ਭਾਜਪਾ ਨੂੰ ਝਟਕਾ ਦਿੰਦਿਆਂ ਗੁੱਜਰ ਭਾਈਚਾਰੇ ਦਾ ਸੂਬਾਈ ਆਗੂ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਲ
ਕੈਬਨਿਟ ਮੰਤਰੀ ਅਰੁਨਾ ਚੌਧਰੀ ਵੱਲੋਂ ਕਰਵਾਏ ਵਿਕਾਸ ਕੰਮਾਂ ਨੂੰ ਦੱਸਿਆ ਕਾਂਗਰਸ ’ਚ ਸ਼ਾਮਲ ਹੋਣ ਦਾ ਮੁੱਖ ਕਾਰਨ
(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਦੀਨਾਨਗਰ ਹਲਕੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਅੱਜ ਉਸ ਵੇਲੇ ਇੱਕ ਹੋਰ ਵੱਡਾ ਝੱਟਕਾ ਲੱਗਾ ਜਦੋਂ ਆਲ ਇੰਡੀਆ ਗੁੱਜਰ ਮਹਾਂਸਭਾ ਪੰਜਾਬ ਦੇ ਮੁੱਖ ਆਗੂ ਅਤੇ ਬੀਜੇਪੀ ਘੱਟ ਗਿਣਤੀ ਮੋਰਚਾ ਪੰਜਾਬ ਦੇ ਸਕੱਤਰ ਸੁਰਮੂਦੀਨ ਚੇਚੀ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਕਾਂਗਰਸ ਪਾਰਟੀ ਨਾਲ ਚੱਲਦੇ ਆ ਰਹੇ ਗੁੱਜਰ ਭਾਈਚਾਰੇ ਦੇ ਲੀਡਰ ਯੂਸਿਫ਼ਦੀਨ ਅਤੇ ਯੂਥ ਆਗੂ ਆਤਿਸ਼ ਮਹਾਜਨ ਦੀ ਪ੍ਰੇਰਣਾ ਸਦਕਾ ਕਾਂਗਰਸ ਦਾ ਪੱਲਾ ਫੜ੍ਹਣ ਵਾਲੇ ਸੁਰਮੂਦੀਨ ਚੇਚੀ ਨੇ ਕਿਹਾ ਕਿ ਉਹ ਅਸਲ ਵਿੱਚ ਕੈਬਨਿਟ ਮੰਤਰੀ ਅਰੁਨਾ ਚੌਧਰੀ ਦੁਆਰਾ ਦੀਨਾਨਗਰ ’ਚ ਕਰਵਾਏ ਵਿਕਾਸ ਕੰਮਾਂ ਤੋਂ ਬੇਹੱਦ ਪ੍ਰਭਾਵਿਤ ਹਨ ਅਤੇ ਇਹ ਮਹਿਸੂਸ ਕਰਦੇ ਹਨ ਕਿ ਜਿੰਨਾ ਕੰਮ ਹਲਕੇ ਦੀ ਗੁੱਜਰ ਬਿਰਾਦਰੀ ਲਈ ਅਰੁਨਾ ਚੌਧਰੀ ਨੇ ਕੀਤਾ ਹੈ ਅਜੇ ਤੱਕ ਕਿਸੇ ਲੀਡਰ ਨੇ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਉਂਜ ਭਾਜਪਾ ਦੀ ਹਾਲਤ ਵੀ ਇਸ ਹਲਕੇ ਅੰਦਰ ਬੇਹੱਦ ਖ਼ਰਾਬ ਹੋ ਚੁੱਕੀ ਹੈ, ਜਿਸਨੂੰ ਦੇਖਦਿਆਂ ਉਨਾਂ ਨੇ ਕਾਂਗਰਸ ’ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ। ਸੁਰਮੂਦੀਨ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਰੇ ਸਾਥੀ ਹੁਣ ਅਰੁਨਾ ਚੌਧਰੀ ਨਾਲ ਚੱਲਣਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨਾਂ ਦੀ ਜਿੱਤ ਲਈ ਪੂਰਾ ਜ਼ੋਰ ਲਾਉਣਗੇ। ਇਸ ਦੌਰਾਨ ਕੈਬਨਿਟ ਮੰਤਰੀ ਅਰੁਨਾ ਚੌਧਰੀ ਅਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਗੁੱਜਰ ਆਗੂਆਂ ਦਾ ਕਾਂਗਰਸ ’ਚ ਸਵਾਗਤ ਕਰਦਿਆਂ ਹਰ ਤਰਾਂ ਦੇ ਮਾਣ ਸਨਮਾਨ ਦਾ ਭਰੋਸਾ ਦਿੱਤਾ। ਅਰੁਨਾ ਚੌਧਰੀ ਨੇ ਕਿਹਾ ਕਿ ਉਨਾਂ ਨੇ ਹਮੇਸ਼ਾ ਕੰਮ ਨੂੰ ਤਰਜ਼ੀਹ ਦਿੱਤੀ ਹੈ ਅਤੇ ਇਸੇ ਕਰਕੇ ਵੱਖ-ਵੱਖ ਪਾਰਟੀਆਂ ਦੇ ਲੀਡਰ ਉਨਾਂ ਨਾਲ ਜੁੜ ਰਹੇ ਹਨ ਅਤੇ ਅਗਾਂਹ ਵੀ ਕਈ ਵੱਡੇ ਨੇਤਾ ਉਨਾਂ ਦੇ ਸੰਪਰਕ ਵਿੱਚ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਅੱਜ ਗੁੱਜਰ ਭਾਈਚਾਰੇ ਦੇ ਪ੍ਰਮੁੱਖ ਆਗੂ ਸੁਰਮੂਦੀਨ ਦੀ ਅਗਵਾਈ ਵਿੱਚ ਸਲਾਮਦੀਨ, ਫਿਰੋਜ਼ਦੀਨ ਘੁੱਲਾ, ਸੁਰਮੂਦੀਨ ਗਾਹਲੜੀ, ਸ਼ਾਮੂਦੀਨ, ਮੁਸ਼ਤਾਕ ਅਲੀ ਬਾਂਠਾਵਾਲ, ਸਾਦਿਕ ਅਲੀ ਰਸੂਲਪੁਰ, ਸੁਰਮੂਦੀਨ ਅਤੇ ਲਾਲ ਹੁਸੈਨ ਘੁੱਲਾ ਨੇ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਦਾ ਪੱਲਾ ਫੜਿਆ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਭਾਜਪਾ ਦਾ ਟਕਸਾਲੀ ਆਗੂ ਅਤੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਠਾਕੁਰ ਜਗਦੀਸ਼ ਸਿੰਘ ਬਿਆਨਪੁਰ ਵੀ ਆਪਣੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ