2 ਪੁਲਿਸ ਕਰਮਚਾਰੀ ਤੈਨਾਤ, 24 ਘੰਟੇ ਰਾਘਵ ਚੱਢਾ ਨੂੰ ਦਿੱਤੀ ਜਾ ਰਹੀ ਐ ਸੁਰੱਖਿਆ
- ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਉਪ ਇਨਚਾਰਜ ਹਨ ਰਾਘਵ ਚੱਢਾ
(ਅਸ਼ਵਨੀ ਚਾਵਲਾ) ਚੰਡੀਗੜ। ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਦੇ ਉਪ ਇੰਚਾਰਜ ਰਾਘਵ ਚੱਢਾ ’ਤੇ ਅੱਜ-ਕੱਲ੍ਹ ਕਾਂਗਰਸ ਸਰਕਾਰ ਕਾਫ਼ੀ ਜਿਆਦਾ ਮਿਹਰਬਾਨ ਹੈ, ਕਿਉਂਕਿ ਪੰਜਾਬ ਵਿੱਚ ਰਾਘਵ ਚੱਢਾ ਦੀ ਸੁਰੱਖਿਆ ਦਾ ਜਿੰਮਾ ਖ਼ੁਦ ਪੰਜਾਬ ਪੁਲਿਸ ਨੇ ਆਪਣੇ ਸਿਰ ’ਤੇ ਲੈ ਲਿਆ ਹੈ। ਰਾਘਵ ਚੱਢਾ ਨੇ ਪੰਜਾਬ ਪੁਲਿਸ ਵੱਲੋਂ 2 ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਇਹ ਪੰਜਾਬ ਪੁਲਿਸ ਕਰਮਚਾਰੀ ਰਾਘਵ ਚੱਢਾ ਦੀ ਦਿਨ ਰਾਤ ਸੁਰੱਖਿਆ ਕਰਨਗੇ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਮੁੱਖੀ ਅਤੇ ਦਿੱਲੀ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਜਰਨੈਲ ਸਿੰਘ ਨੂੰ ਪੰਜਾਬ ਆਪ ਦਾ ਇੰਚਾਰਜ ਲਗਾਇਆ ਗਿਆ ਸੀ ਤਾਂ ਰਾਘਵ ਚੱਢਾ ਨੂੰ ਉਪ ਇੰਚਾਰਜ ਲਗਾਉਂਦੇ ਹੋਏ ਡਿਊਟੀ ਲਗਾਈ ਗਈ ਸੀ। ਪਿਛਲੇ ਇੱਕ ਡੇਢ ਸਾਲ ਤੋਂ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਪੰਜਾਬ ਵਿੱਚ ਰਹਿੰਦੇ ਹੋਏ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਹਨ।
ਰਾਘਵ ਚੱਢਾ ਦਿੱਲੀ ਤੋਂ ਵਿਧਾਇਕ ਹੋਣ ਦੇ ਚਲਦੇ ਉਨਾਂ ਨੂੰ ਸੁਰੱਖਿਆ ਕਰਮਚਾਰੀ ਦਿੱਲੀ ਤੋਂ ਹੀ ਮਿਲ ਸਕਦੀ ਹੈ ਅਤੇ ਬਤੌਰ ਦਿੱਲੀ ਵਿਧਾਇਕ ਪੰਜਾਬ ਤੋਂ ਉਹ ਸੁਰੱਖਿਆ ਕਰਮਚਾਰੀ ਨਹੀਂ ਲੈ ਸਕਦੇ ਹਨ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਰਾਘਵ ਚੱਢਾ ’ਤੇ ਮਿਹਰਬਾਨੀ ਕਰਦੇ ਹੋਏ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਰਾਘਵ ਚੱਢਾ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ 2 ਜਵਾਨ ਤਾਇਨਾਤ ਕੀਤੇ ਗਏ ਹਨ। ਰਾਘਵ ਚੱਢਾ ਵੱਲੋਂ ਕਿਹੜੇ ਕਾਰਨਾਂ ਦਾ ਜਿਕਰ ਕਰਦੇ ਹੋਏ ਪੰਜਾਬ ਸਰਕਾਰ ਤੋਂ ਇਹ ਸੁਰੱਖਿਆ ਲਈ ਹੈ। ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ ਅਤੇ ਰਾਘਵ ਚੱਢਾ ਵੱਲੋਂ ਵੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਕਿ ਉਨਾਂ ਵੱਲੋਂ ਪੰਜਾਬ ਪੁਲਿਸ ਦੀ ਸੁਰੱਖਿਆ ਛਤਰੀ ਕਿਉਂ ਲਈ ਗਈ ਹੈ ?
ਇੱਥੇ ਜਿਕਰਯੋਗ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ’ਤੇ ਹੁਣ ਤੱਕ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਉਨਾਂ ਵੱਲੋਂ ਬਿਨਾਂ ਕਿਸੇ ਸੁਰੱਖਿਆ ’ਤੇ ਆਮ ਲੋਕਾਂ ਵਿੱਚ ਬੈਠ ਕੇ ਹੀ ਪਾਰਟੀ ਨੂੰ ਚਲਾਇਆ ਜਾ ਰਿਹਾ ਹੈ ਅਤੇ ਆਮ ਆਦਮੀ ਹੋਣ ਦੇ ਕਰਕੇ ਉਹ ਸੁਰੱਖਿਆ ਕਰਮਚਾਰੀ ਆਪਣੇ ਨਾਲ ਨਹੀਂ ਰੱਖਦੇ ਹਨ ਸਗੋਂ ਪੰਜਾਬ ਵਿੱਚ ਲੀਡਰਾਂ ਨੂੰ ਮਿਲੀ ਹੋਈ ਸੁਰੱਖਿਆ ’ਤੇ ਵੀ ਆਮ ਆਦਮੀ ਪਾਰਟੀ ਵੱਲੋਂ ਕਾਫ਼ੀ ਜਿਆਦਾ ਇਤਰਾਜ਼ ਜ਼ਾਹਰ ਕਰਦੇ ਹੋਏ ਇਥੇ ਤੱਕ ਕਿਹਾ ਗਿਆ ਕਿ ਦਿੱਲੀ ਦੇ ਇੱਕ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਸੁਰੱਖਿਆ ਨਹੀਂ ਲਈ ਗਈ ਹੈ।
ਦਿੱਲੀ ਪੁਲਿਸ ਤੋਂ ਸੁਰੱਖਿਆ ਨਾ ਲੈਣ ਦਾ ਥਾਂ-ਥਾਂ ’ਤੇ ਪ੍ਰਚਾਰ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿਧਾਇਕਾਂ ਤੋਂ ਇਲਾਵਾ ਹੁਣ ਦਿੱਲੀ ਦੇ ਵਿਧਾਇਕਾਂ ਨੂੰ ਵੀ ਪੰਜਾਬ ਵਿੱਚ ਸੁਰੱਖਿਆ ਮਿਲਣੀ ਸ਼ੁਰੂ ਹੋ ਗਈ ਹੈ ਅਤੇ ਆਮ ਆਦਮੀ ਪਾਰਟੀ ਦੇ ਉਪ ਇੰਚਾਰਜ ਰਾਘਵ ਚੱਢਾ ਪੰਜਾਬ ਪੁਲਿਸ ਦੀ ਸੁਰੱਖਿਆ ਛੱਤਰੀ ਹੇਠ ਹੀ ਚੱਲਦੇ ਹਨ।
ਇਸ ਸਬੰਧੀ ਆਮ ਆਦਮੀ ਪਾਰਟੀ ਦੇ ਉਪ ਇੰਚਾਰਜ ਰਾਘਵ ਚੱਢਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨਾਂ ਨੇ ਫੋਨ ਨਹੀਂ ਚੁੱਕਿਆ ਤਾਂ ਕਈ ਵਾਰ ਫੋਨ ਕਰਨ ਦੇ ਚਲਦੇ ਉਨਾਂ ਦੇ ਪੀ.ਐਸ. ਹਿਮਾਲਿਆ ਨੇ ਫੋਨ ਚੁੱਕਣ ਤੋਂ ਬਾਅਦ ਇਹ ਕਿਹਾ ਕਿ ਰਾਘਵ ਚੱਢਾ ਇਸ ਬਾਰੇ ਫੋਨ ਕਰਦੇ ਹੋਏ ਜਾਣਕਾਰੀ ਦੇਣ ਪਰ ਉਨਾਂ ਵੱਲੋਂ ਵਾਪਸ ਫੋਨ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਤੋਂ ਬਾਅਦ ਫੋਨ ਚੁੱਕਿਆ ਗਿਆ।
ਇਹ ਲੋਕ ਖ਼ੁਦ ’ਤੇ ਹਮਲਾ ਕਰਵਾ ਕੇ ਦੋਸ਼ ਨਾ ਲਗਾਉਣ ਤਾਂ ਲਗਾਏ ਪੁਲਿਸ ਵਾਲੇ : ਅਲਕਾ ਲਾਂਬਾ
ਆਲ ਇੰਡੀਆ ਕਾਂਗਰਸ ਪਾਰਟੀ ਦੇ ਬੁਲਾਰੇ ਅਤੇ ਮੀਡੀਆ ਇੰਚਾਰਜ ਪੰਜਾਬ ਅਲਕਾ ਲਾਂਬਾ ਨੇ ਕਿਹਾ ਕਿ ਰਾਘਵ ਚੱਢਾ ਵਰਗੇ ਲੋਕ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ। ਇਹ ਲੋਕ ਖ਼ੁਦ ਹੀ ਆਪਣੇ ’ਤੇ ਹਮਲਾ ਕਰਵਾ ਕੇ ਕਿਸੇ ਹੋਰ ’ਤੇ ਦੋਸ਼ ਨਾ ਲਗਾ ਦੇਣ ਇਸ ਲਈ ਇਨਾਂ ਨੂੰ ਬੇਨਿਕਾਬ ਕਰਨ ਲਈ ਪੁਲਿਸ ਲਾ ਦਿੱਤੀ ਗਈ ਹੈ ਤਾਂ ਕਿ ਇਹੋ ਜਿਹੀ ਹਰਕਤ ਕਰਨ ਮੌਕੇ ਪੰਜਾਬ ਪੁਲਿਸ ਇਨਾਂ ਨੂੰ ਬਚਾ ਸਕੇੇ ਅਤੇ ਗੰਦੀ ਰਾਜਨੀਤੀ ਜਿਹੜੀ ਇਹ ਖੇਡਣ ਦੀ ਕੋਸ਼ਿਸ਼ ਕਰਨਗੇ ਉਸ ਤੋਂ ਬਚਾਅ ਹੋ ਸਕੇ। ਅਲਕਾ ਲਾਂਬਾ ਨੇ ਕਿਹਾ ਕਿ ਉਹ ਤਾਂ ਦਿੱਲੀ ਤੋਂ ਹੋਣ ਕਰਕੇ ਇਨਾਂ ਤੋਂ ਚੰਗੀ ਤਰਾਂ ਵਾਕਫ਼ ਹਨ। ਇਸ ਲਈ ਇਹ ਕੁਝ ਵੀ ਕਰ ਸਕਦੇ ਹਨ। ਹੁਣ ਸੁਰੱਖਿਆ ਹੋਣ ਦੇ ਚਲਦੇ ਇਹ ਕੁਝ ਨਹੀਂ ਕਰ ਪਾਉਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ