ਕਿਸਾਨਾਂ ਨੂੰ ਆਪਣੀ ਘਰੇਲੂ ਆਮਦਨ ਵਧਾਉਣ ਲਈ ਸਹਾਇਕ ਧੰਦਿਆਂ ਵੱਲ ਧਿਆਨ ਦੇਣ ਦੀ ਲੋੜ
ਦੇਸ਼ ਵਿੱਚ ਹੁਣ 45.5 ਫੀਸਦੀ ਲੋਕ ਹੀ ਖੇਤੀ ਦੇ ਧੰਦੇ ਨਾਲ ਜੁੜੇ ਹੋਏ ਹਨ। ਜਿਸ ਦਾ ਮਤਲਬ ਹੋਇਆ ਕਿ ਲੋਕ ਬੜੀ ਹੀ ਤੇਜੀ ਨਾਲ ਖੇਤੀ ਦੇ ਧੰਦੇ ਵਿੱਚੋਂ ਬਾਹਰ ਹੋ ਕੇ ਹੋਰ ਧੰਦੇ ਕਰ ਰਹੇ ਹਨ। ਪੇਂਡੂ ਖੇਤਰਾਂ ਵਿੱਚ 69.4 ਫੀਸਦੀ ਲੋਕ ਖੇਤੀਬਾੜੀ, ਸ਼ਹਿਦ ਦੀ ਮੱਖੀ ਪਾਲਣ, ਅਤੇ ਜੰਗਲਾਂ ਨਾਲ ਸਬੰਧਤ ਕਿੱਤਿਆਂ ਨਾਲ ਜੁੜੇ ਹੋਏ ਹਨ। ਇਹ ਸਰਵੇਖਣ ਦੇਸ਼ ਦੇ 28 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 300 ਜਿਲ੍ਹਿਆਂ ਵਿੱਚ ਕੀਤਾ ਗਿਆ ਸੀ। ਜਿਸ ਵਿੱਚ 15 ਤੋਂ 59 ਸਾਲ ਦੇ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਸੀ।
ਕਿਰਤ ਮੰਤਰਾਲੇ ਮੁਤਾਬਕ 2009-10 ਵਿੱਚ ਭਾਰਤ ਦੇ 9.5 ਫੀਸਦੀ ਲੋਕਾਂ ਨੂੰ ਲੰਬੀ ਬੇਰੁਜਗਾਰੀ ਦਾ ਸਾਹਮਣਾ ਕਰਨਾ ਪਿਆ। 6 ਮਹੀਨਿਆਂ ਤੋਂ ਜ਼ਿਆਦਾ ਬੇਰੁਜਗਾਰ ਰਹਿਣ ਵਾਲੇ ਲੋਕਾਂ ਨੂੰ ਇਸ ਸ੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਕਿਰਤ ਮੰਤਰਾਲੇ ਦੇ ਇਹ ਅੰਕੜੇ ਕੌਮੀ ਸਰਵੇਖਣ ਸੰਗਠਨ ਵੱਲੋਂ ਜਾਰੀ 2.8 ਫੀਸਦੀ ਲੰਬੀ ਬੇਰੁਜਗਾਰੀ ਤੋਂ ਕਿਤੇ ਜਿਆਦਾ ਹਨ ਪਰ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਜਿਹੜੇ ਲੋਕਾਂ ਨੂੰ ਰੁਜਗਾਰ ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਉਹਨਾਂ ’ਚੋਂ 43.9 ਫੀਸਦੀ ਅਜਿਹੇ ਹਨ ਜੋ ਖੁਦ ਕੰਮ ਕਰ ਰਹੇ ਹਨ ਜਦੋਂਕਿ 16.8 ਫੀਸਦੀ ਤਨਖਾਹਦਾਰ ਨੌਕਰੀ ਕਰਦੇ ਹਨ ਅਤੇ 39.3 ਫੀਸਦੀ ਦਿਹਾੜੀਦਾਰ ਮਜਦੂਰ ਹਨ।
ਪੰਜਾਬ ਦੇ ਮੱਖੀ ਪਾਲਕ ਸ਼ਹਿਦ ਦੀ ਪੈਦਾਵਾਰ ਕਰਕੇ ਪੈਸਾ ਕਮਾਉਣ ਦੇ ਮਾਮਲੇ ਵਿੱਚ ਸਮੁੱਚੇ ਦੇਸ਼ ਵਿੱਚੋਂ ਪਹਿਲੇ ਨੰਬਰ ’ਤੇ ਹਨ। ਦੇਸ਼ ਵਿੱਚੋਂ ਵਿਦੇਸ਼ਾਂ ਨੂੰ ਸਪਲਾਈ ਕੀਤੇ ਗਏ 23 ਹਜ਼ਾਰ ਟਨ ਸ਼ਹਿਦ ਵਿੱਚੋਂ 20 ਹਜਾਰ ਟਨ ਇਕੱਲੇ ਪੰਜਾਬ ਵਿੱਚੋਂ ਸਪਲਾਈ ਕੀਤਾ ਗਿਆ ਸੀ। ਪੰਜਾਬ ਵਿਚੋਂ ਲਗਭਗ 45 ਦੇਸ਼ਾਂ ਨੂੰ ਸ਼ਹਿਦ ਸਪਲਾਈ ਕਰਨ ਵਾਲਾ ਦੇਸ਼ ਦਾ ਸਭ ਤੋਂ ਵੱਡਾ ਸੂਬਾ ਅਤੇ ਦੁਨੀਆ ਦਾ ਤੀਸਰੇ ਨੰਬਰ ਦਾ ਸ਼ਹਿਦ ਉਤਪਾਦਕ ਰਾਜ ਬਣ ਚੁੱਕਾ ਹੈ। ਕਸ਼ਮੀਰ ਐਪਰੀਜ ਐਕਸਪੋਰਟ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਜਰਮਨੀ ਤੇ ਅਮਰੀਕਾ ਵਿੱਚ ਸਭ ਤੋਂ ਜਿਆਦਾ ਸ਼ਹਿਦ ਸਪਲਾਈ ਕਰਨ ਵਾਲੀ ਉਨ੍ਹਾਂ ਦੀ ਕੰਪਨੀ ਨੇ ਖਾੜੀ ਦੇਸ਼ਾਂ, ਅਸਟਰੇਲੀਆ ਅਤੇ ਅਫਰੀਕਾ ਨੂੰ ਸ਼ਹਿਦ ਸਪਲਾਈ ਕਰਨ ਦੀ ਯੋਜਨਾ ਤਿਅਰ ਕੀਤੀ ਸੀ। ਇਸ ਵਾਸਤੇ ਕੰਪਨੀ ਨੇ 30 ਹਜਾਰ ਟਨ ਸ਼ਹਿਦ ਦੀ ਪੈਦਾਵਾਰ ਕਰਨ ਦਾ ਟੀਚਾ ਮਿਥਿਆ ਹੈ। 2008-09 ਵਿੱਚ ਕੰਪਨੀ ਨੇ 216 ਕਰੋੜ ਰੁਪਏ ਦਾ ਸ਼ਹਿਦ ਬਾਹਰਲੇ ਦੇਸ਼ਾਂ ਨੂੰ ਸਪਲਾਈ ਕੀਤਾ ਸੀ। ਜਦੋਂਕਿ ਪਿੱਛੇ ਜਿਹੇ 350 ਕਰੋੜ ਦਾ ਸ਼ਹਿਦ ਨਿਰਯਾਤ ਕੀਤੇ ਜਾਣ ਦਾ ਟੀਚਾ ਮਿਥਿਆ ਗਿਆ ਸੀ।।
ਸ਼ਹਿਦ ਇਕੱਠਾ ਕਰਨ ਲਈ ਕੰਪਨੀ 30 ਹਜ਼ਾਰ ਆਪਣੇ ਅਤੇ 50 ਹਜਾਰ ਮਧੂ ਮੱਖੀ ਪਾਲਕਾਂ ਦੇ 10 ਲੱਖ ਬਕਸਿਆਂ ਵਿੱਚੋਂ ਸ਼ਹਿਦ ਦੀ ਖਰੀਦ ਕਰਦੀ ਹੈ। ਕੰਪਨੀ ਨੂੰ ਸ਼ਹਿਦ ਦੀ ਮੰਗ ਪੂਰੀ ਕਰਨ ਲਈ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਰਾਜਸਥਾਨ, ਯੂ.ਪੀ. ਅਤੇ ਬਿਹਾਰ ਸਮੇਤ ਹੋਰ ਵੀ ਕਈ ਰਾਜਾਂ ਵਿੱਚੋਂ ਸ਼ਹਿਦ ਖਰੀਦਣਾ ਪੈਂਦਾ ਹੈ। ਜਿਸ ਦਾ ਸ਼ਹਿਦ ਮੱਖੀ ਪਾਲਕਾਂ ਨੂੰ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਾਰਕੀਟ ਮੁਤਾਬਿਕ ਭਾਅ ਦਿੱਤਾ ਜਾਂਦਾ ਹੈ। ਮੌਜੂਦਾ ਦੌਰ ਵਿੱਚ ਸ਼ਹਿਦ ਦੀ ਸਭ ਤੋਂ ਵੱਡੀ ਕਾਰੋਬਾਰ ਕੰਪਨੀ ਅਮਰੀਕਾ ਦੀ ਸੂਬੀ ਤੇ ਦੂਸਰੇ ਨੰਬਰ ’ਤੇ ਜਰਮਨ ਦੀ ਲੇਂਗੀਜ ਹੈ। ਤੀਜੇ ਸਥਾਨ ’ਤੇ ਪੰਜਾਬ ਦੀ ਕਸ਼ਮੀਰ ਐਪਰੀਜ ਹੈ। ਪਿਛਲੇ ਕਈ ਸਾਲਾਂ ਤੋਂ ਸ਼ਹਿਦ ਦੇ ਕਾਰੋਬਾਰ ਵਿੱਚ ਲੱਗੇ ਜਿਲ੍ਹਾ ਪਟਿਆਲਾ ਦੇ ਪਿੰਡ ਜਮਾਲਪੁਰ ਦੇ ਕਿਸਾਨ ਸਤਨਾਮ ਸਿੰਘ ਸੱਤਾ ਨੇ ਕਿਹਾ ਕਿ ਹਰ ਸਾਲ ਸ਼ਹਿਦ ਦੀ ਪੈਦਾਵਾਰ ਵਿੱਚ 25 ਤੋਂ 30 ਫੀਸਦੀ ਦਾ ਵਾਧਾ ਹੋ ਰਿਹਾ ਹੈ।
ਕਣਕ ਦੇ ਪੱਤਿਆਂ ਦਾ ਜੂਸ਼:
ਕਣਕ ਦਾ ਪ੍ਰਯੋਗ ਅਸੀਂ ਰੋਜ਼ਾਨਾ ਭੋਜਨ ਦੇ ਤੌਰ ’ਤੇ ਕਰਦੇ ਹਾਂ ਪਰ ਬਹੁਤ ਘੱਟ ਲੋਕ ਕਣਕ ਦੇ ਗੁਣਾਂ ਬਾਰੇ ਜਾਣਦੇ ਹਨ। ਲੋਕ ਇੰਨਾ ਹੀ ਜਾਣਦੇ ਹਨ ਕਿ ਕਣਕ ਇੱਕ ਪੌਸ਼ਟਿਕ ਅਹਾਰ ਹੈ। ਖੋਜਾਂ ਤੋਂ ਬਾਅਦ ਪਤਾ ਲੱਗਾ ਹੈ ਕਿ ਕਣਕ ਦੇ ਚੋਕਰ ਵਿੱਚ ਸਭ ਤੋਂ ਜਿਆਦਾ ਤਾਕਤ ਹੁੰਦੀ ਹੈ। ਜਿਸ ਨੂੰ ਲੋਕ ਆਮ ਛਾਨਣ ਮਗਰੋਂ ਸੁੱਟ ਦਿੰਦੇ ਹਨ ਜਾਂ ਜਾਨਵਰਾਂ ਨੂੰ ਪਾ ਦਿੰਦੇ ਹਨ। ਡਾਕਟਰ ਬਿਨਾਂ ਛਾਣਿਆ ਆਟਾ ਖਾਣ ਦੀ ਸਲਾਹ ਦਿੰਦੇ ਹਨ। ਹੁਣ ਤਾਂ ਕੈਂਸਰ ਨਾਲ ਪੀੜਤ ਲੋਕ ਕਣਕ ਦੇ ਰਸ ਦੀ ਵਰਤੋਂ ਕਰ ਰਹੇ ਹਨ ਅਤੇ ਪੰਜਾਬ ਅੰਦਰ ਕਈ ਸੰਸਥਾਵਾਂ ਕਣਕ ਦਾ ਰਸ ਪਿਲਾਉਣ ਦਾ ਕੰਮ ਕਰ ਰਹੀਆਂ ਹਨ। ਘਰਾਂ ਅੰਦਰ ਕਣਕ ਦੀ ਪੈਦਾਵਾਰ ਗਮਲਿਆਂ ਵਿੱਚ ਜਾਂ ਫਿਰ ਬਰੇਤੀ ਠੰਢੇ ਰੇਤੇ ’ਚ ਕੀਤੀ ਜਾ ਸਕਦੀ ਹੈ ਕਿਉਂਕਿ ਕਣਕ ਦੀ ਪੈਦਾਵਾਰ ਲਈ ਤਾਪਮਾਨ ਘੱਟ ਚਾਹੀਦਾ ਹੈ। ਕਿਸਾਨ ਕਣਕ ਦਾ ਰਸ ਗਰਮੀਆਂ ’ਚ ਵੇਚ ਸਕਦੇ ਹਨ।
24 ਘੰਟੇ ਕਣਕ ਨੂੰ ਭਿਉਂ ਕੇ ਰੱਖਣ ਨਾਲ ਸਵੇਰੇ ਨਾਸ਼ਤਾ ਕੀਤਾ ਜਾਵੇ ਜਾਂ ਚੋਕਰ ਦਾ ਹਲਵਾ ਬਣਾ ਕੇ ਖਾਧਾ ਜਾਵੇ ਤਾਂ ਸਰੀਰ ਵਿੱਚ ਤਾਕਤ ਆਉਂਦੀ ਹੈ। ਪੁਰਾਣੇ ਬਜੁਰਗ ਕਣਕ ਨੂੰ ਬੱਕਲੀਆਂ ਜਾਂ ਦਲੀਏ ਦੇ ਰੂਪ ਵਿੱਚ ਖਾਂਦੇ ਸਨ। ਨਵੀਆਂ ਤਕਨੀਕਾਂ ਰਾਹੀਂ ਵੇਖਿਆ ਗਿਆ ਹੈ ਕਿ ਕਣਕ ਦੇ ਪੌਦਿਆਂ ਦਾ ਜੂਸ ਕੱਢ ਕੇ ਪੀਣ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੋ ਜਾਂਦੇ ਹਨ। ਭਗੰਦਰ, ਬਵਾਸੀਰ, ਸ਼ੂਗਰ, ਗਠੀਆ, ਪੀਲੀਆ, ਬੁਖਾਰ, ਦਮਾ, ਖਾਂਸੀ ਆਦਿ ਤੋਂ ਪੀੜਤ ਮਰੀਜ ਵੀ ਕਣਕ ਦੇ ਰਸ ਨਾਲ ਠੀਕ ਹੋ ਜਾਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਾ ਰਸ ਮਨੁੱਖ ਦੇ ਖੂਨ ਨਾਲ 40 ਪ੍ਰਤੀਸ਼ਤ ਮੇਲ ਖਾਂਦਾ ਹੈ।
ਇਸ ਨੂੰ ਬਹੁਤ ਹੀ ਅਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ। ਰਸ ਨੂੰ ਤਾਜਾ ਤਿਆਰ ਕਰਕੇ ਹੀ ਵਰਤਿਆ ਜਾਂਦਾ ਹੈ। ਮਿੱਟੀ ਦੇ ਗਮਲਿਆਂ ਵਿੱਚ ਕਣਕ ਬੀਜ ਕੇ ਸਮੇਂ ਸਿਰ ਪਾਣੀ ਦਿੰਦੇ ਰਹੋ। ਜੇਕਰ ਧੁੱਪ ਨਾ ਲੱਗੇ ਤਾਂ ਹੋਰ ਵੀ ਵਧੀਆ ਹੈ। ਤਿੰਨ-ਚਾਰ ਦਿਨਾਂ ਮਗਰੋਂ ਕਣਕ ਉੱਗ ਜਾਵੇਗੀ। ਅੱਠ-ਦਸ ਦਿਨਾਂ ਅੰਦਰ 7-8 ਇੰਚ ਦੇ ਬੂਟੇ ਹੋ ਜਾਣਗੇ। 30-40 ਪੌਦੇ ਕਣਕ ਦੇ ਪੁੱਟ ਕੇ ਜੜ੍ਹਾਂ ਕੱਟ ਦੇਵੋ ਅਤੇ ਬਚੇ ਹੋਏ ਪੌਦਿਆਂ ਨੂੰ ਪੱਤਿਆਂ ਸਮੇਤ ਸਾਫ ਕਰਕੇ ਥੋੜੇ੍ਹ ਜਿਹੇ ਪਾਣੀ ਨਾਲ ਪੀਸ ਕੇ ਅੱਧਾ ਗਲਾਸ ਰਸ ਪੁਣ ਕੇ ਤਿਆਰ ਕਰ ਲਉ, ਰੋਗੀ ਨੂੰ ਤੁਰੰਤ ਹੀ ਸਵੇਰੇ-ਸ਼ਾਮ ਇਹ ਰਸ ਪਿਲਾਉ। ਰਸ ਛਾਨਣ ਮਗਰੋਂ, ਜੋ ਫੋਗ ਨਿੱਕਲੇ ਉਸ ਨੂੰ ਵੀ ਨਮਕ ਪਾ ਕੇ ਭੋਜਨ ਨਾਲ ਖਾਧਾ ਜਾ ਸਕਦਾ ਹੈ। ਪੰਜਾਬ ਦੇ ਕਿਸਾਨ ਸਾਰਾ ਸਾਲ ਕਣਕ ਦੀ ਬਿਜਾਈ ਕਰਕੇ ਹਰਾ ਜੂਸ ਵੇਚ ਕੇ ਸਹਾਇਕ ਧੰਦੇ ਦੇ ਤੌਰ ’ਤੇ ਕਮਾਈ ਕਰ ਸਕਦੇ ਹਨ।
ਹਰੀਆਂ ਸਬਜ਼ੀਆਂ ਦਾ ਜੂਸ, ਚਟਨੀ, ਅਚਾਰ ਵੀ ਵਧੀਆ ਧੰਦਾ:
ਜੇਕਰ ਖੇਤੀ ਦੇ ਨਾਲ ਕਿਸਾਨ ਬਰੈੱਡ, ਚਟਨੀ, ਮੱਖਣ, ਪਨੀਰ, ਅਚਾਰ, ਮੁਰੱਬੇ ਆਦਿ ਨੂੰ ਸਹਾਇਕ ਧੰਦੇ ਵਜੋਂ ਅਪਣਾ ਲੈਣ ਤਾਂ ਵਧੀਆ ਕਮਾਈ ਕਰ ਸਕਦੇ ਹਨ ਕਿਉਕਿ ਰੱਖ-ਰਖਾਵ ਦੇ ਠੀਕ ਪ੍ਰਬੰਧ ਨਾ ਹੋਣ ਕਰਕੇ ਹਰ ਸਾਲ ਇੱਕ ਲੱਖ ਕਰੋੜ ਦੇ ਫਲ ਅਤੇ ਸਬਜ਼ੀਆਂ ਖਰਾਬ ਹੋ ਰਹੀਆਂ ਹਨ। ਵਿਸ਼ਵ ਭਰ ਦੇ ਬਜਾਰ ਵਿੱਚ ਇਸ ਕਾਰੋਬਾਰ ਦੀ ਹਿੱਸੇਦਾਰੀ ਸਿਰਫ ਡੇਢ ਪ੍ਰਤੀਸ਼ਤ ਹੈ। ਖੇਤਾਂ ਵਿੱਚੋਂ ਮੰਡੀ ਤੱਕ ਪਹੁੰਚਣ ਤੋਂ ਪਹਿਲਾਂ ਹੀ 35 ਫੀਸਦੀ ਫਲ ਅਤੇ ਸਬਜੀਆਂ ਖਰਾਬ ਹੋ ਜਾਂਦੀਆਂ ਹਨ।
ਖਾਧ ਪਦਾਰਥਾਂ ਦੀ ਚੱਲ ਰਹੀ ਮਹਿੰਗਾਈ ਨਾਲ ਲੜਨ ਵਾਸਤੇ ਕੇਂਦਰ ਸਰਕਾਰ ਨੇ ਵੱਡੇ ਸ਼ਹਿਰਾਂ ਨੇੜੇ ਸਬਜ਼ੀਆਂ ਦੀ ਪੈਦਾਵਾਰ ਕਰਵਾਉਣ ਦੀ ਯੋਜਨਾ ਤਿਆਰ ਕੀਤੀ ਸੀ। ਇਸ ਯੋਜਨਾ ਦੇ ਸਫਲ ਹੋਣ ਨਾਲ ਦਿੱਲੀ ਵਰਗੇ ਮਹਾਂਨਗਰਾਂ ਨੇੜੇ ਹਰੀਆਂ ਸਬਜੀਆਂ ਉਗਾ ਕੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕਦੀ ਹੈ। ਵੱਡੇ ਸ਼ਹਿਰਾਂ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੂੰ ਸਬਸਿਡੀ ਦੇ ਕੇ ਮੌਸਮੀ ਸਬਜ਼ੀਆਂ ਦੀ ਪੈਦਾਵਾਰ ਕਰਵਾਈ ਜਾਵੇਗੀ। ਖੇਤੀਬਾੜੀ ਵਿਭਾਗ ਨੇ ਇਸ ਕੰਮ ਲਈ 29 ਰਾਜਾਂ, ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 652 ਪਿੰਡਾਂ ਦੇ ਕਿਸਾਨਾਂ ਨੂੰ ਸਬਜੀਆਂ ਦੀ ਸਾਂਭ-ਸੰਭਾਲ ਲਈ ਸਿਖਲਾਈ ਦਿੱਤੀ ਜਾਣੀ ਹੈ। ਪਿੰਡਾਂ ਦੇ ਕਿਸਾਨਾਂ ਨੂੰ ਮੌਸਮੀ ਸਬਜ਼ੀਆਂ ਤੇ ਫਲਾਂ ਦੀ ਪੈਦਾਵਾਰ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਸਰਕਾਰ ਕਿਸਾਨਾਂ ਨੂੰ ਖੁੱਲ੍ਹ ਕੇ ਆਰਥਿਕ ਮੱਦਦ ਅਤੇ ਤਕਨੀਕੀ ਜਾਣਕਾਰੀ ਦੇਣ ਦਾ ਪ੍ਰਬੰਧ ਕਰ ਰਹੀ ਹੈ। ਕਿਸਾਨਾਂ ਦੇ ਗਰੁੱਪ ਬਣਾ ਕੇ ਗਰੀਨ ਹਾਊਸ ਵਿੱਚ ਵੀ ਸਬਜ਼ੀਆਂ ਪੈਦਾ ਕੀਤੀਆਂ ਜਾਣਗੀਆਂ। ਪੈਦਾਵਾਰ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੋਲਡ ਸਟੋਰ ਬਣਾਏ ਜਾਣਗੇ।
ਸ਼ਹਿਰਾਂ ਅੰਦਰ ਰਹਿਣ ਵਾਲੇ ਲੋਕਾਂ ਦੇ ਖਾਣ-ਪੀਣ ਵਿੱਚ ਆਈਆਂ ਤਬਦੀਲੀਆਂ ਕਾਰਨ ਵੈਸਨੂੰ ਚੀਜਾਂ ਦੀ ਮੰਗ ਵਧ ਰਹੀ ਹੈ। ਦੇਸ਼ ਭਰ ਅੰਦਰ ਸ਼ਾਕਾਹਾਰੀ ਭੋਜਨ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਸਰਕਾਰ ਵੱਲੋਂ ਕਰਵਾਏ ਗਏ ਸਰਵੇਖਣ ਦੌਰਾਨ ਸ਼ੁੱਧ ਸਾਕਾਹਾਰੀਆਂ ਦੀ ਗਿਣਤੀ 30 ਫੀਸਦੀ ਦੱਸੀ ਗਈ ਸੀ, ਪਰ ਸੰਯੁਕਤ ਰਾਸ਼ਟਰ ਦੇ ਖਾਧ ਅਤੇ ਖੇਤੀ ਸੰਗਠਨ ਅਤੇ ਯੂਨਾਈਟਡ ਸਟੇਟਸ ਡਿਪਾਰਟਮੈਂਟ ਆਫ ਐਗਰੀਕਲਚਰ ਦੇ ਤਾਜ਼ਾ ਸਰਵੇਖਣ ਮੁਤਾਬਿਕ ਭਾਰਤ ਵਿੱਚ ਸ਼ਾਕਾਹਾਰੀਆਂ ਦੀ ਗਿਣਤੀ 42 ਫੀਸਦੀ ਤੱਕ ਪਹੁੰਚ ਗਈ ਹੈ। ਇਸ ਦਾ ਕਾਰਨ ਲੋਕਾਂ ’ਚ ਸਿਹਤ ਪ੍ਰਤੀ ਵਧ ਆ ਰਹੀ ਜਾਗਰੂਕਤਾ ਤੇ ਭਾਰਤ ਦੀ ਸੰਸਿਤੀ ਮੰਨਿਆ ਗਿਆ ਹੈ।
ਹਰ ਕਿਸਾਨ ਚਾਹੁੰਦਾ ਹੈ ਕਿ ਉਸ ਦੀ ਕਮਾਈ ਵਿੱਚ ਵਾਧਾ ਹੋਵੇ
ਅਮਰੀਕਾ ਜਾਂ ਯੂਰਪ ਵਾਲੇ ਭਾਰਤੀਆਂ ਵੱਲੋਂ ਉੱਥੋਂ ਦੀਆਂ ਸੁਪਰ ਮਾਰਕੀਟਾਂ ਵਿੱਚ ਪਈਆਂ ਸਬਜ਼ੀਆਂ ਵੇਖ ਕੇ ਹੈਰਾਨ ਹੋਣਾ ਸੁਭਾਵਿਕ ਹੀ ਹੈ, ਪਰ ਵਤਨ ਪਰਤਣ ’ਤੇ ਉਹ ਮੰਨਦੇ ਹਨ ਕਿ ਭਾਰਤੀ ਸਬਜ਼ੀਆਂ ਕਮਜ਼ੋਰ ਤੇ ਬਦਰੰਗ ਜਿਹੀਆਂ ਲੱਗਣ ਦੇ ਬਾਵਜੂਦ ਵੀ ਸੁਆਦਲੀਆਂ ਹੁੰਦੀਆਂ ਹਨ। ਕੰਪਨੀਆਂ ਹਾਈਬਿ੍ਰਡ ਅਤੇ ਜੀ. ਐਮ. ਬੀਜਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀਆਂ ਹਨ ਅਤੇ ਇਹ ਪ੍ਰਚਾਰ ਕਰ ਰਹੀਆਂ ਹਨ ਕਿ ਇਨ੍ਹਾਂ ਬੀਜਾਂ ਦੀ ਵਰਤੋਂ ਸਦਕਾ ਭਾਰਤੀ ਮਾਰਕੀਟ ਵਿੱਚ ਵੀ ਅਮਰੀਕੀ ਮਾਰਕੀਟ ਵਿੱਚ ਮਿਲਦੀਆਂ ਸਬਜੀਆਂ ਵਰਗੀਆਂ ਸਬਜੀਆਂ ਨਜ਼ਰ ਆਉਣ ਲੱਗਣਗੀਆਂ। ਹਰ ਕਿਸਾਨ ਚਾਹੁੰਦਾ ਹੈ ਕਿ ਉਸ ਦੀ ਕਮਾਈ ਵਿੱਚ ਵਾਧਾ ਹੋਵੇ। ਲਿਹਾਜਾ, ਉਹ ਦੇਸੀ ਬੀਜਾਂ ਦੀ ਥਾਂ ਹਾਈਬਿ੍ਰਡ ਬੀਜਾਂ ਨੂੰ ਤਰਜੀਹ ਦਿੰਦਾ ਹੈ।
ਕੋਲਡ ਸਟੋਰ ਕਿਸਾਨਾਂ ਲਈ ਕਮਾਈ ਦਾ ਵਧੀਆ ਸਾਧਨ
ਕੋਲਡ ਸਟੋਰ ਕਿਸਾਨਾਂ ਲਈ ਕਮਾਈ ਦਾ ਵਧੀਆ ਸਾਧਨ ਬਣਨ ਦੇ ਨਾਲ ਹੀ ਫਲ ਅਤੇ ਸਬਜ਼ੀਆਂ ਦੀ ਸੰਭਾਲ ਵਾਸਤੇ ਵੀ ਬਹੁਤ ਵੱਡਾ ਸਾਧਨ ਹਨ ਕਿਉਂਕਿ ਸਮੁੱਚੇ ਦੇਸ਼ ਅੰਦਰ ਸਿਰਫ 5367 ਕੋਲਡ ਸਟੋਰ ਬਣੇ ਹੋਏ ਹਨ। ਜਿਹੜੇ ਲੋੜ ਨਾਲੋਂ ਬਹੁਤ ਘੱਟ ਹਨ। ਸਭ ਤੋਂ ਜਿਆਦਾ 1385 ਕੋਲਡ ਸਟੋਰ ਉੱਤਰ ਪ੍ਰਦੇਸ਼ ਵਿਚ ਹਨ ਜਦੋਂ ਕਿ 645 ਕੋਲਡ ਸਟੋਰ ਆਂਧਰਾ ਪ੍ਰਦੇਸ਼ ’ਚ ਬਣੇ ਹੋਏ ਹਨ। ਆਮ ਤੌਰ ’ਤੇ ਇਹ ਸਟੋਰ ਪੰਜ ਹਜਾਰ ਟਨ ਸਮਰੱਥਾ ਵਾਲੇ ਹੁੰਦੇ ਹਨ। ਇਸ ਨੂੰ ਤਿਆਰ ਕਰਨ ਲਈ ਤਿੰਨ ਕਰੋੜ ਰੁਪਏ ਤੱਕ ਖਰਚ ਆ ਜਾਂਦੇ ਹਨ। ਬਾਗਬਾਨੀ ਵਿਭਾਗ ਵੱਲੋਂ ਕੋਲਡ ਸਟੋਰ ਲਾਉਣ ਲਈ 40 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।
ਇਲਾਕੇ ਦੇ ਹਿਸਾਬ ਨਾਲ ਸਟੋਰ ਲਾਉਣ ਲਈ ਸਬੰਧਤ ਵਿਭਾਗ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਜਿੱਥੋਂ ਤੱਕ ਆਮਦਨੀ ਦੀ ਗੱਲ ਹੈ ਤਾਂ ਪ੍ਰਤੀ ਮਹੀਨਾ ਆਲੂ ਅਤੇ ਪਿਆਜ ਦਾ ਪ੍ਰਤੀ ਕਿੱਲੋ ਤਕਰੀਬਨ ਇੱਕ ਤੋਂ ਡੇਢ ਰੁਪਏ ਕਿਰਾਇਆ ਮਿਲਦਾ ਹੈ। ਫਲ ਅਤੇ ਸਬਜੀਆਂ ਦਾ ਡੇਢ ਤੋਂ ਦੋ ਰੁਪਏ ਕਿੱਲੋ ਕਿਰਾਇਆ ਲਿਆ ਜਾਂਦਾ ਹੈ। ਪੰਜ ਹਜਾਰ ਟਨ ਵਾਲੇ ਕੋਲਡ ਸਟੋਰ ’ਤੇ ਤਕਰੀਬਨ ਤਿੰਨ ਕਰੋੜ ਰੁਪਏ ਖਰਚ ਆਉਂਦਾ ਹੈ। ਇਸ ਵਿੱਚੋ ਬਾਗਬਾਨੀ ਵਿਭਾਗ 40 ਫੀਸਦੀ ਸਬਸਿਡੀ ਦਿੰਦਾ ਹੈ। ਸਟੋਰ ਲਾਉਣ ਤੋਂ ਪਹਿਲਾਂ ਇਸ ਦਾ ਪੂਰਾ ਪ੍ਰੋਜੈਕਟ ਤਿਆਰ ਕੀਤਾ ਜਾਂਦਾ ਹੈ। ਜੇਕਰ ਜਰੂਰਤ ਹੋਵੇ ਤਾਂ ਬੈਂਕ ਕੋਲੋਂ ਕਰਜਾ ਵੀ ਲਿਆ ਜਾ ਸਕਦਾ ਹੈ। ਕੋਲਡ ਸਟੋਰ ਤਿਆਰ ਕਰਨ ਹੋਣ ਤੋਂ ਪਹਿਲਾਂ ਵਿਭਾਗ ਵੱਲੋਂ ਸਬਸਿਡੀ ਦੀ ਅੱਧੀ ਰਕਮ ਜਾਰੀ ਕਰ ਦਿੱਤੀ ਜਾਂਦੀ ਹੈ। ਬਾਕੀ ਦੀ ਰਕਮ ਤਿਆਰ ਹੋਣ ਤੋਂ ਬਾਅਦ ਮਿਲ ਜਾਂਦੀ ਹੈ। ਪੰਜ ਹਜਾਰ ਟਨ ਦੀ ਸਮਰੱਥਾ ਵਾਲੇ ਕੋਲਡ ਸਟੋਰ ਲਈ 5400 ਗਜ ਜਮੀਨ ਦੀ ਜਰੂਰਤ ਪੈਂਦੀ ਹੈ।
ਬਿ੍ਰਸ਼ਭਾਨ ਬੁਜਰਕ,
ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ
ਮੋ. 98761-01698
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ