ਪਲਾਨਿੰਗ ਬੋਰਡ ਤੇ ਵੇਰਕਾ ਦੇ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਸਾਥੀਆਂ ਸਮੇਤ ਕੈਪਟਨ ਦੀ ਬੇੜੀ ’ਚ ਸਵਾਰ
(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਨੇ ਜ਼ਿਲ੍ਹਾ ਸੰਗਰੂਰ ’ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਵੱਡਾ ਝਟਕਾ ਦਿੰਦਿਆਂ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਜਿਹੜੇ ਮੌਜ਼ੂਦਾ ਸਮੇਂ ਵਿੱਚ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਅਤੇ ਵੇਰਕਾ ਮਿਲਕ ਪਲਾਂਟ ਸੰਗਰੂਰ ਦੇ ਚੇਅਰਮੈਨ ਵੀ ਹਨ, ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਹੈ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਅਤਿ ਨੇੜਲੇ ਸਾਥੀ ਰਹੇ ਰਾਜਿੰਦਰ ਸਿੰਘ ਰਾਜਾ ਨੇ ਅੱਜ ਆਪਣੇ ਸਾਥੀਆਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਕਬੂਲਦਿਆਂ ਕਾਂਗਰਸ ਛੱਡ ਕੇ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋਣ ਫੈਸਲਾ ਕੀਤਾ।
ਹਾਸਲ ਜਾਣਕਾਰੀ ਮੁਤਾਬਕ ਜ਼ਿਲ੍ਹਾ ਸੰਗਰੂਰ ਦੀ ਕਾਂਗਰਸ ਦੀ ਰਾਜਨੀਤੀ ਵਿੱਚ ਰਾਜਿੰਦਰ ਸਿੰਘ ਰਾਜਾ ਦਾ ਕਾਂਗਰਸ ਪਾਰਟੀ ਵਿੱਚ ਕਾਫ਼ੀ ਸਰਗਰਮ ਭੂਮਿਕਾ ਸੀ ਅਤੇ ਉਹ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਅਤਿ ਭਰੋਸੇਮੰਦ ਤੇ ਨੇੜਲੇ ਸਾਥੀਆਂ ਵਿੱਚੋਂ ਸਨ ਸਿੰਗਲਾ ਦੀ ਮਿਹਰਬਾਨੀ ਕਰਕੇ ਰਾਜਿੰਦਰ ਸਿੰਘ ਰਾਜਾ ਨੂੰ ਪਹਿਲਾਂ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਦਾ ਪ੍ਰਧਾਨ ਬਣਾਇਆ ਗਿਆ, ਇਸ ਤੋਂ ਬਾਅਦ ਜ਼ਿਲ੍ਹਾ ਪਲਾਨਿੰਗ ਬੋਰਡ ਦੀ ਚੇਅਰਮੈਨੀ ਵੀ ਦਿੱਤੀ ਗਈ ਇਸ ਪਿਛੋਂ ਵੇਰਕਾ ਮਿਲਕ ਪਲਾਂਟ ਦੇ ਚੇੇਅਰਮੈਨ ਦੀ ਹੋਈ ਚੋਣ ਵਿੱਚ ਵੀ ਰਾਜਿੰਦਰ ਸਿੰਘ ਰਾਜਾ ਨੂੰ ਚੇਅਰਮੈਨ ਬਣਾ ਦਿੱਤਾ ਗਿਆ ਜ਼ਿਲ੍ਹਾ ਸੰਗਰੂਰ ਵਿੱਚ ਇਸ ਦੀ ਕਾਂਗਰਸੀਆਂ ਵਿੱਚ ਭਾਰੀ ਚਰਚਾ ਸੀ ਕਿ ਰਾਜਾ ਨੂੰ ਦੋ-ਦੋ ਚੇਅਰਮੈਨੀਆਂ ਹਾਸਲ ਸਨ ਜਦੋਂ ਕਿ ਕਈ ਕਾਂਗਰਸੀਆਂ ਨੂੰ ਹਾਲੇ ਤੱਕ ਇੱਕ ਵੀ ਅਹੁਦਾ ਨਹੀਂ ਸੀ ਮਿਲਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਰਾਜਿੰਦਰ ਸਿੰਘ ਰਾਜਾ ਦੇ ਪੰਜਾਬ ਲੋਕ ਕਾਂਗਰਸ ਵਿੱਚ ਜਾਣ ਦਾ ਫੈਸਲਾ ਖੁਦ ਦਾ ਹੈ ਅਤੇ ਇਸ ਵਿੱਚ ਉਹ ਕੁਝ ਨਹੀਂ ਕਹਿ ਸਕਦੇ ਉਨ੍ਹਾਂ ਕਿਹਾ ਕਿ ਰਾਜਾ ਉਨ੍ਹਾਂ ਦੇ ਅਤਿ ਨੇੜਲੇ ਸਾਥੀ ਤੇ ਕਾਂਗਰਸ ਪਾਰਟੀ ਦੇ ਸਰਗਰਮ ਆਗੂ ਸਨ ਪਰ ਉਨ੍ਹਾਂ ਨੇ ਅਜਿਹਾ ਫੈਸਲਾ ਕਿਉਂ ਲਿਆ ਇਸ ਬਾਰੇ ਉਹ ਕੁਝ ਨਹੀਂ ਦੱਸ ਸਕਦੇ ਉਨ੍ਹਾਂ ਕਿਹਾ ਕਿ ਮੈਂ ਬੀਤੇ ਦਿਨ ਤੋਂ ਸਪੱਸ਼ਟ ਕਰ ਦਿੱਤਾ ਸੀ ਕਿ ਮੈਂ ਕਾਂਗਰਸ ਪਾਰਟੀ ਦਾ ਵਫ਼ਾਦਾਰ ਹਾਂ ਅਤੇ ਪਾਰਟੀ ਵਿੱਚ ਹੀ ਰਹਾਂਗਾ।
ਇਹ ਤਾਂ ਹਾਲੇ ਸ਼ੁਰੂਆਤ ਹੈ, ਅੱਗੇ-ਅੱਗੇ ਦੇਖੋ ਕੀ ਹੁੰਦਾ : ਰਾਜਾ
ਇਸ ਸਬੰਧੀ ਗੱਲਬਾਤ ਕਰਦਿਆਂ ਰਾਜਿੰਦਰ ਰਾਜਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਜਿਸ ਕਾਰਨ ਵਰਕਰਾਂ ਵਿੱਚ ਰੋਸ ਦੀ ਭਾਵਨਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਹਾਲੇ ਸ਼ੁਰੂਆਤ ਹੈ, ਪੰਜਾਬ ਪ੍ਰਦੇਸ਼ ਕਾਂਗਰਸ ਵਿੱਚੋਂ ਵੱਡੀ ਗਿਣਤੀ ਮੋਹਰੀ ਆਗੂ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ ਬਹੁਤ ਕੁਝ ਹਾਸਲ ਕੀਤਾ ਹੈ ਪਰ ਹੁਣ ਕਾਂਗਰਸ ਲੀਡਰ ਤੋਂ ਸੱਖਣੀ ਹੋ ਚੁੱਕੀ ਹੈ ਜਿਸ ਕਾਰਨ ਹਰੇਕ ਆਗੂ ਆਪ ਮੁਹਾਰਾ ਬਣਿਆ ਹੋਇਆ ਹੈ।
ਰਾਜੇ ਨੂੰ ਕਾਂਗਰਸ ਨੇ ਜਿੰਨਾ ਦਿੱਤਾ, ਹੋਰ ਕਿਸੇ ਨੂੰ ਨਹੀਂ ਮਿਲਦਾ : ਸਤੀਸ਼ ਕਾਂਸਲ
ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਕਾਂਗਰਸੀ ਆਗੂ ਸਤੀਸ਼ ਕਾਂਸਲ ਨੇ ਕਿਹਾ ਕਿ ਰਾਜਿੰਦਰ ਰਾਜਾ ਵੱਲੋਂ ਕਾਂਗਰਸ ਪਾਰਟੀ ਛੱਡਣ ਦਾ ਫੈਸਲਾ ਬਹੁਤ ਹੀ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰ ਸਿੰਘ ਰਾਜਾ ਵਰਗੇ ਆਗੂਆਂ ਨੇ ਕਾਂਗਰਸ ਪਾਰਟੀ ਨੇ ਹਮੇਸ਼ਾ ਅੱਖਾਂ ’ਤੇ ਬਿਠਾ ਕੇ ਰੱਖਿਆ, ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨਗੀ ਦਿੱਤੀ, ਜ਼ਿਲ੍ਹਾ ਪਲਾਨਿੰਗ ਬੋਰਡ ਤੇ ਵੇਰਕਾ ਦੀਆਂ ਦੋ-ਦੋ ਚੇਅਰਮੈਨੀਆਂ ਮਿਲੀਆਂ ਪਰ ਹੁਣ ਜਦੋਂ ਚੋਣ ਜ਼ਾਬਤਾ ਲੱਗਣ ਵਾਲਾ ਹੈ ਕਾਂਗਰਸ ਪਾਰਟੀ ਨੂੰ ਉਸ ਦੀ ਲੋੜ ਸੀ ਤਾਂ ਰਾਜਾ ਪਾਰਟੀ ਨੂੰ ਪਿੱਠ ਵਿਖਾ ਕੇ ਭੱਜ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ