ਪੁਲਿਸ ਤਬਾਦਲਿਆਂ ਨੂੰ ਲੈ ਕੇ ਹੰਗਾਮਾ, ਸਾਬਕਾ ਡੀਜੀਪੀ ਬੋਲੇ, ਜਾਅਲੀ ਦਸਤਖ਼ਤ ਨਾਲ ਹੋਏ ਤਬਾਦਲੇ

dgp punjab

 8 ਜਨਵਰੀ ਨੂੰ ਚੋਣ ਜ਼ਾਬਤਾ ਲਗਣ ਤੋਂ ਕੁਝ ਘੰਟੇ ਪਹਿਲਾਂ ਹੋਏ ਸਨ 47 ਡੀਐਸਪੀ ਦੇ ਤਬਾਦਲੇ

  • ਸਿਧਾਰਥ ਚਟੋਪਾਧਿਆਏ ਵੱਲੋਂ ਬਿਆਨ ਆਉਣ ਤੋਂ ਬਾਅਦ ਹੰਗਾਮਾ, ਆਖ਼ਰਕਾਰ ਕਿਵੇਂ ਹੋਏ ਜਾਅਲੀ ਦਸਤਖ਼ਤ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਘੰਟੇ ਭਰ ਪਹਿਲਾਂ 47 ਡੀਐਸਪੀ ਦੇ ਤਬਾਦਲੇ ਨੂੰ ਲੈ ਕੇ ਕਾਫ਼ੀ ਜਿਆਦਾ ਹੰਗਾਮਾ ਹੁੰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਜਿਹੜੇ 47 ਡੀਐਸਪੀ ਦੇ ਤਬਾਦਲੇ ਕਰਨ ਮੌਕੇ ਦਸਤਖ਼ਤ ਸਨ, ਉਨਾਂ ਦਸਤਖ਼ਤਾਂ ਨੂੰ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਵੱਲੋਂ ਜਾਅਲੀ ਕਰਾਰ ਦਿੰਦੇ ਹੋਏ ਇਹੋ ਜਿਹੇ ਕਿਸੇ ਵੀ ਤਬਾਦਲੇ ਕੀਤੇ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਸਿਧਾਰਥ ਚਟੋਪਾਧਿਆਏ ਵੱਲੋਂ ਕਿਹਾ ਗਿਆ ਕਿ ਤਬਾਦਲੇ ਦੀ ਫਾਈਲ ’ਤੇ ਹੋਏ ਦਸਤਖ਼ਤ ਉਨਾਂ ਦੇ ਨਾਲ ਹੀ ਹਨ, ਕਿਸੇ ਵਲੋਂ ਫਰਜ਼ੀ ਦਸਤਖ਼ਤ ਕਰਦੇ ਹੋਏ ਇਹ ਤਬਾਦਲੇ ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ ਮਾਮਲੇ ਵਿੱਚ ਮੌਜੂਦਾ ਡੀਜੀਪੀ ਵੀ.ਕੇ. ਭੰਵਰਾ ਵਲੋਂ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ 8 ਜਨਵਰੀ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਪ੍ਰੈਸ ਕਾਨਫਰੰਸ ਸੱਦਣ ਤੋਂ ਬਾਅਦ ਇਹ ਸਾਫ਼ ਹੋ ਗਿਆ ਸੀ ਕਿ ਪੰਜਾਬ ਵਿੱਚ 3:30 ਵਜੇ ਚੋਣ ਜ਼ਾਬਤਾ ਲੱਗ ਸਕਦਾ ਹੈ। ਜਿਸ ਕਾਰਨ ਵੱਡੇ ਪੱਧਰ ’ਤੇ ਤਬਾਦਲੇ ਦਾ ਦੌਰ ਵੀ ਸ਼ੁਰੂ ਹੋ ਗਿਆ ਤਾਂ ਇਸ ਦੌਰਾਨ 47 ਡੀਐਸਪੀ ਦੇ ਤਬਾਦਲੇ ਦੀ ਲਿਸਟ ਵੀ ਸਾਹਮਣੇ ਆਈ, ਜਿਨਾਂ ’ਚ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ। ਜਿਸ ਸਮੇਂ ਭਾਰਤੀ ਚੋਣ ਕਮਿਸ਼ਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਤਾਂ ਠੀਕ ਉਸ ਤੋਂ ਕੁਝ ਦੇਰ ਬਾਅਦ ਇਹ ਲਿਸਟ ਜਨਤਕ ਹੋਈ ਪਰ ਇਹ ਕਿਹਾ ਗਿਆ ਕਿ ਇਹ ਤਬਾਦਲੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਕੀਤੇ ਗਏ ਹਨ।
ਜਿਸ ਤੋਂ ਬਾਅਦ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਵੱਲੋਂ ਇਸ ਤਰ੍ਹਾਂ ਦੇ ਤਬਾਦਲੇ ਕਰਨ ਸਬੰਧੀ ਇਨਕਾਰ ਕਰ ਦਿੱਤਾ ਹੈ। ਜਿਸ ਕਰਕੇ ਹੀ ਪੰਜਾਬ ਪੁਲਿਸ ਵਿੱਚ ਇਸ ਸਮੇਂ ਹੰਗਾਮਾ ਖੜਾ ਹੋਇਆ ਪਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ