ਹਵਾ ਪ੍ਰਦੂਸ਼ਣ ਦੇ ਕੰਟਰੋਲ ਲਈ ਸਾਨੂੰ ਸ਼ੁਰੂਆਤ ਆਪਣੇ ਤੋਂ ਕਰਨੀ ਚਾਹੀਦੀ ਐ : ਡਾ. ਆਦਰਸ਼ ਵਿਗ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਇਨਵਾਇਰਮੈਂਟਲ ਸੋਸਾਇਟੀ ਨਾਲ ‘ਪੰਜਾਬ ਦੀ ਸਵੱਛ ਹਵਾ ਦੀ ਪ੍ਰਾਪਤੀ ਲਈ ਰਣਨੀਤੀ ਅਤੇ ਹੱਲ’ ਵਿਸ਼ੇ ’ਤੇ ਦੋ ਰੋਜ਼ਾ ਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ। ਇਹ ਕਾਨਫ਼ਰੰਸ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਵੱਲੋਂ ਸਪਾਂਸਰ ਕੀਤੀ ਗਈ ਹੈ। ਕਾਨਫ਼ਰੰਸ ਦੇ ਪਹਿਲੇ ਦਿਨ ਦੀ ਸ਼ੁਰੂਆਤ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਦੇ ਭਾਸ਼ਣ ਨਾਲ ਹੋਈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਹਵਾ ਪ੍ਰਦੂਸਣ ਨੂੰ ਕੰਟਰੋਲ ਕਰਨ ਲਈ ਖੋਜ ਰਾਹੀਂ ਹੱਲ ਲੱਭ ਕੇ ਕੰਮ ਕਰਨ ’ਤੇ ਜੋਰ ਦਿੱਤਾ ਅਤੇ ਖੋਜਕਰਤਾਵਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਦਿਸ਼ਾ ਵਿੱਚ ਕੰਮ ਸ਼ੁਰੂ ਕਰਨ।
ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਣ ਵਾਲ਼ੇ ਪ੍ਰਦੂਸਣ ਬਾਰੇ ਉਨ੍ਹਾਂ ਕਿਹਾ ਕਿ ਇਹ ਪ੍ਰਦੂਸ਼ਣ ਬਾਕੀ ਹੋਰਨਾਂ ਸਰੋਤਾਂ ਜਿਵੇਂ ਕਿ ਵਾਹਨ ਪ੍ਰਦੂਸਣ, ਸੜਕ ਦੀ ਧੂੜ ਅਤੇ ਇਮਾਰਤਾਂ ਦੀ ਉਸਾਰੀ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ, ਪਰ ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ ਕਰਨ ਦੀ ਹੀ ਸਲਾਹ ਦਿੱਤੀ ਤਾਂ ਜੋ ਆਮ ਲੋਕਾਂ ਦੀ ਸਿਹਤ ਨੂੰ ਬਚਾਇਆ ਜਾ ਸਕੇ। ਕਾਨਫ਼ਰੰਸ ਦੇ ਮੁੱਖ ਮਹਿਮਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ (ਡਾ.) ਆਦਰਸ ਪਾਲ ਵਿਗ ਨੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ’ਤੇ ਜੋਰ ਦਿੰਦਿਆਂ ਕਿਹਾ ਕਿ ਸਾਨੂੰ ਇਸ ਦੀ ਸ਼ੁਰੂਆਤ ਆਪਣੇ ਆਪ ਤੋਂ ਹੀ ਕਰਨੀ ਚਾਹੀਦੀ ਹੈ।
ਜੇਕਰ ਅਸੀਂ ਆਪਣੇ ਆਪ ਤੋਂ ਸ਼ੁਰੂਆਤ ਨਹੀਂ ਕਰਾਂਗੇ ਤਾਂ ਪ੍ਰਦੂਸ਼ਣ ’ਤੇ ਕਾਬੂ ਪਾਉਣਾ ਸੰਭਵ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਉਦਯੋਗਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਰਵਾਇਤੀ ਈਂਧਨ ਨੂੰ ਪੜਾਅਵਾਰ ਰੂਪ ਵਿੱਚ ਛੱਡ ਕੇ ਇਸ ਦੇ ਬਦਲ ਵਿੱਚ ਸੀ.ਐਨ.ਜੀ. ਵਰਗੇ ਈਂਧਣ ਨੂੰ ਅਪਨਾਉਣ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਦਿਸ਼ਾ ਵਿੱਚ ਹੋਰ ਵੀ ਬਹੁਤ ਸਾਰੀਆਂ ਪਹਿਲਕਦਮੀਆਂ ਕਰ ਰਿਹਾ ਹੈ। ਇਸ ਮੌਕੇ ਇੰਜੀਨੀਅਰ ਕਰੁਨੇਸ ਗਰਗ ਮੈਂਬਰ ਸੁਰੱਖਿਆ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਪਟਿਆਲਾ ਵੱਲੋਂ ਵੀ ਸੰਬੋਧਨ ਕੀਤਾ ਗਿਆ।
ਕਾਨਫਰੰਸ ਦੇ ਮੁੱਖ ਬੁਲਾਰੇ ਇੰਜੀਨੀਅਰ ਜੇ.ਐਸ. ਕਾਮਯੋਤਰਾ ਸਾਬਕਾ ਮੈਂਬਰ ਸੁਰੱਖਿਆ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਿੱਲੀ ਨੇ ਕਿਹਾ ਕਿ ਦਿੱਲੀ ਵਿੱਚ ਪ੍ਰਦੂਸਣ ਮੁੱਖ ਤੌਰ ’ਤੇ ਵਾਹਨਾਂ ਦੇ ਪ੍ਰਦੂਸਣ ਕਾਰਨ ਹੁੰਦਾ ਹੈ ਅਤੇ ਇਹ ਸਰਦੀਆਂ ਵਿੱਚ ਹਵਾ ਦੀ ਇਕਾਗਰਤਾ ਕਾਰਨ ਵਧਦਾ ਹੈ ਕਿਉਂਕਿ ਹਵਾ ਵਿੱਚ ਹੀ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਸਰਦੀਆਂ ਦੇ ਇਸ ਸਮੇਂ ਦੌਰਾਨ ਬਹੁਤ ਘੱਟ ਪੱਧਰ ਤੱਕ ਚਲੇ ਜਾਂਦੇ ਹਨ। ਇਸ ਕਾਰਨ ਗਰਮੀ ਦੇ ਮੌਸਮ ਦੇ ਮੁਕਾਬਲੇ ਪ੍ਰਦੂਸਣ ਵਧ ਜਾਂਦਾ ਹੈ। ਉਨ੍ਹਾਂ ਵੱਲੋਂ ਬੰਦ ਘਰਾਂ ਦੇ ਮੁਕਾਬਲੇ ਓਪਨ ਏਅਰ ਘਰਾਂ ਦੀ ਲੋੜ ਉੱਤੇ ਵੀ ਜੋਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਕਾਨਫ਼ਰੰਸ ਵਿੱਚ ਦੇਸ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 300 ਪ੍ਰਤੀਯੋਗੀਆਂ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ