ਅਮਨ-ਅਮਾਨ ਕਾਇਮ ਰੱਖਿਆ ਜਾਵੇ
ਲੁਧਿਆਣਾ ਦੇ ਅਦਾਲਤੀ ਕੰਪਲੈਕਸ ’ਚ ਹੋਇਆ ਬੰਬ ਧਮਾਕਾ ਚਿੰਤਾ ਦਾ ਵਿਸ਼ਾ ਹੈ ਇਸ ਬੰਬ ਧਮਾਕੇ ਨੂੰ ਅੱਤਵਾਦੀ ਹਮਲਾ ਜਾਂ ਫਿਦਾਈਨ ਹਮਲੇ ਵਜੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਧਮਾਕੇ ਤੋਂ ਕੁਝ ਘੰਟੇ ਬਾਅਦ ਹੀ ਐਨਆਈਏ ਦੀ ਟੀਮ ਪਹੁੰਚ ਗਈ ਤੇ ਸੂਬਾ ਪੁਲਿਸ ਵੀ ਸਰਗਰਮ ਹੋ ਗਈ ਵਿਧਾਨ ਸਭਾ ਚੋਣਾਂ ਦੇ ਨੇੜੇ ਹੋਏ ਹਮਲੇ ਦੇ ਕਈ ਅਰਥ ਕੱਢੇ ਜਾ ਰਹੇ ਹਨ। ਇਸ ਮਾਮਲੇ ਨੂੰ ਸਿਆਸੀ ਰੰਗਤ ਵੀ ਦਿੱਤੀ ਜਾ ਰਹੀ ਹੈ ਹਮਲੇ ਦੀ ਸਾਜਿਸ਼ ਪਿੱਛੇ ਕੌਣ ਹੈ ਇਹ ਤਾਂ ਸਮਾਂ ਆਉਣ ’ਤੇ ਪਤਾ ਲੱਗੇਗਾ ਪਰ ਇਹ ਜ਼ਰੂਰ ਹੈ ਕਿ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ ਪਿਛਲੇ ਕਰੀਬ ਇੱਕ ਸਾਲ ਤੋਂ ਸਰਹੱਦੀ ਖੇਤਰ ’ਚ ਜਿਸ ਤਰ੍ਹਾਂ ਪਾਕਿਸਤਾਨ ਵਾਲੇ ਪਾਸਿਓਂ ਡਰੋਨਾਂ ਦੀ ਆਮਦ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਉਸ ਨੇ ਸਾਬਤ ਕਰ ਦਿੱਤਾ ਸੀ ਕਿ ਵਿਦੇਸ਼ੀ ਤਾਕਤਾਂ ਭਾਰਤ ਖਾਸ ਕਰਕੇ ਪੰਜਾਬ ਵੱਲ ਬੁਰੀ ਨਜ਼ਰ ਨਾਲ ਵੇਖ ਰਹੀਆਂ ਹਨ।
ਇਹ ਮੁੱਦਾ ਕਈ ਮਹੀਨੇ ਪਹਿਲਾਂ ਉਸ ਸਮੇਂ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੇਂਦਰ ਕੋਲ ਵੀ ਉਠਾਇਆ ਸੀ ਪੰਜਾਬ ’ਚ ਟਿਫ਼ਿਨ ਬੰਬ ਮਿਲਣ ਦੀਆਂ ਸਿਲੇਸਿਲੇਵਾਰ ਘਟਨਾਵਾਂ ਵੀ ਵਾਪਰੀਆਂ ਇੱਕ ਮੋਟਰਸਾਈਕਲ ’ਚ ਧਮਾਕਾ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਜਿਸ ਪਿੱਛੇ ਵਿਦੇਸ਼ੀ ਹੱਥ ਹੋਣ ਦੀ ਚਰਚਾ ਵੀ ਚੱਲੀ ਅਜਿਹੇ ਹਾਲਾਤਾਂ ’ਚ ਪੰਜਾਬ ਸਰਕਾਰ ਤੇ ਪੁਲਿਸ ਨੂੰ ਪੂਰੀ ਮੁਸ਼ਤੈਦੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਚੋਣਾਂ ਨੇੜੇ ਹੋਣ ਕਾਰਨ ਸਿਆਸੀ ਸਰਗਮੀਆਂ ਜ਼ੋਰ ਫੜ ਚੁੱਕੀਆਂ ਹਨ ਇਹਨਾਂ ਦਿਨਾਂ ’ਚ ਸਿਆਸੀ ਆਗੂਆਂ ਦੀ ਸੁਰੱਖਿਆ ’ਤੇ ਵੀ ਵੱਡੀ ਗਿਣਤੀ ਸੁਰੱਖਿਆ ਅਮਲਾ ਰੁੱਝ ਜਾਂਦਾ ਹੈ। ਅਜਿਹੇ ਸਮੇਂ ’ਚ ਸੁਰੱਖਿਆ ਤੇ ਸੂਹੀਆ ਏਜੰਸੀਆਂ ਦੀ ਜਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਚੋਣਾਂ ਲੋਕਤੰਤਰ ਦੀ ਆਤਮਾ ਹਨ ਚੋਣਾਂ ਨੂੰ ਸਫ਼ਲਤਾਪੂਰਵਕ ਸਿਰੇ ਚੜ੍ਹਾਉਣ ਲਈ ਅੱਤਵਾਦੀ ਸਾਜਿਸ਼ਾਂ ਨਾਲ ਨਜਿੱਠਣ ਵਾਸਤੇ ਸੁਰੱਖਿਆ ਦੇ ਮੱਦੇਨਜ਼ਰ ਕੋਈ ਕਸਰ ਨਹੀਂ ਛੱਡਣੀ ਚਾਹੀਦੀ ਪੰਜਾਬ ਨੇ 1980 ਦੇ ਦਹਾਕੇ ’ਚ ਅੱਤਵਾਦ ਦੇ ਕਾਲੇ ਦੌਰ ਦਾ ਸੰਤਾਪ ਹੰਢਾਇਆ ਹੈ ਜਿਸ ਦੌਰਾਨ ਪੰਜਾਬ ਨੂੰ ਵੱਡੇ ਜਾਨੀ ਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।
ਚੰਗੀ ਗੱਲ ਹੈ ਕਿ ਪੰਜਾਬੀਆਂ ਦੀ ਭਾਈਚਾਰਕ ਏਕਤਾ ਤੇ ਸਦਭਾਵਨਾ ਅੱਗੇ ਅੱਤਵਾਦ ਹਾਰ ਗਿਆ ਤੇ ਸੂਬਾ ਸੰਭਲ ਗਿਆ ਪਰ ਹੁਣ ਫ਼ਿਰ ਅੱਤਵਾਦ ਦੀ ਚੰਦਰੀ ਨਜ਼ਰ ਪੰਜਾਬ ’ਤੇ ਪੈ ਰਹੀ ਹੈ ਕੇਂਦਰ ਤੇ ਸੂਬਾ ਸਰਕਾਰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਤਾਂ ਕਿ ਆਮ ਜਨਤਾ ’ਚ ਕਿਸੇ ਤਰ੍ਹਾਂ ਦੀ ਅਸੁਰੱਖਿਆ ਦੀ ਭਾਵਨਾ ਪੈਦਾ ਨਾ ਹੋਵੇ ਅਮਨ-ਅਮਾਨ ਦੇਸ਼ ਦੀ ਅਖੰਡਤਾ, ਏਕਤਾ, ਵਿਕਾਸ ਤੇ ਖੁਸ਼ਹਾਲੀ ਦੀ ਪਹਿਲੀ ਜ਼ਰੂਰਤ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ