ਮਾਹੌਲ ਤਣਾਅਪੂਰਨ, ਪੁਲਿਸ ਨੇ ਸੁਲਝਾਇਆ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਨੂੰ ਲੈ ਕੇ ਚਾਰ ਪਾਸੇ ਸਿਆਸਤ ਗਰਮਾਈ ਹੋਈ ਹੈ। ਭਾਜਪਾ ਲਗਾਤਾਰ ਕਾਂਗਰਸ ਸਰਕਾਰ ਖਿਲਾਫ ਗੁੱਸੇ ਦਾ ਪ੍ਰਗਟਾਵਾ ਕਰ ਰਹੀ ਹੈ। ਇਸ ਦੌਰਾਨ ਮਿੰਨੀ ਸਕੱਤਰੇਤ ਵਿਖੇ ਭਾਜਪੀ ਦੇ ਧਰਨੇ ਦੌਰਾਨ ਇੱਕ ਨਿਹੰਗ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਅਪਸ਼ਬਦ ਬੋਲਣ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਭਾਜਪਾ ਵਰਕਰ ਉਸ ਨੂੰ ਫੜਨ ਲਈ ਦੌੜੇ ਪਰ ਪੁਲਿਸ ਨੇ ਦਖਲ ਦੇ ਕੇ ਉਸ ਨੂੰ ਰੋਕ ਲਿਆ।
ਪੁਲਿਸ ਨੇ ਨਿਹੰਗ ਨੂੰ ਮੌਕੇ ’ਤੇ ਕਾਬੂ ਕਰ ਲਿਆ। ਭਾਜਪਾ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਦੌਰਾਨ ਪਾਰਟੀ ਵਰਕਰਾਂ ਨੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪ ਕੇ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ।
ਰੈਲੀ ਨੂੰ ਅਸਫਲ ਬਣਾਉਣ ਲਈ ਕਾਂਗਰਸ ਨੇ ਗੁੰਡਿਆਂ ਦਾ ਸਹਾਰਾ ਲਿਆ : ਪੁਸ਼ਪਿੰਦਰ ਸਿੰਘ
ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਦੀ ਰੈਲੀ ਨੂੰ ਅਸਫਲ ਬਣਾਉਣ ਲਈ ਕਾਂਗਰਸ ਨੇ ਗੁੰਡਿਆਂ ਦਾ ਸਹਾਰਾ ਲਿਆ। ਥਾਂ-ਥਾਂ ਜਾਮ ਲਗਾ ਦਿੱਤਾ ਅਤੇ ਭਾਜਪਾ ਵਰਕਰਾਂ ਦੀ ਕੁੱਟਮਾਰ ਵੀ ਕੀਤੀ। ਇਹ ਸਾਰੀ ਘਟਨਾ ਸੋਚੀ ਸਮਝੀ ਸਾਜ਼ਿਸ਼ ਤਹਿਤ ਵਾਪਰੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ 20 ਮਿੰਟ ਤੱਕ ਸੜਕ ‘ਤੇ ਰੁਕਣਾ ਪਿਆ। ਬਿਨਾਂ ਭਾਸ਼ਣ ਦਿੱਤੇ ਅਤੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਬਿਨਾਂ ਹੀ ਵਾਪਸ ਪਰਤਣਾ ਪਿਆ। ਅਜਿਹੀਆਂ ਗਤੀਵਿਧੀਆਂ ਪੰਜਾਬ ਦੇ ਵਿਕਾਸ ਦੇ ਹਿੱਤ ਵਿੱਚ ਨਹੀਂ ਹਨ। ਪ੍ਰਧਾਨ ਮੰਤਰੀ ਇੱਥੇ 42000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਵਾਲੇ ਸਨ।
ਇਹ ਵੀ ਪੜ੍ਹੋ..
ਪੰਜਾਬ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਖਾਮੀ ਦੇ ਮਾਮਲੇ ’ਚ ਨਵਾਂ ਖੁਲਾਸਾ
ਮੋਗਾ-ਫਿਰੋਜ਼ਪੁਰ ਸੜਕ ਨੂੰ ਖ਼ਾਲੀ ਰੱਖਣ ਦੇ 2 ਦਿਨ ਪਹਿਲਾਂ ਹੀ ਜਾਰੀ ਹੋ ਚੁੱਕੇ ਸਨ ਸਖ਼ਤ ਆਦੇਸ਼
- ਆਈ.ਜੀ. ਐਸ.ਪੀ.ਜੀ. ਸੁਰੇਸ਼ ਅਤੇ ਏ.ਡੀ. ਐਸ.ਆਈ.ਬੀ. ਵਿਵੇਕ ਪ੍ਰਤਾਪ ਵੱਲੋਂ ਜਾਰੀ ਕੀਤੇ ਗਏ ਸਨ ਆਦੇਸ਼
(ਅਸ਼ਵਨੀ ਚਾਵਲਾ) ਚੰਡੀਗੜ। ਕੇਂਦਰੀ ਏਂਜਸੀਆਂ ਵੱਲੋਂ ਨੈਸ਼ਨਲ ਹਾਈਵੇ-5 ਮੋਗਾ-ਫਿਰੋਜ਼ਪੁਰ ਨੂੰ ਮੁਕੰਮਲ ਤੌਰ ’ਤੇ ਟੈ੍ਰਫ਼ਿਕ ਦੀ ਹਰ ਰੁਕਾਵਟ ਤੋਂ ਖਾਲੀ ਰੱਖਣ ਦੇ ਆਦੇਸ਼ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ 2 ਦਿਨ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਸਨ। ਕੇਂਦਰ ਦੇ ਇਹ ਆਦੇਸ਼ ਨਸਰ ਹੋਣ ਨਾਲ ਪੰਜਾਬ ਸਰਕਾਰ ਦਾ ਇਹ ਦਾਅਵਾ ਝੂਠਾ ਸਾਬਤ ਹੋ ਗਿਆ ਹੈ ਕਿ ਕੇਂਦਰੀ ਸੁਰੱਖਿਆ ਏਜੰਸੀਆਂ ਵੱਲੋਂ ਪੰਜਾਬ ਨੂੰ ਕੋਈ ਆਦੇਸ਼ ਜਾਰੀ ਨਹੀਂ ਹੋਏ।
ਇੱਥੋਂ ਤੱਕ ਕਿ ਇਸ ਨੈਸ਼ਨਲ ਹਾਈਵੇ-5 ਅਧੀਨ ਆਉਣ ਵਾਲੇ 55 ਕਿਲੋਮੀਟਰ ਦੇ ਸੜਕੀ ਮਾਰਗ ’ਤੇ ਲੋਕਲ ਪੁਲਿਸ ਕਰਮਚਾਰੀਆਂ ਨੂੰ ਲਾਈਟ ਅਤੇ ਆਡੀਓ ਕੰਟਰੋਲ ਦੇ ਨਾਲ ਤੈਨਾਤ ਕਰਨ ਦਾ ਆਦੇਸ਼ ਸਨ ਤਾਂ ਕਿ ਕਿਸੇ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ ਨਾ ਕਰਨਾ ਪਵੇ। ਇਹ ਆਦੇਸ਼ ਆਈ.ਜੀ. ਐਸ.ਪੀ.ਜੀ. ਸੁਰੇਸ਼ ਅਤੇ ਏ.ਡੀ. ਐਸ.ਆਈ.ਬੀ. ਵਿਵੇਕ ਪ੍ਰਤਾਪ ਵੱਲੋਂ ਬਕਾਇਦਾ ਲਿਖਤੀ ਰੂਪ ਵਿੱਚ ਦਿੱਤੇ ਗਏ ਸਨ।
ਇਨ੍ਹਾਂ ਸਖ਼ਤ ਆਦੇਸ਼ਾਂ ਦੇ ਬਾਵਜੂਦ ਪੰਜਾਬ ਪੁਲਿਸ ਇਸ ਕੌਮੀ ਮਾਰਗ ਨੂੰ ਖ਼ਾਲੀ ਨਹੀ ਰੱਖ ਸਕੀ। ਇਸ ਸਬੰਧੀ ਬਕਾਇਦਾ ਲਿਖਤੀ ਆਦੇਸ਼ ਜਾਰੀ ਹੋਣ ਤੋਂ ਬਾਅਦ ਐਸ.ਐਸ.ਪੀ. ਫਿਰੋਜ਼ਪੁਰ ਵੱਲੋਂ ਵੀ ਡੀ.ਜੀ.ਪੀ. ਨੂੰ ਪੰਜਾਬ ਇਸ ਸਬੰਧੀ ਸੂਚਨਾ ਦਿੱਤੀ ਗਈ ਸੀ ਕਿ ਕੇਂਦਰੀ ਏਜੰਸੀਆਂ ਵੱਲੋਂ ਇਹ ਪੱਤਰ ਭੇਜਿਆ ਗਿਆ ਹੈ। ਮੋਗਾ-ਫਿਰੋਜ਼ਪੂਰ ਨੈਸ਼ਨਲ ਹਾਈਵੇ-5 ਨੂੰ ਛੱਡ ਕੇ ਕੇਂਦਰੀ ਏਜੰਸੀਆਂ ਵਲੋਂ ਕਿਸੇ ਹੋਰ ਸੜਕ ਜਾਂ ਫਿਰ ਨੈਸ਼ਨਲ ਹਾਈਵੇ ਦੇ ਆਦੇਸ਼ ਨਹੀਂ ਦਿੱਤੇ ਸਨ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਇਸ ਤਰਾਂ ਦੇ ਇੰਤਜ਼ਾਮ ਨੂੰ ਨਹੀਂ ਕੀਤਾ ਗਿਆ, ਸਗੋਂ ਕੇਂਦਰੀ ਏਜੰਸੀਆਂ ਦੇ ਆਦੇਸ਼ਾ ਦੀ ਪਾਲਣਾ ਹੀ ਨਹੀਂ ਕੀਤੀ ਗਈ, ਜਿਸ ਕਾਰਨ ਹੀ ਇਸ ਨੈਸ਼ਨਲ ਹਾਈਵੇ 5 ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਰੋਕ ਲਿਆ ਗਿਆ।
-
ਪੰਜਾਬ ਸਰਕਾਰ ਕਰ ਰਹੀ ਸੀ ਕੇਂਦਰ ਵੱਲੋਂ ਆਦੇਸ਼ ਨਾ ਮਿਲਣ ਦਾ ਦਾਅਵਾ
ਆਈ.ਜੀ. ਐਸ.ਪੀ.ਜੀ. ਸੁਰੇਸ਼ ਅਤੇ ਏ.ਡੀ. ਐਸ.ਆਈ.ਬੀ. ਵਿਵੇਕ ਪ੍ਰਤਾਪ ਵਲੋਂ ਭੇਜੇ ਗਏ ਪੱਤਰ ਨੰਬਰ 01/ਐਸਪੀਜੀ-ਆਈਜੀ/2022/ਏਐਸਐਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਦੌਰੇ ਸਬੰਧੀ ਦਿੱਤੇ ਗਏ ਵੇਰਵੇ ਅਨੁਸਾਰ ਸੁਰੱਖਿਆ ਇੰਤਜ਼ਾਮ ਕਰਨ ਦੇ ਆਦੇਸ਼ ਪੰਜਾਬ ਦੇ ਡੀ.ਜੀ.ਪੀ. ਨੂੰ ਦਿੱਤੇ ਗਏ ਸਨ। ਇਸ ਪੱਤਰ ਰਾਹੀਂ ਕਿਹਾ ਗਿਆ ਸੀ ਕਿ ਨੈਸ਼ਨਲ ਹਾਈਵੇ-5 ਮੋਗਾ ਤੋਂ ਫਿਰੋਜ਼ਪੁਰ ਸੜਕ ’ਤੇ ਕਿਸੇ ਵੀ ਤਰਾਂ ਦੇ ਟੈ੍ਰਫ਼ਿਕ ਰੁਕਾਵਟ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਇਸ ਸਬੰਧੀ ਬਕਾਇਦਾ ਚੰਗੇ ਇੰਤਜ਼ਾਮ ਟੈ੍ਰਫ਼ਿਕ ਕੰਟਰੋਲ ਕਰਨ ਲਈ ਪੁਲਿਸ ਅਧਿਕਾਰੀ ਦੀ ਡਿਊਟੀ ਲਗਾਈ ਜਾਵੇ।
ਕਿਸਾਨ ਜਥੇਬੰਦੀਆਂ ਨੂੰ ਲੈ ਵੀ ਜਾਰੀ ਕੀਤਾ ਗਿਆ ਸੀ ਅਲਰਟ
ਕੇਂਦਰੀ ਏਜੰਸੀ ਐਸ.ਪੀ.ਜੀ. ਅਤੇ ਐਸ.ਆਈ.ਬੀ. ਵਲੋਂ ਆਪਣੇ ਪੱਤਰ ਰਾਹੀਂ ਪੰਜਾਬ ਦੇ ਡੀਜੀਪੀ ਨੂੰ ਅਲਰਟ ਕੀਤਾ ਗਿਆ ਸੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਅਜੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਫਿਰੋਜ਼ਪੁਰ ਇਲਾਕੇ ਵਿੱਚ ਕੁਝ ਜਥੇਬੰਦੀਆਂ ਦਾ ਕਾਫ਼ੀ ਜਿਆਦਾ ਆਧਾਰ ਹੈ। ਜਿਸ ਕਾਰਨ ਰਸਤੇ ਵਿੱਚ ਕਿਸੇ ਵੀ ਤਰਾਂ ਦੇ ਪ੍ਰਦਰਸ਼ਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਨੂੰ ਧਿਆਨ ਵਿੱਚ ਰਖਦੇ ਹੋਏ ਪੰਜਾਬ ਪੁਲਿਸ ਵੱਲੋਂ ਸਖ਼ਤ ਇੰਤਜ਼ਾਮ ਕੀਤੇ ਜਾਣ।
ਏਡੀਜੀਪੀ ਲਾਅ ਆਰਡਰ ਵੱਲੋਂ ਲਿਖੀਆਂ ਗਈਆਂ ਸੀ ਤਿੰਨ ਚਿੱਠੀਆਂ, ਸੜਕ ਮਾਰਗ ਰੱਖਿਆ ਜਾਵੇ ਬਦਲ
ਚੰਡੀਗੜ੍ਹ ਪ੍ਰਧਾਨ ਮੰਤਰੀ ਦੇ ਕਾਫਲੇ ਸਬੰਧੀ ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਵੱਲੋਂ ਲਿਖੀ ਗਈ ਤਿੰਨ ਚਿੱਠੀਆਂ 1 ਤੋਂ 4 ਜਨਵਰੀ ਦੇ ਦਰਮਿਆਨ ਭੇਜੀਆਂ ਗਈਆਂ ਸਨ ਜੋ ਹੁਣ ਬਾਹਰ ਆ ਗਈਆਂ ਹਨ। ਜਿਨਾਂ ਵਿੱਚ ਉਨ੍ਹਾਂ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਮੌਸਮ ਖ਼ਰਾਬ ਹੋ ਸਕਦਾ ਹੈ, ਇਸ ਲਈ ਸੜਕੀਂ ਮਾਰਗ ਨੂੰ ਬਦਲ ਦੇ ਤੌਰ ’ਤੇ ਰੱਖਿਆ ਜਾਣਾ ਚਾਹੀਦਾ ਹੈ। ਜਿਹੜੇ ਰਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਾਣਾ ਹੈ, ਉਸ ਸੜਕੀਂ ਮਾਰਗ ਨੂੰ ਖ਼ਾਲੀ ਰੱਖਣ ਦੀ ਜਰੂਰਤ ਹੈ। ਇਸ ਲਈ ਪੁਲਿਸ ਦੀ ਡਿਊਟੀ ਲਗਾਈ ਜਾਣੀ ਜਰੂਰੀ ਹੈ ਤਾਂ ਕਿ ਸੜਕੀਂ ਮਾਰਗ ਕਿਸੇ ਵੀ ਤਰ੍ਹਾਂ ਬੰਦ ਨਾ ਹੋਵੇ ਅਤੇ ਕਿਸੇ ਵੀ ਥਾਂ ’ਤੇ ਜਾਮ ਨਹੀਂ ਲਾਇਆ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ