ਮਾਸੀ ਦੀ ਲੜਕੀ ਨੇ ਹੀ ਕਰਵਾਈ ਸੀ ਵਾਰਦਾਤ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਅਕਾਲ ਅਕੈਡਮੀ ਬਲਬੇੜਾ ਦੇ ਬਾਹਰ ਖੜ੍ਹੀ ਸਵਿਫਟ ਕਾਰ ’ਚੋਂ ਗੱਡੀ ਦਾ ਸ਼ੀਸ਼ਾ ਭੰਨਕੇ 8 ਲੱਖ 25 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਤਿੰਨਾਂ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਪੁਲਿਸ ਅਨੁਸਾਰ ਉਕਤ ਵਾਰਦਾਤ ਨੂੰ ਮਾਸੀ ਦੀ ਲੜਕੀ ਵੱਲੋਂ ਹੀ ਕਰਵਾਇਆ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕਰਨ ਲਈ ਐਸ.ਪੀ. (ਡੀ) ਡਾ: ਮਹਿਤਾਬ ਸਿੰਘ, ਡੀ.ਐਸ.ਪੀ. (ਡੀ) ਅਜੈਪਾਲ ਸਿੰਘ, ਡੀਐਸਪੀ ਦਿਹਾਤੀ ਸੁਖਮਿੰਦਰ ਸਿੰਘ ਚੌਹਾਨ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ, ਇੰਸਪੈਕਟਰ ਮਨਪ੍ਰੀਤ ਸਿੰਘ ਦੀ ਸਪੈਸ਼ਲ ਟੀਮ ਗਠਿਤ ਕੀਤੀ ਗਈ।
ਉਨ੍ਹਾਂ ਦੱਸਿਆ ਕਿ 8 ਦਸੰਬਰ ਨੂੰ ਅਕਾਲ ਅਕੈਡਮੀ ਬਲਬੇੜਾ ਦੇ ਬਾਹਰ ਖੜ੍ਹੀ ਸਵਿਫ਼ਟ ਕਾਰ ਵਿੱਚੋਂ ਕੁੱਝ ਅਣਪਛਾਤੇ ਬਲੈਨੌ ਕਾਰ ਸਵਾਰ ਵਿਅਕਤੀਆਂ ਵੱਲੋਂ ਗੱਡੀ ਦਾ ਸ਼ੀਸ਼ਾ ਭੰਨਕੇ ਗੱਡੀ ਵਿੱਚ ਰੱਖੇ ਹੋਏ ਪੈਸਿਆਂ ਵਾਲੇ ਬੈਗ ਦੀ ਲੁੱਟ ਕਰ ਲਈ ਗਈ ਸੀ, ਜਿਸ ਸਬੰਧੀ ਮਲਕੀਤ ਸਿੰਘ ਉਰਫ਼ ਟਿੰਕਾ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਉਸ ਦੇ ਬਿਆਨਾਂ ਮੁਤਾਬਕ ਆਪਣੀ ਭੈਣ ਪਰਵਿੰਦਰ ਕੌਰ ਦੇ ਵਿਆਹ ਲਈ 8 ਲੱਖ 25 ਹਜ਼ਾਰ ਰੁਪਏ ਪਿੰਡ ਅਗੌਦ ਵਿਖੇ ਰਹਿੰਦੇ ਆਪਣੇ ਇੱਕ ਰਿਸ਼ਤੇਦਾਰ ਤੋਂ ਲਏ ਹੋਏ ਸੀ, ਇਨ੍ਹਾਂ ਪੈਸਿਆਂ ਨੂੰ ਵਾਪਸ ਕਰਨ ਲਈ ਆਪਣੀ ਮਾਸੀ ਦੀ ਲੜਕੀ ਅਮਰਜੀਤ ਕੌਰ ਨਾਲ ਅਗੌਧ ਜਾ ਰਿਹਾ ਸੀ ਅਮਰਜੀਤ ਕੌਰ ਦੀ ਲੜਕੀ ਗੁਰਨੂਰ ਕੌਰ, ਜੋ ਕਿ ਅਕਾਲ ਅਕੈਡਮੀ ਬਲਬੇੜਾ ਵਿਖੇ ਪੜ੍ਹਦੀ ਹੈ, ਜੋ ਰਸਤੇ ਵਿੱਚ ਅਮਰਜੀਤ ਕੌਰ ਨੇ ਆਪਣੀ ਲੜਕੀ ਦੀ ਫ਼ੀਸ ਭਰਨ ਲਈ ਅਕਾਲ ਅਕੈਡਮੀ ਬਲਬੇੜਾ ਵਿਖੇ ਜਾਣ ਲਈ ਕਿਹਾ ਤਾਂ ਇਹ ਦੋਵੇਂ ਕਾਰ ਨੂੰ ਅਕਾਲ ਅਕੈਡਮੀ ਦੇ ਬਾਹਰ ਪਾਰਕ ਕਰਕੇ ਫ਼ੀਸ ਭਰਨ ਲਈ ਸਕੂਲ ਦੇ ਅੰਦਰ ਚਲੇ ਗਏ ਇਸੇ ਦਰਮਿਆਨ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੱਡੀ ਵਿੱਚੋਂ 8 ਲੱਖ 25 ਹਜ਼ਾਰ ਰੁਪਏ ਦੀ ਲੁੱਟ ਕਰ ਲਈ ਗਈ ਸੀ।
ਕੇਸ ਦੀ ਡੂੰਘਾਈ ਨਾਲ ਕੀਤੀ ਗਈ ਤਫ਼ਤੀਸ਼ ਦੌਰਾਨ ਕੁਝ ਅਹਿਮ ਸਬੂਤ ਹੱਥ ਲੱਗੇ ਕਿ ਇਹ ਵਾਰਦਾਤ ਮੁੱਦਈ ਦੀ ਮਾਸੀ ਦੀ ਲੜਕੀ ਅਮਰਜੀਤ ਕੌਰ ਨੇ ਹੀ ਕਰਵਾਈ ਹੈ ਅਮਰਜੀਤ ਕੌਰ ਕਾਫ਼ੀ ਦੇਰ ਤੋਂ ਗੁਰਜੀਤ ਸਿੰਘ ਉਰਫ਼ ਸੋਨੂੰ ਜੋ ਕਿ ਫ਼ੌਜ ਵਿੱਚ ਨੌਕਰੀ ਕਰਦਾ ਹੈ, ਦੇ ਸੰਪਰਕ ਵਿੱਚ ਸੀ ਅਤੇ ਗੁਰਜੀਤ ਸਿੰਘ ਨੇ ਹੀ ਆਪਣੇ 2 ਹੋਰ ਸਾਥੀਆਂ ਲਖਦੀਪ ਸਿੰਘ ਉਰਫ਼ ਲੱਖੀ ਅਤੇ ਰਸ਼ਪਿੰਦਰ ਸਿੰਘ ਨਾਲ ਮਿਲਕੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਜੀਤ ਸਿੰਘ, ਲਖਦੀਪ ਸਿੰਘ ਅਤੇ ਅਮਰਜੀਤ ਕੌਰ ਨੂੰ ਬਲਬੇੜਾ ਦੇ ਨੇੜੇ ਤਂੋ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਪਾਸੋਂ 6 ਲੱਖ 40 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ ਅਤੇ ਗੁਰਜੀਤ ਸਿੰਘ ਪਾਸੋਂ ਇੱਕ ਏਅਰ ਪਿਸਟਲ ਵੀ ਬਰਾਮਦ ਕੀਤਾ ਗਿਆ ਹੈ ਇਸ ਤੋਂ ਇਲਾਵਾ ਜਿਸ ਬਲੈਨੋ ਕਾਰ ਵਿੱਚ ਇਨ੍ਹਾਂ ਨੇ ਇਹ ਵਾਰਦਾਤ ਕੀਤੀ ਸੀ, ਵੀ ਬਰਾਮਦ ਕਰ ਲਈ ਗਈ ਹੈ। ਇਹ ਬਲੈਨੋ ਕਾਰ ਵੀ ਗੁਰਜੀਤ ਸਿੰਘ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲਕੇ ਪਿਹੋਵਾ (ਹਰਿਆਣਾ) ਤੋਂ ਚੋਰੀ ਕੀਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ