ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home ਵਿਚਾਰ ਲੇਖ ਸ਼ਹੀਦੀ ਦਿਵਸ ’ਤ...

    ਸ਼ਹੀਦੀ ਦਿਵਸ ’ਤੇ ਵਿਸ਼ੇਸ਼: ਅਦੁੱਤੀ, ਵਿਲੱਖਣ ਸ਼ਹਾਦਤ ਦੇਣ ਵਾਲੇ ਹਿੰਦ ਦੀ ਚਾਦਰ, ਸ਼੍ਰੀ ਗੁਰੂ ਤੇਗ ਬਹਾਦਰ ਜੀ

    Shri Guru Tegh Bahadur ji Sachkahoon

    ਸ਼ਹੀਦੀ ਦਿਵਸ ’ਤੇ ਵਿਸ਼ੇਸ਼: ਅਦੁੱਤੀ, ਵਿਲੱਖਣ ਸ਼ਹਾਦਤ ਦੇਣ ਵਾਲੇ ਹਿੰਦ ਦੀ ਚਾਦਰ, ਸ਼੍ਰੀ ਗੁਰੂ ਤੇਗ ਬਹਾਦਰ ਜੀ

    ਲਾਸਾਨੀ ਸ਼ਹਾਦਤ ਦੇਣ ਵਾਲੇ, ਮਹਾਨ ਅਮਰ ਸ਼ਹੀਦ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ, 1 ਅਪਰੈਲ 1621 ਈ. ਨੂੰ, ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੀ ਕੁੱਖੋਂ, ਸ੍ਰੀ ਅੰਮਿ੍ਰਤਸਰ ਸਾਹਿਬ ਦੇ ਪਵਿੱਤਰ ਅਸਥਾਨ ’ਤੇ ਹੋਇਆ। ਇਹ ਬਹਾਦਰ, ਦਲੇਰ, ਵੈਰਾਗੀ ਅਦਭੁੱਤ ਬਾਲਕ, ਆਪਣੇ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ, ਜਿਨ੍ਹਾਂ ਦਾ ਵਿਆਹ, 1634 ਈ. ਵਿੱਚ ਮਾਤਾ ਗੁਜਰੀ ਜੀ ਨਾਲ ਹੋਇਆ। ਵਿਆਹ ਤੋਂ ਲਗਭਗ 32 ਸਾਲ ਬਾਅਦ, ਆਪ ਜੀ ਦੇ ਘਰ, ਦਸ਼ਮੇਸ਼ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਦੇ ਰੂਪ ਵਿੱਚ ਪ੍ਰਕਾਸ਼ ਹੋਇਆ। ਧਾਰਮਿਕ ਪ੍ਰਵਿਰਤੀ ਦੇ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਜੀ, ਸਿੱਖੀ ਤੇ ਧਰਮ ਪ੍ਰਚਾਰ ਲਈ ਵੱਖ-ਵੱਖ ਸਥਾਨਾਂ ਦੀ ਲੰਮੀ ਯਾਤਰਾ ਕਰਨ ਤੋਂ ਬਾਅਦ, ਗੁਰੂ ਜੀ ‘ਬਾਬਾ ਬਕਾਲਾ’ ’ਚ ਨੈਤਿਕਤਾ ਤੇ ਧਰਮ ਪ੍ਰਚਾਰ ਲਈ ਰੁਕੇ ਹੋਏ ਸਨ। ਉੱਧਰ ਸ੍ਰੀ ਗੁਰੂ ਹਰਕਿ੍ਰਸ਼ਨ ਜੀ ਵੱਲੋਂ ਆਪਣੇ ਉਤਰਾਧਿਕਾਰੀ ਦੀ ਘੋਸ਼ਣਾ ਲਈ, ਸਿਰਫ ਦੋ ਸ਼ਬਦ ‘ਬਾਬਾ ਬਕਾਲਾ’ ਈ ਆਖੇ ਗਏ ਸਨ, ਪਰ ਇਸ ਮੌਕੇ ਦਾ ਕਈ ਭੇਖਾਧਾਰੀ ਲੋਕਾਂ ਨੇ ਗੁਰਗੱਦੀ ਪ੍ਰਾਪਤੀ ਲਈ ਫਾਇਦਾ ਚੁੱਕਣ ਦੀ ਕੋਸ਼ਿਸ਼ ਵੀ ਕੀਤੀ ਪਰ ਭਾਈ ਮੱਖਣ ਸ਼ਾਹ, ਗੁਰੂ ਸਾਹਿਬ ਦੀ ਅਸਲ ਪਛਾਣ ਕਰਨ ’ਚ ਕਾਮਯਾਬ ਰਹੇ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ, ਨੌਵੇਂ ਗੁਰੂ ਦੇ ਰੂਪ ਚ ਗੱਦੀਨਸ਼ੀਨ ਹੋ, ਉਨ੍ਹਾਂ ਨੇ ਪਰਮਾਤਮਾ ਦੇ ਸਿਮਰਨ ਨਾਲ ਈ ਲੋਕਾਂ ਨੂੰ ਨੈਤਿਕਤਾ ਤੇ ਦਲੇਰੀ ਨਾਲ ਸੱਚਾ-ਸੱੁਚਾ ਜੀਵਨ ਦੇਣ ਦੀਆਂ ਸਿੱਖਿਆਵਾਂ ਦਿੱਤੀਆਂ।

    ਇੱਕ ਪਾਸੇ, ਗੁਰੂ ਜੀ ਦੀ ਅਦੁੱਤੀ ਸ਼ਖਸੀਅਤ ਕਾਰਨ, ਉਨ੍ਹਾਂ ਦੀ ਪ੍ਰਸਿੱਧੀ ਤੇ ਮਕਬੂਲੀਅਤ ਵਧਦੀ ਜਾ ਰਹੀ ਸੀ ਤੇ ਦੂਜੇ ਪਾਸੇ ਔਰੰਗਜ਼ੇਬ ਦੇ ਜ਼ੁਲਮ ਦਾ ਕਹਿਰ ਸਾਰੇ ਹੱਦਾਂ-ਬੰਨ੍ਹੇ ਟੱਪ ਰਿਹਾ ਸੀ, ਉਸਦਾ ਚਰਿੱਤਰ ਦੇਖੋ, ਰਾਜ ਲਈ ਆਪਣੇ ਹੀ ਪਿਤਾ, ਭਰਾਵਾਂ ਤੇ ਆਪਣੇ ਪੁੱਤਰ ਤੱਕ ਨੂੰ, ਧਾਰਮਿਕ ਕੱਟੜਵਾਦ ਦੇ ਸਤੰਭ ਔਰੰਗਜ਼ੇਬ ਨੇ, ਕਤਲ ਕਰ ਦਿੱਤਾ ਸੀ। ਉਸਨੇ ਮੰਦਰਾਂ, ਸਕੂਲਾਂ ’ਤੇ ਪਾਬੰਦੀ ਲਾ ਕੇ, ਹਿੰਦੂਆਂ ’ਤੇ ਜਜੀਆ ਵਰਗੇ ਕਰ ਲਾ ਕੇ, ਹਰੇਕ ਨੂੰ ਧੱਕੇ ਨਾਲ ਇਸਲਾਮ ਧਰਮ ਕਬੂਲ ਕਰਨ ਲਈ ਅੰਨ੍ਹੇਵਾਹ ਤਸ਼ੱਦਦ ਕਰਨੇ ਸ਼ੁਰੂ ਕਰ ਦਿੱਤੇ। ਉਸ ਸਮੇਂ ਦੇ ਕਸ਼ਮੀਰੀ ਹਿੰਦੂਆਂ, ਖਾਸਕਰ ਬ੍ਰਾਹਮਣਾਂ ਦੀ ਪੂਰੇ ਦੇਸ਼ ’ਚ, ਆਪਣੀ ਵਿਦਵਤਾ ਕਾਰਨ, ਬਹੁਤ ਹੀ ਮਾਨਤਾ ਸੀ। ਔਰੰਗਜ਼ੇਬ ਦੀ ਸੋਚ ਸੀ ਕਿ, ਜੇਕਰ ਇਹ ਮੁਸਲਮਾਨ ਬਣ ਜਾਣ ਤਾਂ ਬਾਕੀ ਜਨਤਾ ਤਾਂ ਆਪੇ ਇਸਲਾਮ ਕਬੂਲ ਕਰ ਲਵੇਗੀ, ਇਸ ਕੰਮ ਲਈ ਉਸਨੇ, ਇਫਤਾਰ ਖ਼ਾਨ ਨੂੰ ਕਸ਼ਮੀਰ ਦਾ ਗਵਰਨਰ ਲਾ ਕੇ, ਉਸ ਰਾਹੀਂ ਕਸ਼ਮੀਰੀ ਬ੍ਰਾਹਮਣਾਂ ’ਤੇ ਤਸ਼ੱਦਦ ਕਰਨ ਦੀ ਅੱਤ ਕਰ ਦਿੱਤੀ, ਇਸ ਔਖੀ ਘੜੀ ’ਚ, ਬ੍ਰਾਹਮਣਾਂ ਦੇ 16 ਪ੍ਰਮੁੱਖ ਆਗੂਆਂ ਨੇ, ਧਰਮ ਦੀ ਰਾਖੀ ਹਿੱਤ, ਗੁਰੂ ਤੇਗ ਬਹਾਦਰ ਜੀ ਕੋਲ ਅਨੰਦਪੁਰ ਸਾਹਿਬ ਵਿੱਖੇ ਗੁਹਾਰ ਲਗਾਈ।

    ਉਸ ਸਮੇਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜੋ ਕਿ ਸਿਰਫ 9 ਸਾਲ ਦੇ ਹੀ ਸਨ, ਦਰਬਾਰ ਵਿੱਚ ਈ ਸਨ, ਉਨ੍ਹਾਂ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਕਿ, ਹੁਣ ਧਰਮ ਦੀ ਰਾਖੀ ਲਈ ਕੀ ਕੀਤਾ ਜਾਵੇ? ਤਾਂ ਗੁਰੂ ਜੀ ਨੇ ਕਿਹਾ ਕਿ, ਧਰਮ ਨੂੰ ਬਚਾਉਣ ਲਈ, ਕਿਸੇ ਮਹਾਂਪੁਰਸ਼ ਦੀ ਕੁਰਬਾਨੀ, ਸਮੇਂ ਦੀ ਮੰਗ ਹੈ। ਗੁਰੂ ਗੋਬਿੰਦ ਸਿੰਘ ਨੇ ਦਲੇਰੀ ਨਾਲ ਕਿਹਾ, ਫੇਰ, ਆਪ ਤੋਂ ਵੱਡਾ ਮਹਾਂਪੁਰਸ਼, ਹੋਰ ਕੌਣ ਹੈ? ਗੁਰੂ ਸਾਹਿਬ ਤਾਂ ਪਹਿਲਾਂ ਈ ਫੈਸਲਾ ਲੈ ਚੁੱਕੇ ਸਨ, ਪਰ ਗੁਰੂ ਗੋਬਿੰਦ ਸਿੰਘ ਦੇ ਕਹੇ ਵਚਨਾਂ ਨਾਲ, ਉਹਨਾਂ ਨੂੰ ਆਪਣੇ ਗੱਦੀਨਸ਼ੀਨ ਦੀ ਯੋਗਤਾ ਤੇ ਸਮਰੱਥਾ ਦੇ ਦਰਸ਼ਨ ਹੋ ਗਏ। ਗੁਰੂ ਸਾਹਿਬ ਨੇ ਉਸੇ ਸਮੇਂ, ਕਸ਼ਮੀਰੀ ਪੰਡਤਾਂ ਨੂੰ ਕਹਿ ਦਿੱਤਾ ਕਿ ਐਲਾਨ ਕਰਵਾ ਦਿਓ ਤੇ ਔਰੰਗਜ਼ੇਬ ਤੀਕ ਇਹ ਗੱਲ ਪਹੁੰਚਾ ਦਿਓ ਕਿ, ਜੇਕਰ ਔਰੰਗਜ਼ੇਬ, ਗੁਰੂ ਤੇਗ ਬਹਾਦਰ ਨੂੰ, ਮੁਸਲਮਾਨ ਬਣਾ ਲਵੇ ਤਾਂ ਸਾਰੇ ਈ ਹਿੰਦੂ ਮੁਸਲਮਾਨ ਬਣ ਜਾਣਗੇ। ਕਸ਼ਮੀਰੀ ਬ੍ਰਾਹਮਣਾਂ ਦੀ ਵੀ ਜਾਨ ’ਚ ਜਾਨ ਆ ਗਈ ਤੇ ਉਹਨਾਂ ਇਹ ਗੱਲ ਔਰੰਗਜ਼ੇਬ ਤੀਕਰ ਪੁੱਜਦੀ ਕਰ ਦਿੱਤੀ।

    1675 ਈ ਵਿੱਚ, ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ’ਤੇ ਬਿਠਾ, ਆਪ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਨਾਲ, ਦਲੇਰੀ ਨਾਲ ਧਰਮ ਦੀ ਰਾਖੀ ਲਈ ਦਿੱਲੀ ਵੱਲ ਨੂੰ ਧਰਮ ਪ੍ਰਚਾਰ ਕਰਦੇ ਹੋਏ, ਸਾਫ ਨਜ਼ਰ ਆਉਂਦੀ, ਸ਼ਹਾਦਤ ਵੱਲ ਨੂੰ ਖੁਸ਼ੀ-ਖੁਸ਼ੀ ਚੱਲ ਪਏ। ਰਸਤੇ ’ਚ ਈ ਆਪ ਨੂੰ ਤਿੰਨਾਂ ਸਾਥੀਆਂ ਸਮੇਤ ਗਿ੍ਰਫ਼ਤਾਰ ਕਰਕੇ ਕਈ ਮਹੀਨਿਆਂ ਤੱਕ, ਅਣਮਨੁੱਖੀ ਤਸੀਹੇ ਦੇ ਕੇ ਇਸਲਾਮ ਕਬੂਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਆਪ ਨਾ ਡੋਲੇ। ਫੇਰ ਔਰੰਗਜ਼ੇਬ ਨੇ ਗੁਰੂ ਸਾਹਿਬ ਤੇ ਸਾਥੀਆਂ ਨੂੰ, ਲੋਹੇ ਦੇ ਪਿੰਜਰੇ ’ਚ ਕੈਦ ਕਰ ਚਾਂਦਨੀ ਚੌਂਕ ਦਿੱਲੀ ਲਿਆ ਕੇ, ਕਈ ਲਾਲਚ-ਲੋਭ ਦਿੱਤੇ ਪਰ ਜਦੋਂ ਗੁਰੂ ਜੀ ਤੇ ਤਿੰਨੋਂ ਸਾਥੀ ਨਾ ਮੰਨੇ ਤਾਂ ਫੇਰ ਤੋਂ ਤਸੀਹੇ ਦਿੱਤੇ ਗਏ।

    1675 ਈ. ਦੇ ਨਵੰਬਰ ਮਹੀਨੇ, ਉਹ ਜ਼ਾਲਮ ਲਗਾਤਾਰ ਤਸ਼ੱਦਦ ਕਰਦੇ ਰਹੇ, ਪਰ ਫੇਰ ਵੀ ਆਪਣੇ ਇਰਾਦੇ ’ਚ ਸਫਲ ਨਾ ਹੋਏ ਤਾਂ ਇੱਕ ਦਿਨ ਉਹਨਾਂ ਗੁਰੂ ਜੀ ਨੂੰ, ਬਲ਼ਦੇ ਥੰਮ੍ਹ ਨਾਲ ਬੰਨ੍ਹ ਦਿੱਤਾ। ਧੰਨ ਸਨ, ਬਲਿਦਾਨ ਦੀ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਾਕਤ ਤੇ ਸਬਰ-ਸੰਤੋਖ ਦੀ ਭਾਵਨਾ, ਉਹ ਨਾ ਝੁਕੇ ਨਾ ਡੋਲੇ, ਦਿ੍ਰੜਤਾ ਨਾਲ ਧਰਮ ’ਤੇ ਕਾਇਮ ਰਹੇ, ਪਰ ਮੁਗਲਾਂ ਨੇ, ਜੁਲਮ ਦੀ ਹੱਦ ਕਰਦੇ ਹੋਏ, ਗੁਰੂ ਸਾਹਿਬ ਦੇ ਸਾਹਮਣੇ ਈ, ਜਿੱਥੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ, ਉੱਥੇ ਈ ਭਾਈ ਸਤੀ ਦਾਸ ਜੀ ਨੂੰ ਰੂੰ ’ਚ ਲਪੇਟ ਅੱਗ ਲਾ ਅਤੇ ਭਾਈ ਦਿਆਲਾ ਜੀ ਨੂੰ ਉੱਬਲਦੇ ਪਾਣੀ ’ਚ ਬਿਠਾ ਕੇ ਸ਼ਹੀਦ ਕਰ ਦਿੱਤਾ, ਪਰ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਹਮੇਸ਼ਾ ਸਾਡੇ ਦਿਲਾਂ ਵਿੱਚ ਜਿੰਦਾ ਰਹਿਣਗੇ, ਜਿਨ੍ਹਾਂ ਸੱਚਾਈ ਲਈ ਮਹਾਨ ਕੁਰਬਾਨੀਆਂ ਦਿੱਤੀਆਂ, ਗੁਰੂ ਸਾਹਿਬ ਨੂੰ ਫੇਰ ਪੁੱਛਿਆ ਗਿਆ ਪਰ ਉਹ ਅਡੋਲ ਰਹੇ ਤਾਂ ਅਖੀਰ 1675 ਨੂੰ ਅੱਜ ਹੀ ਦੇ ਦਿਨ, ਗੁਰੂ ਸਾਹਿਬ ਨੂੰ ਹਰਾਉਣ ’ਚ ਨਾਕਾਮ ਰਹਿਣ ’ਤੇ, ਉਹਨਾਂ ਜਾਲਮਾਂ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਕੀਤੇ ਤੇ ਫਿਰ ਸਭ ਦੇ ਸਾਹਮਣੇ, ਗੁਰੂ ਜੀ ਵੱਲੋਂ ਨਾ ਝੁਕਣ ’ਤੇ ਇਹਨਾਂ ਜ਼ਾਲਮਾਂ ਨੇ ਉਨ੍ਹਾਂ ਦਾ ਸੀਸ ਧੜ ਤੋਂ ਅਲੱਗ ਕਰ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ।

    ਗੁਰੂ ਜੀ ਦਾ ਪਵਿੱਤਰ ਸੀਸ ਮਹਾਨ ਭਾਈ ਜੈਤਾ ਜੀ ਦਲੇਰੀ ਨਾਲ, ਹਕੂਮਤ ਦਾ ਸਖਤ ਪਹਿਰਾ ਤੋੜ ਕੇ, ਭਾਈ ਤੁਲਸੀ, ਭਾਈ ਊਦਾ, ਭਾਈ ਨਾਨੂੰ ਜੀ ਤੇ ਹੋਰ ਸਾਥੀਆਂ ਦੀ ਸਹਾਇਤਾ ਨਾਲ ਲੈ ਆਏ, ਜਿਸ ਦਾ ਪੂਰਨ ਸਨਮਾਨ ਨਾਲ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਸਾਹਿਬ ਵਿਖੇ ਸਸਕਾਰ ਕੀਤਾ ਗਿਆ। ਜਿੱਥੇ ਚਾਂਦਨੀ ਚੌਂਕ ’ਚ ਗੁਰੂ ਜੀ ਦਾ ਸੀਸ ਧੜ ਤੋਂ ਵੱਖ ਕੀਤਾ ਗਿਆ, ਉੱਥੇ ਅੱਜ ਮਹਾਨ ਗੁਰਦੁਆਰਾ ਸੀਸ ਗੰਜ ਸਾਹਿਬ ਹੈ। ਦੂਜੇ ਪਾਸੇ ਲੱਖੀ ਸ਼ਾਹ ਵਣਜਾਰੇ ਵੱਲੋਂ ਆਪਣੇ ਪੁੱਤਰਾਂ ਤੇ ਸਾਥੀਆਂ ਦੀ ਸਹਾਇਤਾ ਨਾਲ, ਗੁਰੂ ਜੀ ਦੇ ਬਾਕੀ ਪਵਿੱਤਰ ਸਰੀਰ ਨੂੰ, ਬਹਾਦਰੀ ਨਾਲ ਮੁਗਲਾਂ ਦੀ ਅੱਖ ਥੱਲੋਂ ਕੱਢ ਕੇ, ਆਪਣੇ ਘਰ ਰਕਾਬਗੰਜ ਲਿਜਾ ਕੇ, ਪੂਰੇ ਘਰ ਨੂੰ ਈ ਅੱਗ ਲਾ ਕੇ ਪਵਿੱਤਰ ਸਰੀਰ ਦਾ ਸਸਕਾਰ ਕਰ ਦਿੱਤਾ, ਜਿਸ ਪਵਿੱਤਰ ਅਸਥਾਨ ’ਤੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਸੁਸ਼ੋਭਿਤ ਹੈ। ਆਓ! ਅੱਜ ਮਹਾਨ ਸ਼ਹੀਦ, ਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦੇ ਸ਼ਹੀਦੀ ਦਿਵਸ ’ਤੇ, ਅਸੀਂ ਸਾਰੇ ਸਿਰ ਝੁਕਾ ਕੇ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਦੇ ਹੋਏ, ਜਬਰ-ਜ਼ੁਲਮ ਦੇ ਖਿਲਾਫ ਹਮੇਸ਼ਾ ਲੜਨ ਦਾ ਤੇ ਨੈਤਿਕਤਾ ਦਾ ਪਾਲਣ ਕਰਨ ਦਾ ਸੰਕਲਪ ਲਈਏ।

    ਅਸ਼ੋਕ ਸੋਨੀ, ਖੂਈ ਖੇੜਾ, ਫਾਜ਼ਿਲਕਾ
    ਮੋ. 98727-05078

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here