ਸ਼ੈਫ ਸੰਭਵੀ ਜੋਸ਼ੀ ਨੇ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਤਜ਼ਰਬੇ
(ਸੱਚ ਕਹੂੰ ਨਿਊਜ਼) ਬਨੂੜ/ਰਾਜਪੁਰਾ/ਚੰਡੀਗੜ੍ਹ। ਚਿਤਕਾਰਾ ਯੂਨੀਵਰਸਿਟੀ ਵੱਲੋਂ ਹਾਸਪਟਿਲਿਟੀ ਐਂਡ ਕਲੀਨੇਰੀ (ਪ੍ਰਾਹੁਣਚਾਰੀ ਅਤੇ ਰਸੋਈ) ਆਰਟਸ ਦੇ ਵਿਦਿਆਰਥੀਆਂ ਲਈ ਨਾਮਵਰ ਕੌਮਾਂਤਰੀ ਸ਼ੈਫ, ਲੇ ਕਾਰਡਨ ਬਲਿਊ ਲੰਡਨ ਦੀ ਸਨਾਤਕ ਅਤੇ ਕੈਸਰਿਸ ਆਰਟੀਸ਼ਨਲ ਪਾਸਤਾ ਦੀ ਸੰਸਥਾਪਕ ਸ਼ੈਫ ਸੰਭਵੀ ਜੋਸ਼ੀ ਨਾਲ ਰੂਬਰੂ ਪ੍ਰੋਗਰਾਮ ਕੀਤਾ। ਇਸ ਮੌਕੇ ਲੇ ਕਾਰਡਨ ਬਲਿਊ ਦੀ ਭਾਰਤ ਦੀ ਮਾਰਕੀਟਿੰਗ ਮੈਨੇਜਰ ਸਇਮਾ ਸਦੀਕੀ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸ਼ੈਫ ਸੰਭਵ ਜੋਸ਼ੀ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਆਪਣੇ ਅਤੇ ਸੰਸਥਾ ਦੇ ਤਜਰਬੇ ਸਾਂਝੇ ਕੀਤੇ।
ਉਨ੍ਹਾਂ ਦੱਸਿਆ ਕਿ ਲੇ ਕਾਰਡਨ ਬਲਿਊ ਦੀ ਸਥਾਪਨਾ ਪੈਰਿਸ ਵਿੱਚ 1895 ਵਿੱਚ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਦਾ ਦੁਨੀਆਂ ਵਿੱਚ ਸਭ ਤੋਂ ਵੱਡਾ ਪ੍ਰਾਹੁਣਚਾਰੀ ਅਤੇ ਰਸੋਈ ਸਕੂਲਾਂ ਦਾ ਨੈੱਟਵਰਕ ਹੈ ਤੇ ਸੰਸਥਾ ਵੱਡੀ ਪੱਧਰ ’ਤੇ ਸਰਟੀਫ਼ਿਕੇਟ, ਡਿਪਲੋਮਾ, ਬੈਚੂਲਰ ਅਤੇ ਮਾਸਟਰ ਡਿਗਰੀਆਂ ਦੀ ਪੜ੍ਹਾਈ ਕਰਾਉਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਲੰਡਨ ਦੇ ਲੇ ਕਾਰਡਨ ਬਲਿਊ ਵਿੱਚ ਕਲਾਸਿਕ ਫ਼ਰੈਂਚ ਪਕਵਾਨ ਕਲਾ ਦਾ ਤਜਰਬਾ ਹਾਸਿਲ ਕੀਤਾ। ਰਸੋਈ ਮੈਨੇਜਮੈਂਟ ਦੀਆਂ ਬਾਰੀਕੀਆਂ ਨੂੰ ਸਿੱਖਣ ਲਈ ਯੂਰਪ ਅਤੇ ਪੈਰਿਸ ਦਾ ਦੌਰਾ ਵੀ ਕੀਤਾ।
ਸੰਭਵੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੈਫ ੲਲੇਨ ਡੁਕਾਸ਼ੇਸ ਦੁਆਰਾ ਤਿੰਨ ਸਟਾਰ ਰੈਸਟੋਰੈਂਟ ਲੀ-ਮਾਰਿਸ਼ ਵਿੱਚ ਇੰਟਰਨਸ਼ਿਪ ਲਈ ਚੁਣਿਆ ਗਿਆ। ਉਨ੍ਹਾਂ ਲੇ ਕਾਰਡਨ ਬਲਿਊ ਦੇ ਲੰਡਨ ਕੈਂਪਸ ਵਿੱਚ ਸਭ ਤੋਂ ਪਹਿਲਾਂ ਪਾਸਤਾ ਬਣਾਇਆ। ਇਸ ਤੋਂ ਬਾਦ ਲੀ-ਸਕਰਿਊ ਦਿੱਲੀ ਵਿੱਚ ਉਨ੍ਹਾਂ ਆਰਟੀਸ਼ੇਨਲ ਪਾਸਤਾ ਦੀਆਂ ਵੱਖ-ਵੱਖ ਕਿਸਮਾਂ, ਵੱਖ-ਵੱਖ ਰੰਗਾਂ ਅਤੇ ਡਿਜ਼ਾਇਨਾਂ ਵਿੱਚ ਤਿਆਰ ਕੀਤੀਆਂ। ਉਨ੍ਹਾਂ ਮਿਹਨਤ, ਪ੍ਰੇਰਣਾ, ਦਿ੍ਰੜ ਸੰਕਲਪ ਅਤੇ ਹਮੇਸ਼ਾ ਕੁੱਝ ਨਾ ਕੁੱਝ ਨਵਾਂ ਸਿੱਖਣ ਤੇ ਨਵੇਂ ਪ੍ਰਯੋਗ ਕਰਦੇ ਰਹਿਣ ਨੂੰ ਪ੍ਰਾਹੁਣਚਾਰੀ ਅਤੇ ਰਸੋਈ ਖੇਤਰ ਦੀ ਸਫ਼ਲਤਾ ਦੇ ਸਭ ਤੋਂ ਵੱਡੇ ਗੁਣ ਦੱਸਿਆ। ਉਨਾਂ ਚਿਤਕਾਰਾ ਯੂਨੀਵਰਸਿਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇੱਥੇ ਵਿਸ਼ਵ ਵਿਆਪੀ ਸੁਵਿਧਾਵਾਂ ਮੌਜੂਦ ਹਨ ਤੇ ਵਿਦਿਆਰਥੀਆਂ ਨੂੰ ਇਨ੍ਹਾਂ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ।
ਇਸ ਮੌਕੇ ਵਿਦਿਆਰਥੀਆਂ ਨੇ ਸ਼ੈਫ ਸੰਭਵੀ ਜੋਸ਼ੀ ਨੂੰ ਸਵਾਦ, ਸਮੱਗਰੀ, ਪੇਸ਼ਕਾਰੀ ਅਤੇ ਰੰਗਾਂ ਦੇ ਪ੍ਰਯੋਗ ਸਬੰਧੀ ਦਰਜਨਾਂ ਸਵਾਲ ਪੁੱਛੇ, ਜਿਨ੍ਹਾਂ ਦੇ ਉਨਾਂ ਬਾਖ਼ੂਬੀ ਜਵਾਬ ਦਿੱਤੇ। ਇਸ ਮੌਕੇ ਬੋਲਦਿਆਂ ਸਾਇਮਾ ਸਦੀਕੀ ਨੇ ਆਖਿਆ ਕਿ ਉਹ 2019 ਤੋਂ ਲਗਾਤਾਰ ਚਿਤਕਾਰਾ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ ਤੇ ਉਹ ਤੀਜੀ ਵੇਰ ਇਸ ਵਿਭਾਗ ਦੇ ਵਿਦਿਆਰਥੀਆਂ ਨਾਲ ਸੰਵਾਦ ਰਚਾ ਰਹੇ ਹਨ। ਉਨਾਂ ਚਿਤਕਾਰਾ ਵੱਲੋਂ ਅਪਣਾਈਆਂ ਜਾਂਦੀਆਂ ਅਤਿ ਆਧੁਨਿਕ ਤਕਨੀਕਾਂ ਦੀ ਸਰਾਹਨਾ ਕੀਤੀ। ਇਸ ਮੌਕੇ ਚਿਤਕਾਰਾ ਦੇ ਪ੍ਰਬੰਧਕਾਂ ਵੱਲੋਂ ਸ਼ੈਫ ਸੰਭਵੀ ਜੋਸ਼ੀ ਅਤੇ ਸ੍ਰੀਮਤੀ ਸਾਇਮਾ ਸਦੀਕੀ ਦਾ ਸਨਮਾਨ ਵੀ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ