ਐੱਨਐੱਚਐੱਮ ਦੇ ਕੱਚੇ ਸਿਹਤ ਮੁਲਾਜ਼ਮਾਂ ਨੇ ਕੀਤਾ ਨਿਵੇਕਲਾ ਰੋਸ ਪ੍ਰਦਰਸ਼ਨ-ਹਵਾ ਵਿੱਚ ਕਾਲੇ ਗੁਬਾਰੇ ਛੱਡ ਕੇ ਕੀਤੀ ਰੈਲੀ
ਐੱਨਐੱਚਐੱਮ ਦੇ ਕਰਮਚਾਰੀਆਂ ਦਾ ਸਰਕਾਰ ਕਰ ਰਹੀ ਐ ਸੋਸ਼ਨ : ਪੂਨਮ ਰਾਣੀ
(ਨਰੇਸ਼ ਕੁਮਾਰ) ਸੰਗਰੂਰ। ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਐੱਨਆਰਐੱਚਐੱਮ ਦੇ ਸਿਹਤ ਮੁਲਾਜ਼ਮਾਂ ਨੇ ਅੱਜ ਸਿਵਲ ਹਸਪਤਾਲ ’ਚ ਪੰਜਾਬ ਸਰਕਾਰ ਦੇ ਵਾਅਦਿਆਂ ਦੇ ਰੋਸ ਵੱਜੋਂ ਨਿਵੇਕਲਾ ਪ੍ਰਦਰਸ਼ਨ ਕਰਦੇ ਹੋਏ ਚੰਨੀ ਸਰਕਾਰ ਦੇ ਖ਼ਿਲਾਫ ਕਾਲੇ ਗੁਬਾਰੇ ਹਵਾ ’ਚ ਛੱਡ ਕੇ ਰੋਸ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਪੂਨਮ ਰਾਣੀ ਨੇ ਕਿਹਾ ਕਿ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਐੱਨਐੱਚਐੱਮ ਦੇ ਕਰਮਚਾਰੀਆਂ ਦਾ ਸਰਕਾਰ ਵੱਲੋਂ ਲਗਾਤਾਰ ਸੋਸ਼ਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਐੱਨਐੱਚਐੱਮ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਕਈ ਵਾਰ ਵਾਅਦੇ ਕਰਕੇ ਸਰਕਾਰ ਹਰ ਵਾਰ ਆਪਣੇ ਵਾਅਦਿਆਂ ਤੋਂ ਮੁੱਕਰੀ ਹੈ। ਸੀਐੱਚਓ ਰਜਨੀ ਬਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਪ੍ਰਤੀ ਤਾਨਾਸ਼ਾਹੀ ਰਵੱਈਆ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਫ਼ੀ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਬੈਠੇ ਹੋਏ ਹਨ ਪਰ ਕਾਂਗਰਸ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਉਹ ਆਉਣ ਵਾਲੇ ਦਿਨਾਂ ’ਚ ਆਪਣੇ ਸੰਘਰਸ਼ ਨੂੰ ਹੋਰ ਜ਼ਿਆਦਾ ਤੇਜ਼ ਕਰਨਗੇ। ਮੁਲਾਜ਼ਮ ਆਗੂ ਹਰਜਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਸਿਰਫ਼ ਆਪਣੀ ਸੱਤਾ ਨਾਲ ਪਿਆਰ ਹੈ ਪਰ ਐੱਨਐੱਚਐੱਮ ਅਧੀਨ ਕੰਮ ਕਰਦੇ 12 ਹਜ਼ਾਰ ਕੱਚੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਪੰਜਾਬ ਦੇ ਲੋਕਾਂ ਦੀ ਸਿਹਤ ਵੱਲ ਕੋਈ ਧਿਆਨ ਨਹੀਂ ਹੈ।
ਜਥੇਬੰਦੀ ਨੇ ਕਾਂਗਰਸ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜਲਦੀ ਹੀ ਐੱਨਐੱਚਐੱਮ ਕੱਚੇ ਮੁਲਾਜ਼ਮਾਂ ਦੀਆਂ ਆਸਾਂ ਨੂੰ ਬੂਰ ਨਾ ਪਿਆ ਤਾਂ ਯੂਨੀਅਨ ਵੱਲੋਂ ਹੋਰ ਵੀ ਤਿੱਖਾ ਸੰਘਰਸ਼ ਛੇੜਿਆ ਜਾਵੇਗਾ। ਡਾ. ਅਮਰਿੰਦਰ ਕੌਰ ਅਤੇ ਕਰਨੈਲ ਸਿੰਘ ਨੇ ਕਿਹਾ ਕਿ ਜੇ ਲੋੜ ਪਈ ਤਾਂ ਐੱਨਐੱਚ ਐੱਮ ਬਾਰਾਂ ਹਜ਼ਾਰ ਕੱਚੇ ਮੁਲਾਜ਼ਮ ਸਿਹਤ ਮੰਤਰੀ ਓਪੀ ਸੋਨੀ ਦੇ ਘਰ ਮੂਹਰੇ ਮਰਨ ਵਰਤ ਰੱਖਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਸੀਐੱਚਓ ਮਨਪ੍ਰੀਤ ਕੌਰ, ਸੰਚਿਤਾ, ਮੁਹੰਮਦ ਅਰਸਦ, ਵਿਪਨਜੀਤ ਕੌਰ ਅਤੇ ਡਾ. ਹਰਮਨਜੀਤ ਕੌਰ ਨੇ ਵੀ ਸੰਬੋਧਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ