ਸਰਦ ਰੁੱਤ ਸੈਸ਼ਨ: 12 ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਰਾਜ ਸਭਾ ’ਚ ਵਿਰੋਧੀ ਧਿਰ ਦਾ ਹੰਗਾਮਾ
ਨਵੀਂ ਦਿੱਲੀ (ਸੱਚ ਕੰਹੂ ਨਿਊਜ਼) ਸੋਮਵਾਰ ਨੂੰ ਰਾਜ ਸਭਾ ਦੇ 12 ਮੈਂਬਰਾਂ ਦੀ ਮੁਅੱਤਲੀ ਖਤਮ ਕਰਨ ਦੀ ਮੰਗ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਹੰਗਾਮਾ ਕੀਤਾ, ਜਿਸ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਸਿਫ਼ਰਕਾਲ ਦੌਰਾਲ ਕਾਂਗਰਸ ਦੇ ਡਿਪਟੀ ਲੀਡਰ ਆਨੰਦ ਸ਼ਰਮਾ ਨੇ ਮੈਂਬਰਾਂ ਦੀ ਮੁਅੱਤਲੀ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਸ ਦਾ ਉਸਾਰੂ ਹੱਲ ਲੱਭਿਆ ਜਾਣਾ ਚਾਹੀਦਾ ਹੈ। ਇਹ ਮਾਮਲਾ ਪਿਛਲੇ ਹਫਤੇ ਵੀ ਸਾਹਮਣੇ ਆਇਆ ਸੀ ਅਤੇ ਇਸ ਦੇ ਨਿਪਟਾਰੇ ਦਾ ਭਰੋਸਾ ਦਿੱਤਾ ਗਿਆ ਸੀ। ਇਸ ਦੌਰਾਨ ਵਿਰੋਧੀ ਧਿਰ ਦੇ ਕਈ ਮੈਂਬਰ ਖੜ੍ਹੇ ਹੋ ਗਏ। ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਲ ਖੜਗੇ ਨੇ ਕਿਹਾ ਕਿ ਸਰਕਾਰ ਇਸ ਮਾਮਲੇ ’ਤੇ ਅੜੀਅਲ ਰਵੱਈਆ ਅਪਣਾ ਰਹੀ ਹੈ, ਜਿਸ ਕਾਰਨ ਵਿਰੋਧੀ ਧਿਰ ਗੜਬੜ ਪੈਦਾ ਕਰਦੀ ਹੈ।
ਨਾਇਡੂ ਨੇ ਕਿਹਾ ਕਿ ਸਦਨ ਦੀ ਕਾਰਵਾਈ ਇਸ ਤਰ੍ਹਾਂ ਨਹੀਂ ਚੱਲ ਸਕਦੀ
ਇਸ ਤੋਂ ਪਹਿਲਾਂ, ਖੜਗੇ ਨੇ ਕਿਹਾ ਕਿ ਵਿਰੋਧੀ ਧਿਰ ਮੁਅੱਤਲੀ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਸਦਨ ਦੇ ਨੇਤਾ ਅਤੇ ਸਪੀਕਰ ਨੂੰ ਬੇਨਤੀ ਕਰ ਰਹੀ ਹੈ। ਇਸ ਸਬੰਧੀ ਕਾਂਗਰਸ ਦੇ ਉਪ ਨੇਤਾ ਨੇ ਸਦਨ ਦੇ ਨੇਤਾ ਨਾਲ ਵੀ ਗੱਲ ਕੀਤੀ ਹੈ ਪਰ ਉਹ ਨਹੀਂ ਮੰਨ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਅੜੀਅਲ ਰੱਵਈਆ ਅਪਣਾ ਰਹੀ ਹੈ, ਇਸ ਲਈ ਵਿਰੋਧੀ ਧਿਰ ਸਦਨ ਵਿੱਚ ਗੜਬੜ ਪੈਦਾ ਕਰਦੀ ਹੈ। ਉਨ੍ਹਾਂ ਸਦਨ ਤੋਂ ਵਾਕਆਊਟ ਕਰਨ ਦੀ ਗੱਲ ਵੀ ਕਹੀ ਅਤੇ ਇਸ ਤੋਂ ਬਾਅਦ ਆਪਣੀ ਸੀਟ ਤੋਂ ਅੱਗੇ ਵਧੇ। ਇਸ ਦੌਰਾਨ ਵਿਰੋਧੀ ਮੈਂਬਰਾਂ ਦੇ ਖੜ੍ਹੇ ਹੋਣ ’ਤੇ ਨਾਇਡੂ ਨੇ ਕਿਹਾ ਕਿ ਇਸ ਤਰ੍ਹਾਂ ਸਦਨ ਨਹੀਂ ਚਲਾਇਆ ਜਾ ਸਕਦਾ। ਮੈਨੂੰ ਪਤਾ ਹੈ ਕਿ ਮੁਅੱਤਲੀ ਦੀ ਸਥਿਤੀ ਵਿੱਚ ਕੀ ਕਰਨਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਬਿਆਨ ਦੇਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਾਅਦ ਵੀ ਵਿਰੋਧੀ ਧਿਰ ਦੇ ਮੈਂਬਰ ਖੜ੍ਹੇ ਹੋ ਕੇ ਬੋਲਦੇ ਰਹੇ। ਚੇਅਰਮੈਨ ਨੇ ਕਿਹਾ ਕਿ ਉਹ ਸਦਨ ਦੀ ਕਾਰਵਾਈ ਚਲਾਉਣ ਤੋਂ ਅਸਮਰੱਥ ਹਨ, ਇਸ ਲਈ ਇਸ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੌਰਾਨ ਡੀਐਮਕੇ ਦੇ ਤਿਰੁਚੀ ਸਿਵਾ ਨੇ ਵੀ ਮੁਅੱਤਲ ਕੀਤੇ ਮੈਂਬਰਾਂ ਦੀ ਮੁਅੱਤਲੀ ਖਤਮ ਕਰਨ ਦੀ ਬੇਨਤੀ ਕੀਤੀ। ਸਿਫਰਕਾਲ ਦੌਰਾਨ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਝਰਨਾਦਾਸ ਵੈਦਿਆ ਨੇ ਸਕੂਲਾਂ ਵਿੱਚ ਇੰਟਰਨੈਟ ਦੀ ਘਾਟ ਦਾ ਮੁੱਦਾ ਉਠਾਇਆ ਪਰ ਰੌਲਾ ਪੈਣ ਕਾਰਨ ਇਸ ਦੀ ਸੁਣਵਾਈ ਨਹੀਂ ਹੋ ਸਕੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ