ਸੁਖਬੀਰ ਬਾਦਲ ਅਤੇ ਪਰਕਾਸ਼ ਸਿੰਘ ਬਾਦਲ ਖ਼ੁਦ ਪੁੱਜੇ ਬ੍ਰਹਮਪੁਰਾ ਦੇ ਘਰ, ਅਕਾਲੀ ਦਲ ’ਚ ਕਰਵਾਇਆ ਸ਼ਾਮਲ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਉੱਘੇ ਅਕਾਲੀ ਸਿਆਸਤਦਾਨ ਰਣਜੀਤ ਸਿੰਘ ਬ੍ਰਹਮਪੁਰਾ ਦੀ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲਪ ਦਲ ਵਿੱਚ ਵਾਪਸੀ ਹੋ ਗਈ ਹੈ। ਬ੍ਰਹਮਪੁਰਾ ਆਪਣੀ ਸਮੁੱਚੀ ਟੀਮ ਨਾਲ ਵਾਪਸ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਰਣਜੀਤ ਸਿੰਘ ਬ੍ਰਹਮਪੁਰਾ ਨੂੰ ਘਰ ਵਾਪਸੀ ਕਰਵਾਉਣ ਲਈ ਖ਼ੁਦ ਪਰਕਾਸ਼ ਸਿੰਘ ਬਾਦਲ ਚੰਡੀਗੜ ਵਿਖੇ ਸਥਿਤ ਉਨਾਂ ਦੇ ਘਰ ਪੁੱਜੇ। ਪਰਕਾਸ਼ ਸਿੰਘ ਬਾਦਲ ਪਿਛਲੇ 2-3 ਸਾਲ ਬਾਅਦ ਮੁੜ ਤੋਂ ਸਰਗਰਮ ਦਿਖਾਈ ਦੇ ਰਹੇ ਹਨ ਅਤੇ ਬ੍ਰਹਮਪੁਰਾ ਨੂੰ ਵਾਪਸ ਲੈ ਕੇ ਆਉਣ ਵਿੱਚ ਖ਼ੁਦ ਪਰਕਾਸ਼ ਸਿੰਘ ਬਾਦਲ ਨੇ ਹੀ ਭੂਮਿਕਾ ਨਿਭਾਈ ਹੈ।
ਸ਼੍ਰੋਮਣੀ ਅਕਾਲੀ ਦਲ ਵਿੱਚ ਉਨਾਂ ਦੀ ਵਾਪਸੀ ਦੇ ਨਾਲ ਹੀ ਉਨਾਂ ਨੂੰ ਪਾਰਟੀ ਦਾ ਮੀਤ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਰਕਾਸ਼ ਸਿੰਘ ਬਾਦਲ ਪਾਰਟੀ ਦੇ ਸਰਪ੍ਰਸਤ ਹਨ। ਇਸ ਮੌਕੇ ਸਰਦਾਰ ਬ੍ਰਹਮਪੁਰਾ ਨੇ ਕਿਹਾ ਕਿ ਮੈਂ ਉਸੇ ਤਰੀਕੇ ਆਪਣੀ ਮਾਂ ਪਾਰਟੀ ਤੋਂ ਕੁਝ ਸਮੇਂ ਲਈ ਛੁੱਟੀ ’ਤੇ ਗਿਆ ਸੀ ਜਿਵੇਂ ਫੌਜੀ ਜਾਂਦੇ ਹਨ ਤੇ ਫਿਰ ਕੁਝ ਸਮੇਂ ਬਾਅਦ ਵਾਪਸ ਆਪਣੀ ਬਟਾਲੀਅਨ ਵਿੱਚ ਪਰਤ ਆਉੰਦੇ ਹਨ। ਉਨਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਅਤੇ ਹੁਣ ਪਾਰਟੀ ਨੁੰ ਮਜ਼ਬੂਤ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਉਨਾਂ ਕਿਹਾ ਕਿ ਅਸੀਂ ਘਰ ਘਰ ਜਾ ਕੇ ਸੂਬੇ ਵਿਚ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕਰਾਂਗੇ।
ਸ. ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਭਾਵੇਂ ਉਨਾਂ ਗਲਤੀ ਕਰ ਲਈ ਸੀ ਪਰ ਇਹ ਜਾਣ ਬੁੱਝ ਕੇ ਨਹੀਂ ਕੀਤੀ ਸੀ ਅਤੇ ਪਾਰਟੀ ਨੂੰ ਉਨਾਂ ਤੋਂ ਹੋਈਆਂ ਗਲਤੀਆਂ ਲਈ ਮੁਆਫ ਕਰ ਦੇਣਾ ਚਾਹੀਦਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬ੍ਰਹਮਪੁਰਾ ਦੇ ਤਜ਼ਰਬੇ ਤੋਂ ਵੱਡਾ ਲਾਭ ਮਿਲੇਗਾ ਤੇ ਬ੍ਰਹਮਪੁਰਾ ਉਨਾਂ ਲਈ ਪਿਤਾ ਸਮਾਨ ਹਨ। ਉਨਾਂ ਕਿਹਾ ਸਿਰਫ ਅਕਾਲੀ ਦਲ ਹੀ ਪੰਜਾਬ ਦੀ ਪ੍ਰਤੀਨਿਧ ਪਾਰਟੀ ਹੈ ਜੋ ਮੀਰੀ ਪੀਰੀ ਦੇ ਸਿਧਾਂਤ ਮੁਤਾਬਕ ਚੱਲਦੀ ਹੈ ਤੇ ਉਨਾਂ ਨੇ ਸਭ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਤਾਂ ਜੋ ‘ਅਕਾਲੀ ਦਲ ਦੀ ਸਰਕਾਰ’ ਬਣ ਸਕੇ। ਇਸ ਮੌਕੇ ਹਾਜ਼ਰ ਹੋਰ ਸੀਨੀਅਰ ਆਗੂਆਂ ਵਿਚ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ ਤੇ ਐਨ ਕੇ ਸ਼ਰਮਾ ਸ਼ਾਮਲ ਸਨ।