ਪਟਿਆਲਾ ਪੁਲਿਸ ਨੇ ਲੱਖਾਂ ਦੀ ਲੁੱਟ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਛੇ ਘੰਟਿਆਂ ’ਚ ਕੀਤਾ ਗ੍ਰਿਫਤਾਰ

ਬੈਂਕ ’ਚ ਕੈਸ ਜਮ੍ਹਾਂ ਕਰਵਾਉਣ ਜਾਂ ਮੋਟਰਸਾਇਕਲ ਸਵਾਰ ਤੋਂ 10 ਲੱਖ ਰੁਪਏ ਤੋਂ ਵੱਧ ਦੀ ਕੀਤੀ ਲੁੱਟ

  • ਉਕਤ ਚਾਰਾ ਦੋਸ਼ੀਆਂ ਨੇ ਪਲੈਨਿੰਗ ਬਣਾ ਕੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ-ਐਸ.ਐਸ. ਪੀ.

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਨੇ ਪਾਤੜਾਂ ਖੇਤਰ ’ਚ 8 ਦਸੰਬਰ ਨੂੰ ਹੋਈ ਫਾਈਨਾਂਸ ਕੰਪਨੀ ਦੇ ਏਜੰਟ ਤੋਂਂ 10 ਲੱਖ 35 ਹਜ਼ਾਰ ਰੁਪਏ ਦੀ ਖੋਹਣ ਦੀ ਘਟਨਾ ਨੂੰ ਕੁੱਝ ਘੰਟਿਆਂ ’ਚ ਹੱਲ ਕਰਕੇ ਵਾਰਦਾਤ ’ਚ ਸ਼ਾਮਲ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਖੋਹੀ ਰਕਮ ਬਰਾਮਦ ਕਰਨ ’ਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮਹੀਪਾਲ ਸਿੰਘ ਯਾਦਵ ਨੇ ਕੰਟਰੋਲ ਰੂਮ ਪਟਿਆਲਾ ਵਿਖੇ 8 ਦਸੰਬਰ ਨੂੰ ਮੋਬਾਇਲ ਫ਼ੋਨ ’ਤੇ ਇਤਲਾਹ ਦਿੱਤੀ ਸੀ ਕਿ ਉਹ ਭਾਰਤ ਫਾਈਨੈਸ ਇੰਨਕਲੂਜਨ ਲਿਮਟਿਡ ਕੰਪਨੀ ਦਾ ਬਤੌਰ ਡਿਪਟੀ ਡਿਵੀਜ਼ਨਲ ਮੈਨੇਜਰ ਹਨ।

ਉਹ ਮੋਹਿਤ ਸਮੇਤ ਪਿੰਡ ਦਾਤਾ ਸਿੰਘ ਵਾਲਾ ਥਾਣਾ ਗੜ੍ਹੀ ਜ਼ਿਲ੍ਹਾ ਹਰਿਆਣਾ ਵਾਲੀ ਬ੍ਰਾਂਚ ਵਿੱਚੋਂ 10 ਲੱਖ 35 ਹਜ਼ਾਰ ਰੁਪਏ ਲੈ ਕਿ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਕਤ ਕੈਸ਼ ਜਮ੍ਹਾਂ ਕਰਵਾਉਣ ਲਈ ਐਕਸਿਸ ਬੈਂਕ ਸ਼ੇਰਗੜ੍ਹ ਜਾ ਰਹੇ ਸੀ ਤਾਂ ਜਦੋਂ ਉਹ ਪਿੰਡ ਢਾਬੀਂ ਗੁੱਜਰਾਂ ਤੋਂ ਪਿੰਡ ਸ਼ੇਰਗੜ੍ਹ ਵੱਲ ਨੂੰ ਕਰੀਬ 200 ਗਜ ਅੱਗੇ ਪੁੱਜੇ ਤਾਂ ਉਨ੍ਹਾਂ ਦੇ ਮੋਟਰਸਾਈਕਲ ਦੇ ਅੱਗੇ ਦੋ ਮੋਨੇ ਨੌਜਵਾਨ ਜੋ ਬਿਨਾਂ ਨੰਬਰ ਸਪਲੈਡਰ ਮੋਟਰਸਾਈਕਲ ਰੰਗ ਕਾਲਾ ’ਤੇ ਸਵਾਰ ਸਨ, ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ, ਨੇ ਤਲਵਾਰ ਦੀ ਨੋਕ ’ਤੇ ਜੋ ਕੈਸ਼ ਬੈਗ ਮੋਹਿਤ ਦੇ ਮੋਢਿਆਂ ’ਤੇ ਟੰਗਿਆ ਹੋਇਆ ਸੀ ਨੂੰ ਖੋਹ ਕੇ ਫ਼ਰਾਰ ਹੋ ਗਏ ਸਨ। ਇਹ ਇਤਲਾਹ ਮਿਲਣ ’ਤੇ ਤੁਰੰਤ ਇਲਾਕੇ ਅੰਦਰ ਨਾਕੇ ਬੰਦੀ ਕੀਤੀ ਗਈ ਤੇ ਮੌਕਾ ’ਤੇ ਉਪ ਕਪਤਾਨ ਪੁਲਿਸ ਪਾਤੜਾਂ ਨੂੰ ਸਮੇਤ ਪੁਲਿਸ ਫੋਰਸ ਭੇਜਿਆ ਗਿਆ।

ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਟੀਮ ਦਾ ਗਠਨ ਕੀਤਾ ਗਿਆ ਜਿੰਨ੍ਹਾਂ ਵੱਲੋਂ ਹਰਕਤ ਵਿੱਚ ਆਉਂਦਿਆਂ ਸਮੇਂ ਸਿਰ ਕੀਤੀ ਗਈ ਕਾਰਵਾਈ ਸਦਕਾ ਘਟਨਾ ਦੇ ਜ਼ਿੰਮੇਵਾਰ ਚਾਰ ਦੋਸ਼ੀਆਂ ਨੂੰ ਗ੍ਰ੍ਰਿਫ਼ਤਾਰ ਕਰ ਲਿਆ ਹੈ। ਐਸ. ੍ਐਸ.ਪੀ. ਨੇ ਦੱਸਿਆ ਕਿ ਦੋਸ਼ੀ ਅਨਿਲ ਕੁਮਾਰ ਉਕਤ ਨੇ ਮੁੱਢਲੀ ਪੁੱਛਗਿੱਛ ’ਤੇ ਦੱਸਿਆ ਕਿ ਉਹ ਪਹਿਲਾਂ ਭਾਰਤ ਫਾਈਨਾਂਸ ਇੰਨਕਲੂਜਨ ਲਿਮਟਿਡ ਕੰਪਨੀ ਬ੍ਰਾਂਚ ਦਾਤਾ ਸਿੰਘ ਵਾਲਾ (ਗੜੀ) ਵਿੱਚ ਬਤੌਰ ਮੈਨੇਜਰ ਕੰਮ ਕਰਦਾ ਸੀ ਤਾਂ ਵਿਕਾਸ ਅਤੇ ਸਚਿਨ ਅਕਸਰ ਉਸ ਦੀ ਬ੍ਰਾਂਚ ਵਿੱਚ ਆਉਂਦੇ ਜਾਂਦੇ ਰਹਿੰਦੇ ਸੀ। ਜਿਸ ਵੱਲੋਂ ਪਹਿਲਾਂ ਸਰਵਿਸ ਦੌਰਾਨ ਖਨੋਰੀ ਮੰਡੀ ਵਿਖੇ ਰਿੰਕੂ ਨਾਂਅ ਦੇ ਵਿਅਕਤੀ ਦੇ ਕੀਤੇ ਗਏ ਲੋਨ ਦੀਆਂ ਕਿਸ਼ਤਾਂ ਲੈਣ ਜਾਂਦੇ ਸਮੇਂ ਉਸ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਔਰਤ ਨਾਲ ਉਸ ਦੇ ਨਜਾਇਜ਼ ਸਬੰਧ ਬਣ ਗਏ ਸੀ ਜੋ ਕਿ ਉਸ ਨੂੰ ਬਲੈਕਮੇਲ ਕਰਦੀ ਸੀ ਕਿ ਉਹ ਉਸ ਨੂੰ 10 ਲੱਖ ਰੁਪਏ ਦੇਵੇ ਨਹੀਂ ਤਾਂ ਉਹ ਉਸ ਵਿਰੁੱਧ ਦੁਰਾਚਾਰ ਦਾ ਕੇਸ ਦਰਜ ਕਰਵਾ ਦੇਵੇਗੀ।

ਜਿਸ ਕਾਰਨ ਅਨਿਲ ਉਕਤ ਨੇ ਮਾਨਸਿਕ ਪਰੇਸ਼ਾਨੀ ਵਿੱਚ ਚਲਦਿਆਂ ਆਪਣੇ ਦੋਸਤ ਮੋਹਿਤ ਜੋ ਭਾਰਤ ਫਾਈਨਾਂਸ ਇੰਨਕਲੂਜਨ ਲਿਮਟਿਡ ਕੰਪਨੀ ਵਿੱਚ ਨੌਕਰੀ ਕਰਦਾ ਹੈ, ਵਿਕਾਸ ਅਤੇ ਸਚਿਨ ਨਾਲ ਸਲਾਹ ਮਸ਼ਵਰਾ ਕੀਤਾ ਕਿ ਉਸ ਨੇ ਆਪਣੀ ਦੋਸਤ ਨੂੰ 10 ਲੱਖ ਰੁਪਏ ਦੇਣੇ ਹਨ, ਤੁਸੀਂ ਮੇਰੀ ਮੱਦਦ ਕਰੋ ਤਾਂ ਮੋਹਿਤ ਨੇ ਉਸ ਨੂੰ ਕਿਹਾ ਕਿ ਸਾਡੀ ਬ੍ਰਾਂਚ ਦੀ ਕੁਲੈਕਸ਼ਨ ਦਾ ਪੈਸਾ ਅਸੀਂ ਐਕਸਿਸ ਬੈਂਕ ਸ਼ੇਰਗੜ੍ਹ ਵਿਖੇ ਜਮਾਂ ਕਰਾਉਣ ਲਈ ਅਕਸਰ ਆਉਂਦੇ-ਜਾਂਦੇ ਰਹਿੰਦੇ ਹਾਂ। ਜਦੋਂ ਅਸੀਂ ਪੈਸੇ ਜਮਾਂ ਕਰਾਉਣ ਲਈ ਜਾਵਾਂਗੇ ਤਾਂ ਮੈਂ ਤੁਹਾਨੂੰ ਦੱਸ ਦੇਵਾਂਗਾ ਤੁਸੀਂ ਵਿਕਾਸ ਅਤੇ ਸਚਿਨ ਨੂੰ ਮੂੰਹ ਬੰਨ੍ਹ ਕੇ ਰਸਤੇ ਵਿੱਚ ਭੇਜ ਦਿਓ।

ਫਿਰ 8 ਦਸੰਬਰ ਨੂੰ ਇਨ੍ਹਾਂ ਚਾਰਾਂ ਨੇ ਪਲੈਨਿੰਗ ਕਰ ਲਈ ਸੀ ਤਾਂ ਜਦੋਂ ਮੋਹਿਤ ਅਤੇ ਉਸ ਦਾ ਡੀ.ਡੀ.ਐਮ ਮਹੀਪਾਲ ਸਿੰਘ ਯਾਦਵ ਆਪਣੀ ਬ੍ਰਾਂਚ ਦਾਤਾ ਸਿੰਘ ਵਾਲਾ ਗੜੀ ਵਿੱਚੋਂ ਕੈਸ਼ ਜਮਾਂ ਕਰਾਉਣ ਲਈ ਜਾ ਰਹੇ ਸੀ ਤਾਂ ਮੋਹਿਤ ਨੇ ਇਨ੍ਹਾਂ ਨੂੰ ਫ਼ੋਨ ’ਤੇ ਦੱਸ ਦਿੱਤਾ ਸੀ ਕਿ ਸਾਡੇ ਕੋਲ ਕਾਲੇ ਰੰਗ ਦੇ ਬੈਗ ਵਿੱਚ ਕੈਸ਼ ਹੈ ਤਾਂ ਵਕਤ ਕਰੀਬ ਸਵੇਰੇ 10:30 ’ਤੇ ਪਿੰਡ ਢਾਬੀਂ ਗੁੱਜਰਾਂ ਤੋਂ ਪਿੰਡ ਸ਼ੇਰਗੜ੍ਹ ਨੂੰ ਜਾਂਦੀ ਲਿੰਕ ਸੜਕ ਪਰ ਵਿਕਾਸ ਤੇ ਸਚਿਨ ਨੇ ਬਿਨਾਂ ਨੰਬਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਚਿਹਰੇ ਢੱਕ ਕੇ ਮੋਹਿਤ ਅਤੇ ਡੀ.ਡੀ.ਐਮ ਮਹੀਪਾਲ ਸਿੰਘ ਯਾਦਵ ਨੂੰ ਰੋਕ ਕੇ ਉਨ੍ਹਾਂ ਕੋਲੋਂ ਤਲਵਾਰ ਦੀ ਨੋਕ ’ਤੇ ਪੈਸਿਆਂ ਵਾਲੇ ਬੈਗ ਦੀ ਖੋਹ ਕਰ ਲਈ ਸੀ। ਜਿਸ ’ਤੇ ਉਕਤ ਵਾਰਦਾਤ ਵਿੱਚ ਸ਼ਾਮਲ ਨਿਮਨਲਿਖਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਖੋਹ ਕੀਤੀ ਰਕਮ ਦੇ 09 ਲੱਖ 75 ਹਜ਼ਾਰ 250 ਰੁਪਏ ਅਤੇ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਵਰਤੀ ਗਈ ਤਲਵਾਰ ਅਤੇ ਮੋਟਰਸਾਈਕਲ ਬਰਾਮਦ ਕਰਵਾਏ ਗਏ ਹਨ। ਗਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਇਕੱਠੀ ਕੀਤੀ ਰਕਮ ਅਤੇ ਹੋਰ ਵਾਰਦਾਤਾਂ ਵਿੱਚ ਮੌਸੂਲੀਅਤ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ