ਚੰਨੀ ਸਰਕਾਰ ਵੱਲੋਂ ਬਾਂਹ ਮਰੋੜ ਕੇ ਸਿਰਫ਼ ਕੱਢੀਆਂ ਜਾ ਰਹੀਆਂ ਨੇ ਦੁਸ਼ਮਣੀਆਂ
ਭਾਜਪਾ ਨਾਲ ਮਿਲ ਕੇ ਪੰਜਾਬ ਨੂੰ ਦੇਵਾਗੇ ਚੰਗੀ ਸਰਕਾਰ : ਅਮਰਿੰਦਰ ਸਿੰਘ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਚੰਨੀ ਸਰਕਾਰ ਵੱਲੋਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਖਿਲਾਫ਼ ਦਰਜ਼ ਕੀਤੇ ਗਏ ਕੇਸ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਜੀਠੀਆ ਦੀ ਪਿੱਠ ’ਤੇ ਆ ਗਏ ਹਨ। ਉਨ੍ਹਾਂ ਨੇ ਇਸ ਕੇਸ ਨੂੰ ਰਾਜਸੀ ਹਿੱਤਾਂ ਤੋਂ ਪ੍ਰੇਰਿਤ ਦੱਸਦਿਆ ਇਸ ਪਰਚੇ ਨੂੰ ਗਲਤ ਦੱਸਿਆ ਹੈ। ਅਮਰਿੰਦਰ ਸਿੰਘ ਅੱਜ ਆਪਣੇ ਜ਼ਿਲ੍ਹੇ ਦੇ ਰਾਜਪੁਰਾ ਵਿਖੇ ਪੁੱਜੇ ਹੋਏ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਡਰੱਗਜ਼ ਮਾਮਲੇ ’ਤੇ ਅਧਾਰਤ ਕੇਸ ਦੇ ਹਰ ਪਹਿਲੂ ਨੂੰ ਉਹ ਡੂੰਘਾਈ ਨਾਲ ਜਾਣਦੇ ਹਨ। ਕੈਪਟਨ ਦਾ ਕਹਿਣਾ ਸੀ ਕਿ ਬਿਨਾਂ ਕਿਸੇ ਗਵਾਹੀ ਤੇ ਬਿਨਾ ਕਿਸੇ ਸਬੂਤ ਤੋਂ ਕੇਸ ਦਰਜ ਕਰਨਾ ਸਰਾਸਰ ਗਲਤ ਹੈ।
ਉਨ੍ਹਾਂ ਕਿਹਾ ਕਿ ਹਾਈਕੋਰਟ ’ਚ ਇਹ ਕੇਸ ਅਜੇ ਖੁੱਲਿਆ ਹੀ ਨਹੀਂ। ਚੰਨੀ ਸਰਕਾਰ ਵੱਲੋਂ ਬਾਹ ਮਰੋੜ ਕੇ ਸਿਰਫ਼ ਦੁਸ਼ਮਣੀਆਂ ਹੀ ਕੱਢੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸਬੂਤਾਂ ਤੋਂ ਕਿਸੇ ਨੂੰ ਵੀ ਫੜ੍ਹ ਦੇ ਅੰਦਰ ਕਰ ਦੇਵੋ, ਕੀ ਇਸ ਦੇਸ਼ ’ਚ ਕੋਈ ਕਾਨੂੰਨ ਨਹੀਂ ਹੈ? ਅਮਰਿੰਦਰ ਸਿੰਘ ਨੇ ਕਿਹਾ ਕਿ ਜਿਹੜਾ ਕੁਝ ਅੱਜ ਚੰਨੀ ਕਹਿ ਰਿਹਾ ਹੈ, ਇਹ ਕੰਮ ਮੇਰੇ ਹੁੰਦਿਆ ਹੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਜੋਂ ਪ੍ਰੋਜੈਕਟ ਵਰਲਡ ਬੈਂਕ ਆਦਿ ਦੇ ਹੁੰਦੇ ਹਨ, ਉਹ 4 ਮਹੀਨਿਆਂ ਤੋਂ ਲੈ ਕੇ ਸਾਢੇ ਚਾਰ ਸਾਲ ਤੱਕ ਲਾਗੂ ਹੁੰਦੇ ਹਨ। ਸ੍ਰੀ ਹਰਮਿੰਦਰ ਸਾਹਿਬ ਅਤੇ ਕਪੂਰਥਲਾ ਵਿਖੇ ਹੋਈ ਬੇਅਦਬੀ ਸਬੰਧੀ ਉਨ੍ਹਾਂ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ ਪਰ ਜਿਹੜੇ ਕਤਲ ਕੀਤੇ ਗਏ ਹਨ ਇਹ ਠੀਕ ਨਹੀਂ ਹਨ। ਜੇਕਰ ਇਨ੍ਹਾਂ ਵਿਅਕਤੀਆਂ ਤੋਂ ਪੁੱਛ ਪੜ੍ਹਤਾਲ ਹੁੰਦੀ ਤਾਂ ਇਨ੍ਹਾਂ ਤੋਂ ਸਿੱਟੇ ਤੱਕ ਪਹੁੰਚਿਆ ਜਾ ਸਕਦਾ ਸੀ, ਪਰ ਹੁਣ ਤਾਂ ਸਾਰੇ ਸਬੂਤ ਹੀ ਖਤਮ ਹੋ ਗਏ ਹਨ।
ਅਮਰਿੰਦਰ ਸਿੰਘ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਕਿਹਾ ਕਿ ਭਾਜਪਾ ਨਾਲ ਸੀਟਾਂ ਦੀ ਵੰਡ ਜਲਦੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦੀ ਲੀਡਰਸ਼ਿਪ ਦਰਮਿਆਨ ਦੋ ਦਿਨਾਂ ਦੇ ਅੰਦਰ ਇਹ ਮੀਟਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਡਸਾ ਦੀ ਵੀ ਭਾਜਪਾ ਲੀਡਰਸ਼ਿਪ ਨਾਲ ਗੱਲਬਾਤ ਚੱਲ ਰਹੀ ਹੈ। ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣਾ ਹੈ ਅਤੇ ਅਸੀਂ 2022 ’ਚ ਪੰਜਾਬ ਨੂੰ ਸਥਿਰ ਸਰਕਾਰ ਦੇਵਾਗੇ। ਦੱਸਣਯੋਗ ਹੈ ਕਿ ਅਮਰਿੰਦਰ ਸਿਘ ਵੱਲੋਂ ਚੋਣਾਂ ਨੂੰ ਦੇਖਦਿਆਂ ਆਪਣੇ ਤੇਵਰ ਹੋਰ ਤਿੱਖੇ ਕਰ ਦਿੱਤੇ ਹਨ ਅਤੇ ਕਾਂਗਰਸ ਪਾਰਟੀ ਨੂੰ ਲਗਾਤਾਰ ਝਟਕੇ ਦੇ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ