ਟੈਕਨੀਕਲ ਸਿੱਖਿਆ ਵਿਭਾਗ ਦੇ ਮੰਤਰੀ ਰਾਣਾ ਗੁਰਜੀਤ ਦਾ ਕਾਂਗਰਸ ਪ੍ਰਧਾਨ ’ਤੇ ਹਮਲਾ
ਮੈਂ ਜਨਮ ਤੋਂ ਕਾਂਗਰਸੀ, ਸਿੱਧੂ ਸਿਰਫ਼ ਮੁੱਖ ਮੰਤਰੀ ਦੀ ਲਾਲਚ ’ਚ ਹੋਇਆ ਕਾਂਗਰਸ ਸ਼ਾਮਲ : ਰਾਣਾ ਗੁਰਜੀਤ ਸਿੰਘ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਆਪਣੀ ਜ਼ੁਬਾਨ ’ਤੇ ਕਾਬੂ ਰੱਖਦੇ ਹੋਏ ਬਦਜ਼ੁਬਾਨੀ ਨਾ ਕਰੇ। ਸਿਰਫ਼ ਮੁੱਖ ਮੰਤਰੀ ਦੀ ਲਾਲਚ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਸਿੱਧੂ ਸਾਨੂੰ ਕਾਂਗਰਸ ਪ੍ਰਤੀ ਵਫ਼ਾਦਾਰੀ ਦਾ ਪਾਠ ਸਿਖਾਏਗਾ। ਅਸੀਂ ਤਾਂ ਜਨਮ ਤੋਂ ਹੀ ਕਾਂਗਰਸੀ ਹਾਂ, ਜਦੋਂ ਕਿ ਨਵਜੋਤ ਸਿੱਧੂ ਭਾੜੇ ਦਾ ਟੱਟੂ ਹੈ, ਜਿਸਦਾ ਕੋਈ ਜ਼ਮੀਰ ਤੱਕ ਨਹੀਂ ਹੈ। ਉਹ ਕੁਝ ਮਰਜ਼ੀ ਕਰੇ ਪਰ ਆਪਣੀ ਜੁਬਾਨ ’ਤੇ ਕਾਬੂ ਰੱਖੇ ਕਿ ਰਾਣਾ ਨੂੰ ਕਾਂਗਰਸ ਵਿੱਚ ਰਹਿਣ ਨਹੀਂ ਦੇਣਾ ਹੈ। ਇਹ ਕੌਣ ਹੁੰਦਾ ਐ ਸਾਨੂੰ ਕਾਂਗਰਸ ਵਿੱਚ ਰੱਖਣ ਜਾਂ ਫਿਰ ਕਾਂਗਰਸ ਤੋਂ ਬਾਹਰ ਕਰਨ ਵਾਲਾ। ਇਹ ਤਿੱਖਾ ਹਮਲਾ ਪੰਜਾਬ ਦੇ ਟੈਕਨੀਕਲ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਨਵਜੋਤ ਸਿੱਧੂ ’ਤੇ ਕੀਤਾ ਹੈ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਕਾਂਗਰਸ ਪ੍ਰਧਾਨ ਦੇ ਤੌਰ ’ਤੇ ਪਾਰਟੀ ਨੂੰ ਇੱਕਜੁਟ ਕਰਨ ਦੀ ਥਾਂ ’ਤੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਕਿ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਤੀ ਵਫ਼ਾਦਾਰ ਹੋਣ ਸਬੰਧੀ ਉਨ੍ਹਾਂ ’ਤੇ ਸੁਆਲ ਚੁੱਕਣ ਵਾਲੇ ਨਵਜੋਤ ਸਿੱਧੂ ਕੋਈ ਨਹੀਂ ਹੁੰਦੇ । ਉਹ ਪਹਿਲਾਂ ਆਪਣੀ ਵਫ਼ਾਦਾਰੀ ਸਾਬਤ ਕਰਨ, ਕਿਉਂਕਿ ਉਹ ਹੀ ਪਾਰਟੀਆਂ ਨੂੰ ਬਦਲਦੇ ਹੋਏ ਸਿਰਫ਼ ਆਪਣੀ ਲਾਲਚ ਲਈ ਇੱਧਰ ਓਧਰ ਜਾ ਰਹੇ ਹਨ। ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ, ਇਸੇ ਲਾਲਚ ਕਰਕੇ ਹੀ ਉਹ ਕਾਂਗਰਸ ਵਿੱਚ ਆਏ ਹਨ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਆਪਣੀ ਭਾਸ਼ਾ ’ਤੇ ਕੰਟਰੋਲ ਰੱਖਣ, ਕਿਉਂਕਿ ਉਹ ਇੱਕ ਸੱਚੇ ਕਾਂਗਰਸੀ ਲੀਡਰ ਬਾਰੇ ਗੱਲ ਕਰ ਰਹੇ ਹਨ। ਰਾਣਾ ਗੁਰਜੀਤ ਸਿੰਘ ਨੇ ਨਵਜੋਤ ਸਿੱਧੂ ਬਾਰੇ ਆਪਣੇ ਬਿਆਨ ਵਿੱਚ ਕਈ ਵਾਰ ਭਾੜੇ ਦੇ ਟੱਟੂ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸਿਰਫ਼ 5 ਸਾਲ ਪਹਿਲਾਂ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਾ ਭਾੜੇ ਦਾ ਟੱਟੂ ਹੁਣ ਉਨ੍ਹਾਂ ਨੂੰ ਗਿਆਨ ਦੇਣ ਦੀ ਗੱਲ ਰਿਹਾ ਹੈ ਕਿ ਕਾਂਗਰਸ ਦੇ ਪ੍ਰਤੀ ਵਫ਼ਾਦਾਰੀ ਕੀ ਹੁੰਦੀ ਹੈ ? ਉਹ ਤਾਂ ਜਨਮ ਤੋਂ ਹੀ ਕਾਂਗਰਸ ਵਿੱਚ ਹਨ ਅਤੇ ਪਾਰਟੀ ਵਿੱਚ ਹੀ ਰਹਿਣਗੇ ਪਰ ਇਸ ਭਾੜੇ ਦੇ ਟੱਟੂ ਦਾ ਕੋਈ ਭਰੋਸਾ ਨਹੀਂ ਹੈ, ਕਿਉਂਕਿ ਇਹ ਇੱਕ ਨੰਬਰ ਦਾ ਲਾਲਚੀ ਇਨਸਾਨ ਹੈ।
ਰਾਣਾ ਗੁਰਜੀਤ ਸਿੰਘ ਨੇ ਕਾਂਗਰਸ ਹਾਈ ਕਮਾਨ ਨੂੰ ਵੀ ਸਲਾਹ ਦਿੱਤੀ ਹੈ ਕਿ ਨਵਜੋਤ ਸਿੱਧੂ ਦੇ ਵਿਹਾਰ ’ਤੇ ਨਜ਼ਰ ਰੱਖਣੀ ਚਾਹੀਦੀ ਹੈ, ਕਿਉਂਕਿ ਇਸ ਦਾ ਕੋਈ ਭਰੋਸਾ ਨਹੀਂ ਹੈ ਕਿ ਇਹ ਵਿਧਾਨ ਸਭਾ ਚੋਣਾਂ ਤੱਕ ਕਾਂਗਰਸ ਪਾਰਟੀ ਵਿੱਚ ਰਹੇਗਾ ਜਾਂ ਫਿਰ ਇਸ ਤੋਂ ਪਹਿਲਾਂ ਹੀ ਛੱਡ ਕੇ ਭੱਜ ਜਾਵੇਗਾ।
ਸਿਆਸੀ ਆਕਾਵਾਂ ਦੇ ਇਸ਼ਾਰੇ ’ਤੇ ਕਾਂਗਰਸ ਨੂੰ ਖ਼ਤਮ ਕਰਨਾ ਚਾਹੁੰਦੇ ਸਿੱਧੂ
ਰਾਣਾ ਗੁਰਜੀਤ ਸਿੰਘ ਨੇ ਦੋਸ਼ ਲਗਾਇਆ ਕਿ ਨਵਜੋਤ ਸਿੱਧੂ ਇੱਕ ਗੁਪਤ ਏਜੰਡੇ ਨੂੰ ਲੈ ਕੇ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਹੈ। ਅਸਲ ਵਿੱਚ ਉਹ ਆਪਣੇ ਸਿਆਸੀ ਆਕਾਵਾਂ ਦੇ ਇਸ਼ਾਰੇ ’ਤੇ ਚਲਦਾ ਹੋਇਆ ਪਾਰਟੀ ਵਿੱਚ ਵੰਡ ਪਾਉਣ ਦੇ ਨਾਲ ਹੀ ਉਸ ਨੂੰ ਨੁਕਸਾਨ ਪਹੁੰਚਾਉਣ ਲਈ ਆਇਆ ਹੈ। ਜਿਸ ਕਾਰਨ ਹੀ ਇਹ ਇਹੋ ਜਿਹੀਆਂ ਹਰਕਤਾਂ ਕਰਦਾ ਵੀ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਜਲਦੀ ਕਾਂਗਰਸ ਪਾਰਟੀ ਨੂੰ ਛੱਡ ਕੇ ਨਵਜੋਤ ਸਿੱਧੂ ਚਲਾ ਜਾਵੇ, ਉਨ੍ਹਾਂ ਹੀ ਘੱਟ ਨੁਕਸਾਨ ਕਾਂਗਰਸ ਪਾਰਟੀ ਦਾ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ