ਚੰਨੀ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ, ਚੰਨੀ ਸਿਰਫ਼ ਆਮ ਆਦਮੀ ਹੋਣ ਦਾ ਰੱਚ ਰਿਹੈ ਡਰਾਮਾ : ਆਗੂ
ਔਰਤ ਕਿਸਾਨ ਆਗੂਆਂ ਵੱਲੋਂ ਸਰਕਾਰ ਵਿਰੁੱਧ ਤਾਬੜਤੋੜ ਹਮਲੇ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਲਗਾਤਰ ਜਾਰੀ ਹਨ। ਅੱਜ ਦੂਜੇ ਦਿਨ ਕਿਸਾਨਾਂ ਵੱਲੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੁੱਖ ਗੇਟਾਂ ਨੂੰ ਤਾਲੇ ਮਾਰ ਕੇ ਬੰਦ ਕਰ ਦਿੱਤਾ ਗਿਆ ਅਤੇ ਗੇਟਾਂ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਦਫ਼ਤਰਾਂ ਦੇ ਮੁੱਖ ਗੇਟਾਂ ਦੇ ਘਿਰਾਓ ਤੋਂ ਬਾਅਦ ਕਿਸਾਨ ਔਰਤਾਂ ਵੱਲੋਂ ਸਟੇਜ ਦੀ ਕਾਰਵਾਈ ਚਲਾਈ ਗਈ ਅਤੇ ਔਰਤ ਕਿਸਾਨ ਆਗੁੂਆਂ ਨੇ ਚੰਨੀ ਸਰਕਾਰ ਨੂੰ ਜ਼ੋਰਦਾਰ ਰਗੜੇ ਲਾਏ।
ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ 20 ਦਸੰਬਰ ਤੋਂ ਲੈਕੇ 24 ਦਸੰਬਰ ਤੱਕ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਆਪਣੇ ਮੋਰਚੇ ਸ਼ੁਰੂ ਕੀਤੇ ਹੋਏ ਹਨ। ਕਿਸਾਨਾਂ ਵੱਲੋਂ ਦਿੱਲੀ ਦੀ ਤਰਜ਼ ਤੇ ਹੀ ਆਪਣੀਆਂ ਟਰਾਲੀਆਂ ਖੜ੍ਹੀਆਂ ਕੀਤੀਆਂ ਹੋਈਆਂ ਹਨ। ਕਿਸਾਨਾਂ ਵੱਲੋਂ ਟਰਾਲੀਆਂ ’ਚ ਹੀ ਠੰਢੀਆਂ ਰਾਤਾਂ ਗੁਜਾਰੀਆਂ ਜਾ ਰਹੀਆਂ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਕਾਂਗਰਸ ਸਰਕਾਰ ਵੱਲੋਂ ਚੋਣਾਂ ਮੌਕੇ ਕਿਸਾਨਾਂ ਸਮੇਤ ਹਰੇਕ ਵਰਗ ਨਾਲ ਅਨੇਕਾਂ ਵਾਅਦੇ ਕੀਤੇ ਗਏ ਸਨ ਜਿਨ੍ਹਾਂ ਨੂੰ ਪੂਰਾ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਸਾਡੀਆਂ ਮੰਗਾਂ ਗੁਲਾਬੀ ਸੁੰਡੀ ਨਾਲ ਹੋਈ ਨਰਮੇ ਦੀ ਤਬਾਹੀ ਅਤੇ ਗੜੇ੍ਹਮਾਰੀ ਨਾਲ ਝੋਨੇ ਤੇ ਹੋਰ ਫਸਲਾਂ ਦੀ ਤਬਾਹੀ ਦਾ ਮੁਆਵਜ਼ਾ ਕਾਸ਼ਤਕਾਰ ਕਿਸਾਨਾਂ ਨੂੰ ਸਤਾਰਾਂ ਹਜ਼ਾਰ ਰੁਪਏ ਪ੍ਰਤੀ ਏਕੜ ਤੇ ਖੇਤ ਮਜ਼ਦੂਰਾਂ ਨੂੰ ਵੱਖਰਾ ਦਸ ਫੀਸਦੀ ਤੁਰੰਤ ਅਦਾ ਕਰੇ ।
ਸਰਕਾਰ ਵੱਲੋਂ ਵਧਾ ਕੇ ਐਲਾਨਿਆ ਗਿਆ ਗੰਨੇ ਦਾ ਰੇਟ 360 ਰੁਪਏ ਪ੍ਰਤੀ ਕੁਇੰਟਲ ਦੀ ਪਰਚੀ ਕਿਸਾਨਾਂ ਨੂੰ ਹਰੇਕ ਖੰਡ ਮਿੱਲ ਵੱਲੋਂ ਦਿੱਤੀਆਂ ਜਾਣ ਦੀ ਗਾਰੰਟੀ ਦੇਵੇ । ਖੁਦਕੁਸ਼ੀ ਪੀੜ੍ਹਤ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਤਿੰਨ-ਤਿੰਨ ਲੱਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਇੱਕ-ਇੱਕ ਜੀਅ ਨੂੰ ਸਰਕਾਰੀ ਨੌਕਰੀ ਤੁਰੰਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਪੰਜ ਏਕੜ ਤਕ ਮਾਲਕੀ ਵਾਲੇ ਕਿਸਾਨਾਂ ਲਈ ਐਲਾਨੀ ਗਈ ਦੋ ਲੱਖ ਰੁਪਏ ਤੱਕ ਦੀ ਕਰਜ਼ਾ ਮੁਆਫ਼ੀ ਬਿਨਾਂ ਸ਼ਰਤ ਸਾਰੇ ਕਿਸਾਨਾਂ ਨੂੰ ਤੁਰੰਤ ਦਿੱਤੀ ਜਾਵੇ । ਇਸ ਤੋਂ ਇਲਾਵਾ ਕਿਸਾਨਾਂ ਦੀਆਂ ਹੋਰ ਅਨੇਕਾਂ ਮੰਗਾਂ ਚੰਨੀ ਸਰਕਾਰ ਵੱਲੋਂ ਤੁਰੰਤ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਸੰਘਰਸ ਪੰਜ ਦਿਨਾਂ ਤੋਂ ਅੱਗੇ ਵੀ ਵੱਧ ਸਕਦਾ ਹੈ।
ਅੱਜ ਦੇ ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਔਰਤਾਂ ਨੇ ਹਿੱਸਾ ਲਿਆ ਅਤੇ ਚੰਨੀ ਸਰਕਾਰ ਖਿਲਾਫ ਤਾਬੜਤੋੜ ਹਮਲੇ ਕੀਤੇ। ਇਸ ਦੌਰਾਨ ਕਿਸਾਨ ਔਰਤਾਂ ਗੁਰਦੀਪ ਕੌਰ ਬਰਾਸ, ਅਮਨਦੀਪ ਕੌਰ ਦੌਣਕਲਾਂ, ਦਵਿੰਦਰ ਕੌਰ ਹਰਦਾਸਪੁਰ ਅਤੇ ਸਨੇਹਦੀਪ ਕੌਰ ਨੇ ਕਿਹਾ ਕਿ ਸਰਕਾਰਾਂ ਹੁਣ ਆਪਣੇ ਵਾਅਦੇ ਕਰਕੇ ਨਹੀਂ ਭੱਜ ਸਕਦੀਆਂ ਅਤੇ ਇਨ੍ਹਾਂ ਨੂੰ ਲੋਕਾਂ ਦੀ ਕਚਿਹਰੀ ਵਿੱਚ ਜਵਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦਾ ਹਰੇਕ ਵਰਗ ਜਾਗਰੂਕ ਹੋ ਚੁੱਕਾ ਹੈ। ਇਸ ਮੌਕੇ ਜਸਵੰਤ ਸਿੰਘ ਸਦਰਪੁਰ, ਜਸਵਿੰਦਰ ਸਿੰਘ ਬਰਾਸ, ਕਰਨੈਲ ਸਿੰਘ ਲੰਗ, ਗੁਰਦੇਵ ਸਿੰਘ ਗੱਜੂਮਾਜਰਾ, ਹਰਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ