋਏ ੳਨਾਂ ਭਾਈ ਮਹਾਂ ਸਿੰਘ ਦੀ ਅੰਤਿਮ ਇੱਛਾ ਨੂੰ ਪੁੂਰਾ ਕਰਦਿਆਂ ਆਪਣੇ ਕਮਰਕੱਸੇ ਵਿਚੋਂ ਬੇਦਾਵੇ ਵਾਲਾ ਕਾਗਜ ਕੱਢਿਆ ਤੇ ਟੁਕੜੇ-ਟੁਕੜੇ ਕਰ ਦਿੱਤਾ। ਇਸ ਤੋਂ ਬਾਅਦ ਗੁਰੂ ਜੀ ਨੇ ਭਾਈ ਮਹਾਂ ਸਿੰਘ ਨੂੰ ਨਾਮਦਾਨ ਬਖ਼ਸ਼ ਕੇ ਅੰਤਲੀ ਮਨੋਭਾਵਨਾ ਪੂਰੀ ਕੀਤੀ, ਤੇ ਇਸ ਜਗਾ ਦਾ ਨਾਮ ਖਿਦਰਾਣੇ ਦੀ ਢਾਬ ਤੋਂ ਬਦਲਕੇ ਮੁਕਤਸਰ ਰੱਖਿਆ, ਜਿਸ ਨੂੰ ਹੁਣ ਸ੍ਰੀ ਮੁਕਤਸਰ ਸਾਹਿਬ ਆਖਿਆ ਜਾਂਦਾ। ਇਸ ਤੋਂ ਬਾਅਦ ਜਦੋਂ ਭਾਈ ਮਹਾਂ ਸਿੰਘ ਸਰੀਰ ਤਿਆਗ ਗਏ ਤਾਂ ਗੁਰੂ ਸਾਹਿਬ ਨੇ ਰਣਭੂਮੀ ਵਿਚ ਸ਼ਹੀਦ ਹੋਏ ਸਾਰੇ ਸ਼ਹੀਦਾਂ ਦੇ ਮਿ੍ਰਤਕ ਸਰੀਰਾਂ ਨੂੰ ਇਕੱਠਾ ਕਰਨ ਤੋਂ ਬਾਅਦ ਉਸੇ ਥਾਂ ਲੱਕੜਾਂ ਇਕੱਠੀਆਂ ਕਰਕੇ ਇਕ ਵੱਡੀ ਸਾਰੀ ਚਿਖਾ ਬਣਾਕੇ ਆਪਣੇ ਹੱਥੀ ਅੰਤਿਮ ਸੰਸਕਾਰ ਕੀਤਾ। ਜਿਸ ਜਗਾ ਤੇ ਗੁਰੂ ਸਾਹਿਬ ਨੇ ਮਹਾਂ ਸਿੰਘ ਦੀ ਅੰਤਿਮ ਇੱਛਾ ਅਨੁਸਾਰ ਬੇਦਾਵੇ ਵਾਲਾ ਕਾਗਜ ਪਾੜਕੇ ਟੁੱਟੀ ਗੰਢੀ, ਉਥੇ ਅੱਜ ਕੱਲ ਟੁੱਟੀ ਗੁੰਢੀ ਗੁਰਦੁਆਰਾ ਸਾਹਿਬ ਸੁਸ਼ੋੋਬਿਤ ਹੈ। ਇਸੇ ਤਰਾਂ ਜਿਥੇ 40 ਮੁਕਤੇ ਸ਼ਹੀਦ ਹੋਏ ਉਸ ਜਗ੍ਹਾ ਦਾ ਨਾਮ ਉਸ ਸਮੇ ਤੋਂ ਮੁਕਤਸਰ ਅਤੇ ਜਿਸ ਜਗ੍ਹਾ ਸਹੀਦਾਂ ਦਾ ਸੰਸਕਾਰ ਕੀਤਾ ਗਿਆ ਉਸ ਜਗ੍ਹਾ ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀਆਂ ਜੰਗਾਂ ਨਿੱਜੀ ਹਿੱਤਾਂ ਤੋਂ ਉਪਰ ਉਠਕੇ ਦੇਸ਼, ਕੌਮ, ਹੱਕ, ਸੱਚ ਅਤੇ ਧਰਮ ਦੀ ਰੱਖਿਆ ਖਾਤਰ ਲੜੀਆਂ ਤੇ ਹਰ ਵਾਰ ਚੜ੍ਹਦੀ ਕਲਾ ਵਿੱਚ ਉਸ ਅਕਾਲਪੁਰਖ ਦੇ ਭਾਣੇ ਵਿਚ ਰਹਿੰਦਿਆਂ ਗਰੀਬਾਂ, ਨਿਆਸਰਿਆਂ, ਮਲਜੂਮਾਂ ਨੂੰ ਲਤਾੜਨ ਵਾਲੇ ਜਾਬਰਾਂ ਦਾ ਬਹਾਦਰੀ ਨਾਲ ਡੱਟ ਕੇ ਸਾਹਮਣਾ ਕੀਤਾ। ਉਨਾਂ ਦੇ ਜੀਵਨ ਦਾ ਹਰ ਝਲਕਾਰਾ ਮਨੁੱਖ ਨੂੰ ਹਨੇਰੀਆਂ ਖੱਡਾਂ ਵਿਚੋਂ ਕੱਢ ਕੇ ਸੱਚ ਦੇ ਪ੍ਰਕਾਸ਼ ਨਾਲ ਮਿਲਾਉਂਦਾ ਹੈ। ਇਹੀ ਪ੍ਰਕਾਸ ਇਨਸਾਨ ਨੂੰ ਅੱਗੇ ਇਨਸਾਨੀਅਤ ਦੇ ਰਸਤੇ ਚੱਲਣ ਲਈ ਰਾਹ ਦਸੇਰਾ ਬਣਦਾ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਅੱਜ ਵੀ ਸਾਨੂੰ 40 ਮੁਕਤਿਆਂ ਦੀ ਦੇਸ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾਂ ਨੂੰ ਦਿ੍ਰੜ ਕਰਵਾੳਂਦਾ ਹੈ। 40 ਮੁਕਤਿਆਂ ਨੇ ਤਾਂ ਬਹੁਤ ਹੀ ਬਿਖੜੇ ਸਮੇਂ ਤੇ ਹਲਾਤਾਂ ਵਿਚ ਗੁਰੂ ਸਾਹਿਬ ਤੋਂ ਵਿੱਛੜ ਜਾਣ ਦਾ ਧੁਰ ਅੰਦਰੋਂ ਪਸ਼ਚਾਤਾਪ ਕੀਤਾ ਅਤੇ ਆਪਣੀ ਸ਼ਹੀਦੀ ਦੇਕੇ ਗੁਰੂ ਸਾਹਿਬ ਤੋਂ ਆਪਣੀ ਟੁੱਟੀ ਗੰਢਵਾ ਲਈ। ਮਾਘੀ ਦਾ ਮੇਲਾ ਦੇਸ਼ੀ ਮਹੀਨੇ ਦੀ ਸੰਗਰਾਂਦ ਅਤੇ ਲੋਹੜੀ ਦੇ ਤਿਉਹਾਰ ਤੋਂ ਦੂਸਰੇ ਦਿਨ ਸੀ੍ਰ ਮੁਕਤਸਰ ਸਾਹਿਬ ਵਿਖੇ ਹਰ ਸਾਲ ਮਨਾਇਆ ਜਾਂਦਾ। ਇਸ ਦਿਨ ਦੇਸ ਤੇ ਵਿਦੇਸ ਤੋਂ ਸਰਧਾਲੂ ਆਕੇ 40 ਮੁਕਤਿਆਂ ਦੀ ਧਰਤੀ ਨੂੰ ਸਜਦਾ ਕਰਦੇ ਹਨ। ਪੁਰਾਣੇ ਸਮਿਆਂ ਵਿਚ ਇਹ ਮੇਲਾ ਮਹੀਨਾ ਮਹੀਨਾ ਚੱਲਦਾ ਰਹਿੰਦਾ ਸੀ। ਪਰੰਤੂ ਅੱਜ ਦੇ ਆਧੁਨਿਕ ਯੁਗ ਵਿਚ ਇਹ ਮੇਲਾ ਹਫਤਾ ਕੁ ਹੀ ਚਲਦਾ ਹੈ।
ਮੇਵਾ ਸਿੰਘ
ਪ੍ਰਤੀਨਿਧ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ,
ਮੋ: 9872600923
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ