ਮੱਖਣ ਸਿੰਘ ਲਾਲਕਾ ਨੇ ਫੜਿਆ ਕਾਂਗਰਸ ਦਾ ਪੱਲਾ
ਮੁੱਖ ਮੰਤਰੀ ਚੰਨੀ ਅਤੇ ਕੈਬਨਿਟ ਮੰਤਰੀ ਰਾਜਾ ਵੜਿੰਗ ਦੀ ਹਾਜ਼ਰੀ ’ਚ ਕਾਂਗਰਸ ’ਚ ਹੋਏ ਸ਼ਾਮਲ
(ਤਰੁਣ ਕੁਮਾਰ ਸ਼ਰਮਾ) ਨਾਭਾ। ਲਗਾਏ ਜਾ ਰਹੇ ਕਿਆਸਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬਾਜ਼ੀਗਰ ਵਿੰਗ ਪੰਜਾਬ ਦੇ ਪ੍ਰਧਾਨ ਮੱਖਣ ਸਿੰਘ ਲਾਲਕਾ ਨੇ ਅੱਜ ਕਾਂਗਰਸ ਦਾ ਪੱਲਾ ਫੜ ਲਿਆ। ਮੱਖਣ ਸਿੰਘ ਲਾਲਕਾ ਨੇ ਕਾਂਗਰਸ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਬਨਿਟ ਮੰਤਰੀ ਰਾਜਾ ਵੜਿੰਗ ਦੀ ਹਾਜ਼ਰੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਸਪੁੱਤਰ ਜਗਦੀਸ਼ ਲਾਲਕਾ ਐਡਵੋਕੇਟ, ਜਥੇਦਾਰ ਲਾਲ ਸਿੰਘ ਰਣਜੀਤਗੜ੍ਹ ਆਦਿ ਹੋਰ ਸਾਬਕਾ ਅਕਾਲੀ ਨੇਤਾ ਮੌਜੂਦ ਰਹੇ।
ਦੱਸਣਯੋਗ ਹੈ ਕਿ ਮੱਖਣ ਸਿੰਘ ਲਾਲਕਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਹਲਕਾ ਨਾਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਦੋ ਵਾਰ ਹਲਕਾ ਇੰਚਾਰਜ ਵੀ ਰਹੇ ਹਨ। ਮੱਖਣ ਸਿੰਘ ਲਾਲਕਾ ਨੇ ਸੰਨ 1988 ਵਿੱਚ ਆਪਣੇ ਰਾਜਨੀਤਕ ਕਰੀਅਰ ਦੀ ਸ਼ੁਰੂਆਤ ਕਾਂਗਰਸ ਪਾਰਟੀ ਤੋਂ ਕੀਤੀ ਸੀ ਪਰੰਤੂ ਅੱਜ ਤੱਕ ਕਦੇ ਵੀ ਵਿਧਾਨ ਸਭਾ ਚੋਣਾਂ ਦੀ ਟਿਕਟ ਨਹੀਂ ਹਾਸਲ ਕਰ ਸਕੇ। ਇਸ ਤੋਂ ਬਾਅਦ ਉਨ੍ਹਾਂ ਨੇ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਕੇ ਅਕਾਲੀ ਦਲ ਦੀ ਸੇਵਾ ਕੀਤੀ ਪ੍ਰੰਤੂ ਵਿਧਾਨ ਸਭਾ ਚੋਣਾਂ ਦੀ ਟਿਕਟ ਉਨ੍ਹਾਂ ਨੂੰ ਅਕਾਲੀ ਦਲ ਨੇ ਵੀ ਕਦੇ ਨਹੀਂ ਦਿੱਤੀ।
ਇਸ ਵਾਰ ਦੀਆਂ ਚੋਣਾਂ ਲਈ ਵੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਹਲਕੇ ਦੀ ਇੰਚਾਰਜੀ ਕਬੀਰ ਦਾਸ ਨੂੰ ਦੇ ਕੇ ਮੱਖਣ ਸਿੰਘ ਲਾਲਕਾ ਨੂੰ ਲਾਂਭੇ ਕਰ ਦਿੱਤਾ ਸੀ ਜਿਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਬਾਜੀਗਰ ਭਾਈਚਾਰੇ ਦੀ ਇਕੱਤਰਤਾ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਸੀ। ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਵਿਧਾਨ ਸਭਾ ਚੋਣਾਂ ਦੀ ਟਿਕਟ ਹਾਸਲ ਕਰਨ ਵਿਚ ਅਸਫਲ ਰਹੇ ਮੱਖਣ ਸਿੰਘ ਲਾਲਕਾ ਨੇ ਇਸ ਵਾਰ ਖੁੱਲ੍ਹੇਆਮ ਐਲਾਨ ਕਰ ਦਿੱਤਾ ਸੀ ਕਿ ਉਹ ਚੋਣਾਂ ਜ਼ਰੂਰ ਲੜਨਗੇ।
ਦੱਸਣਯੋਗ ਹੈ ਕਿ ਮੱਖਣ ਸਿੰਘ ਲਾਲਕਾ ਅਤੇ ਸਾਬਕਾ ਕੈਬਨਿਟ ਮੰਤਰੀ ਧਰਮਸੋਤ ਦਾ ਹਮੇਸ਼ਾ 36 ਦਾ ਅੰਕੜਾ ਰਿਹਾ ਹੈ। ਪਹਿਲਾਂ ਦੋਨੋਂ ਆਗੂ ਅਮਲੋਹ ਹਲਕੇ ਤੋਂ ਭਿੜਦੇ ਰਹੇ, ਹੁਣ ਦੋਵਾਂ ਵਿਚਕਾਰਲਾ ਮੁਕਾਬਲਾ ਨਾਭਾ ਹਲਕਾ ਵਿੱਚ ਤਬਦੀਲ ਹੋ ਗਿਆ ਹੈ। ਮੱਖਣ ਸਿੰਘ ਲਾਲਕਾ ਦੀ ਕਾਂਗਰਸ ਵਿੱਚ ਸ਼ਮੂਲੀਅਤ ਦਾ ਜਿੱਥੇ ਟਕਸਾਲੀ ਕਾਂਗਰਸੀ ਭਰਵਾਂ ਸੁਆਗਤ ਕਰ ਰਹੇ ਹਨ ਉੱਥੇ ਧਰਮਸੋਤ ਹਮਾਇਤੀ ਕਾਂਗਰਸੀਆਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਿਜ਼ਰਵ ਹਲਕਾ ਨਾਭਾ ਤੋਂ ਮੱਖਣ ਸਿੰਘ ਲਾਲਕਾ ਚੋਣ ਲੜਨਗੇ ਜਾਂ ਸਾਬਕਾ ਕੈਬਨਿਟ ਮੰਤਰੀ ਧਰਮਸੋਤ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ